ਲੋਕਾਂ ਨੂੰ ਸਹੂਲਤਾਂ ਦੇਣ ਦੀ ਥਾਂ ਪਰਮਾਣੂ ਬੰਬ ਬਣਾ ਰਿਹੈ ਉੱਤਰੀ ਕੋਰੀਆ
Thursday, Nov 02, 2017 - 11:38 AM (IST)

ਸੰਯੁਕਤ ਰਾਸ਼ਟਰ (ਭਾਸ਼ਾ)— ਯੂਰਪੀ ਸੰਘ ਅਤੇ ਜਾਪਾਨ ਵੱਲੋਂ ਪੇਸ਼ ਸੰਯੁਕਤ ਰਾਸ਼ਟਰ ਬਿੱਲ ਪ੍ਰਸਤਾਵ ਵਿਚ ਉੱਤਰੀ ਕੋਰੀਆ ਦੀ ਆਪਣੇ ਲੋਕਾਂ ਨੂੰ ਭੋਜਨ ਅਤੇ ਦਵਾਈਆਂ ਮੁੱਹਈਆ ਕਰਾਉਣ ਦੀ ਜਗ੍ਹਾ ਧਨ ਦੀ ਵਰਤੋਂ ਪਰਮਾਣੂ ਹਥਿਆਰ ਅਤੇ ਬੈਲਿਸਟਿਕ ਮਿਜ਼ਾਈਲਾਂ ਬਣਾਉਣ ਲਈ ਕਰਨ ਦੀ ਨਿੰਦਾ ਕੀਤੀ ਜਾਵੇਗੀ। ਇਹ ਬਿੱਲ ਉੱਤਰੀ ਕੋਰੀਆ ਵਿਚ ਲੰਬੇ ਸਮੇਂ ਤੋਂ ਲਗਾਤਾਰ ਅਤੇ ਵੱਡੇ ਪੱਧਰ 'ਤੇ ਹੋ ਰਹੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਨਿੰਦਾ ਕਰਦਾ ਹੈ। ਇਸ ਵਿਚ ਉੱਤਰੀ ਕੋਰੀਆ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਉਹ ਹਿਰਾਸਤ ਵਿਚ ਲਏ ਗਏ ਲੋਕਾਂ ਨੂੰ ਸੰਚਾਰ ਸਾਧਨਾਂ ਦੀ ਵਰਤੋਂ ਅਤੇ ਦੂਤਾਵਾਸ ਦੇ ਅਧਿਕਾਰੀਆਂ ਨੂੰ ਮਿਲਣ ਦੀ ਇਜਾਜ਼ਤ ਦੇਵੇ। ਇਹ ਪ੍ਰਸਤਾਵ ਅਮਰੀਕੀ ਵਿਦਿਆਰਥੀ ਓਟੋ ਵਾਰਮਬੀਅਰ ਨੂੰ ਹਿਰਾਸਤ ਵਿਚ ਲਏ ਜਾਣ ਦੀ ਘਟਨਾ ਮਗਰੋਂ ਆਇਆ ਹੈ। ਵਿਦਿਆਰਥੀ ਦੀ ਜੂਨ ਵਿਚ ਘਰ ਵਾਪਸੀ ਦੇ ਕੁਝ ਸਮੇਂ ਬਾਅਦ ਹੀ ਮੌਤ ਹੋ ਗਈ ਸੀ। ਸੰਭਾਵਨਾ ਹੈ ਕਿ ਇਸ ਬਿੱਲ 'ਤੇ ਸੰਯੁਕਤ ਰਾਸ਼ਟਰ ਮਹਾਸਭਾ ਦੀ ਮਨੁੱਖੀ ਅਧਿਕਾਰ ਕਮੇਟੀ ਵਿਚ ਨਵੰਬਰ ਦੇ ਮੱਧ ਵਿਚ ਵੋਟਿੰਗ ਹੋਵੇਗੀ। ਜੇ ਬਿੱਲ ਸਵੀਕਾਰ ਕਰ ਲਿਆ ਜਾਂਦਾ ਹੈ ਤਾਂ ਇਸ 'ਤੇ ਅੰਤਿਮ ਵੋਟਿੰਗ ਦਸੰਬਰ ਵਿਚ ਹੋਵੇਗੀ।