ਕੈਨੇਡਾ-ਅਮਰੀਕਾ ਸਰਹੱਦ 'ਤੇ ਚਾਰ ਭਾਰਤੀਆਂ ਦੀ ਹੋਈ ਸੀ ਮੌਤ, ਦੋਸ਼ੀ ਦਾ ਬਿਆਨ ਆਇਆ ਸਾਹਮਣੇ
Sunday, May 28, 2023 - 12:17 PM (IST)
ਹਿਊਸਟਨ (ਭਾਸ਼ਾ) ਫਲੋਰੀਡਾ ਦੇ ਇਕ ਵਿਅਕਤੀ ਨੇ ਕੈਨੇਡਾ-ਅਮਰੀਕਾ ਸਰਹੱਦ ਤੋਂ ਕੁਝ ਕਦਮਾਂ ਦੀ ਦੂਰੀ 'ਤੇ ਪਿਛਲੇ ਸਾਲ ਇਕ ਭਾਰਤੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਦੇ ਮਾਮਲੇ ਵਿਚ ਮਨੁੱਖੀ ਤਸਕਰੀ ਦਾ ਦੋਸ਼ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਖ਼ੁਦ ਨੂੰ ਬੇਕਸੂਰ ਦੱਸਿਆ ਹੈ। 'ਗ੍ਰੈਂਡ ਫੋਰਕਸ ਹੇਰਾਲਡ' ਅਖ਼ਬਾਰ ਦੀ ਖ਼ਬਰ ਮੁਤਾਬਕ ਸਟੀਵ ਸ਼ੈਂਡ (48) 'ਤੇ ਜਨਵਰੀ 2022 ਦੀ ਕੜਾਕੇ ਦੀ ਸਰਦੀ ਦੌਰਾਨ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ਤੋਂ ਅਮਰੀਕਾ ਵਿਚ ਪ੍ਰਵਾਸੀਆਂ ਨੂੰ ਲਿਆਉਣ ਦਾ ਦੋਸ਼ ਹੈ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਮੂਲ ਦੇ ਲਾਪਤਾ ਪਰਬਤਾਰੋਹੀ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ, ਪਤਨੀ ਦੀ ਵਧੀ ਚਿੰਤਾ
ਜਦੋਂ ਮਿਨੀਸੋਟਾ ਮੈਜਿਸਟ੍ਰੇਟ ਜੱਜ ਲਿਓ ਬ੍ਰਿਸਬੋਇਸ ਨੇ ਸ਼ੈਂਡ ਨੂੰ ਪੁੱਛਿਆ ਕਿ ਉਹ ਦੋਸ਼ਾਂ ਬਾਰੇ ਕੀ ਕਹੇਗਾ, ਤਾਂ ਉਸ ਨੇ ਕਿਹਾ ਕਿ “ਮੈਂ ਇਨ੍ਹਾਂ ਦੋਸ਼ਾਂ ਨੂੰ ਸਵੀਕਾਰ ਨਹੀਂ ਕਰਦਾ।” ਸ਼ੈਂਡ ਨੂੰ ਜਨਵਰੀ 2022 ਵਿੱਚ ਉੱਤਰੀ ਮਿਨੀਸੋਟਾ ਦੇ ਇੱਕ ਦੂਰ-ਦੁਰਾਡੇ ਇਲਾਕੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਕੈਨੇਡਾ ਪ੍ਰੈਸ ਨਿਊਜ਼ ਏਜੰਸੀ ਨੇ ਦੱਸਿਆ ਕਿ ਚਾਰ ਲੋਕਾਂ ਦੀਆਂ ਲਾਸ਼ਾਂ ਰਾਇਲ ਕੈਨੇਡੀਅਨ ਮਾਊਂਟਿਡ ਪੁਲਸ (ਆਰਸੀਐਮਪੀ) ਨੂੰ ਮੈਨੀਟੋਬਾ ਵਿੱਚ ਕੈਨੇਡਾ-ਅਮਰੀਕਾ ਦੀ ਸਰਹੱਦ ਤੋਂ ਲਗਭਗ 12 ਮੀਟਰ ਦੀ ਦੂਰੀ 'ਤੇ ਮਿਲੀਆਂ ਸਨ। ਅਧਿਕਾਰੀਆਂ ਦਾ ਮੰਨਣਾ ਹੈ ਕਿ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਸਮੇਂ ਉਹਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ 39 ਸਾਲਾ ਜਗਦੀਸ਼ ਪਟੇਲ, ਉਸ ਦੀ ਪਤਨੀ ਵੈਸ਼ਾਲੀਬੇਨ (37), 11 ਸਾਲਾ ਬੇਟੀ ਵਿਹਾਂਗੀ ਅਤੇ ਤਿੰਨ ਸਾਲਾ ਪੁੱਤਰ ਧਰਮਿਕ ਵਜੋਂ ਹੋਈ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।