ਵਿਸ਼ਵ ਯੁੱਧ ਦੌਰਾਨ ਸ਼ਹੀਦ ਹੋਏ ਆਸਟ੍ਰੇਲੀਅਨ ਭਾਰਤੀ ਫੌਜੀਆਂ ਦੀ ਯਾਦਗਾਰ ਬਣਾਉਣ ਦੇ ਕਾਰਜਾਂ ''ਚ ਤੇਜੀ, ਬੈਠਕ 5 ਅਗਸਤ ਨੂੰ : ਹੇਅਰ

07/26/2017 6:05:40 AM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)— ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਵਿਚ ਸ਼ਹੀਦ ਹੋਏ ਆਸਟ੍ਰੇਲੀਅਨ ਭਾਰਤੀ ਫੌਜੀਆਂ ਦੀ ਯਾਦ ਵਿਚ ਬ੍ਰਿਸਬੇਨ ਦੇ ਸ਼ਹਿਰ ਸੰਨੀਬੈਂਕ ਦੇ ਆਰ.ਐੱਸ.ਐੱਲ ਕਲੱਬ ਵਿਖੇ ਪਹਿਲੀ ਜੰਗੀ ਯਾਦਗਾਰ ਬਣਾਈ ਜਾ ਰਹੀ ਹੈ। ਜਿਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪ੍ਰਣਾਮ ਸਿੰਘ ਹੇਅਰ ਖਜ਼ਾਨਚੀ ਅਤੇ ਰਸ਼ਪਾਲ ਸਿੰਘ ਹੇਅਰ ਕਮੇਟੀ ਮੈਂਬਰ ਨੇ ਦੱਸਿਆ ਕਿ 5 ਅਗਸਤ ਦਿਨ ਸ਼ਨੀਵਾਰ ਨੂੰ ਸੈਕੰਡਰੀ ਕਾਲਜ ਕੁਰਪੁਰੂ ਵਿਖੇ ਇੱਕ ਵਿਸ਼ੇਸ਼ ਬੈਠਕ ਆਯੋਜਿਤ ਕੀਤੀ ਜਾ ਰਹੀ ਹੈ। ਜਿੱਥੇ ਉਨ੍ਹਾਂ ਭਾਈਚਾਰੇ ਨੂੰ ਪਹੁੰਚਣ ਦੀ ਅਪੀਲ ਕਰਦਿਆਂ ਕਿਹਾ ਕਿ ਜੰਗੀ ਯਾਦਗਾਰ ਬਣਾਉਣ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਮੌਕੇ ਭੋਜਨ ਦਾ ਵੀ ਖਾਸ ਪ੍ਰਬੰਧ ਹੋਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਬੀਤੇ ਵਰ੍ਹੇ ਜੰਗੀ ਯਾਦਗਾਰ ਬਣਾਉਣ ਬਾਰੇ ਕੀਤੇ ਗਏ ਐਲਾਨ ਨੂੰ ਉਸ ਸਮੇ ਬੂਰ ਪੈਂਦਾ ਨਜ਼ਰ ਆ ਰਿਹਾ ਹੈ, ਜਦੋ ਆਸਟ੍ਰੇਲੀਆ ਦੀ ਸੰਘੀ ਸਰਕਾਰ ਵਲੋਂ ਆਸਟ੍ਰੇਲੀਅਨ ਇੰਡੀਅਨ ਹੈਰੀਟੇਜ ਵਾਰ ਮੈਮੋਰੀਅਲ ਕਮੇਟੀ ਨੂੰ 30,000 ਡਾਲਰ ਤੱਕ ਦੀ ਵਿੱਤੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਹੈ।
ਕਮੇਟੀ ਵਲੋ ਆਪਣੇ ਤੋਰ 'ਤੇ ਵੀ ਭਾਈਚਾਰੇ ਦੇ ਸਹਿਯੋਗ ਦੇ ਨਾਲ 15,000 ਡਾਲਰ ਦੇ ਕਰੀਬ ਧਨ ਰਾਸ਼ੀ ਇਕੱਠੀ ਕੀਤੀ ਗਈ ਹੈ। ਗ੍ਰਿਫਥ ਯੂਨੀਵਰਸਿਟੀ ਵਲੋਂ ਯਾਦਗਾਰ ਦਾ ਨਕਸ਼ਾਂ ਤਿਆਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ 18 ਨਵੰਬਰ 2017 ਨੂੰ ਸਰਕਾਰੀ ਪੱਧਰ 'ਤੇ ਆਸਟ੍ਰੇਲੀਆ ਦੇ ਸੂਬਾ ਅਤੇ ਸੰਘੀ ਸਰਕਾਰ ਦੇ ਮੰਤਰੀ ਸਹਿਬਾਨ, ਭਾਰਤੀ ਸਫ਼ਾਰਤਖਾਨੇ ਅਤੇ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆ, ਸਾਬਕਾ ਫੌਜੀਆਂ ਅਤੇ ਵੱਖ-ਵੱਖ ਭਾਈਚਾਰਿਆਂ ਦੀ ਹਾਜ਼ਰੀ ਵਿੱਚ ਇੱਕ ਵਿਸ਼ਾਲ ਸਮਾਗਮ ਦੌਰਾਨ ਜੰਗੀ ਸ਼ਹੀਦਾਂ ਦੇ ਬਲੀਦਾਨ ਨੂੰ ਸਮਰਪਿਤ ਯਾਦਗਾਰ ਲੋਕ ਅਰਪਣ ਕੀਤੀ ਜਾਵੇਗੀ। ਇਹ ਭਾਰਤੀ ਭਾਈਚਾਰੇ ਲਈ ਬਹੁਤ ਹੀ ਵੱਡੀ ਪ੍ਰਾਪਤੀ ਤੇ ਵਿਸ਼ਵ ਯੁੱਧ ਵਿਚ ਸ਼ਹੀਦ ਹੋਏ ਫੌਜੀ ਜਵਾਨਾਂ ਨੂੰ ਇੱਕ ਸੱਚੀ ਸ਼ਰਧਾਂਜਲੀ ਹੋਵੇਗੀ ਜੋ ਕਿ ਸਾਡੀ ਅਜੋਕੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਮਾਣ ਅਤੇ ਮਾਰਗਦਰਸ਼ਕ ਦਾ ਕਾਰਜ ਕਰੇਗੀ। ਇਸ ਮੌਕੇ 'ਤੇ ਆਸਟ੍ਰੇਲੀਅਨ ਇੰਡੀਅਨ ਹੈਰੀਟੇਜ ਕਮੇਟੀ ਵਲੋ ਆਰ.ਐੱਸ.ਐੱਲ ਕਲੱਬ ਸੰਨੀਬੈਂਕ ਦਾ ਜੰਗੀ ਯਾਦਗਾਰ ਸਥਾਪਤ ਕਰਨ ਲਈ ਥਾਂ ਦਿੱਤੇ ਜਾਣ, ਵੱਖ-ਵੱਖ ਭਾਈਚਾਰਿਆਂ ਅਤੇ ਸੰਘੀ ਸਰਕਾਰ ਦੇ ਵਿੱਤੀ ਸਹਿਯੋਗ ਵਾਸਤੇ ਵਿਸ਼ੇਸ਼ ਤੋਰ 'ਤੇ ਧੰਨਵਾਦ ਕੀਤਾ ਗਿਆ।


Related News