ਇੰਤਜ਼ਾਰ ਖ਼ਤਮ; ਇਨ੍ਹਾਂ ਪਾਬੰਦੀਆਂ ਨਾਲ ਆਮ ਜਨਤਾ ਲਈ ਖੁੱਲ੍ਹਿਆ ਆਬੂਧਾਬੀ ਦਾ ਪਹਿਲਾ ਹਿੰਦੂ ਮੰਦਰ
Saturday, Mar 02, 2024 - 12:47 PM (IST)
ਆਬੂਧਾਬੀ (ਭਾਸ਼ਾ)- ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਚ ਪੱਥਰ ਤੋਂ ਬਣੇ ਪਹਿਲੇ ਹਿੰਦੂ ਮੰਦਰ ਨੂੰ ਸ਼ੁੱਕਰਵਾਰ ਨੂੰ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 14 ਫਰਵਰੀ ਨੂੰ ਆਬੂਧਾਬੀ ਦੇ ਇਸ ਪਹਿਲੇ ਹਿੰਦੂ ਮੰਦਰ ਦਾ ਉਦਘਾਟਨ ਕੀਤਾ ਸੀ। ਮੰਦਰ ਦੁਬਈ-ਆਬੂਧਾਬੀ ਸ਼ੇਖ ਜਾਇਦ ਹਾਈਵੇਅ 'ਤੇ ਅਲ ਰਹਿਬਾ ਨੇੜੇ 27 ਏਕੜ ਦੇ ਖੇਤਰ 'ਚ ਕਰੀਬ 700 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ।
ਬੋਚਾਸਨਿਵਾਸੀ ਸ਼੍ਰੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ ਸੰਸਥਾ (BAPS) ਨੇ 'X' 'ਤੇ ਕਿਹਾ, “ਇੰਤਜ਼ਾਰ ਖ਼ਤਮ ਹੋਇਆ! ਆਬੂਧਾਬੀ ਮੰਦਰ ਨੂੰ ਹੁਣ ਸਾਰੇ ਸੈਲਾਨੀਆਂ ਅਤੇ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਗਿਆ ਹੈ।'' ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਸੋਮਵਾਰ ਨੂੰ ਛੱਡ ਕੇ ਸਾਰੇ ਦਿਨ ਮੰਦਰ ਸਵੇਰੇ 9 ਵਜੇ ਤੋਂ ਰਾਤ 8 ਵਜੇ ਤੱਕ ਖੁੱਲ੍ਹਾ ਰਹੇਗਾ। ਉਥੇ ਹੀ ਮੰਦਰ ਦੀ ਵੈੱਬਸਾਈਟ (https://www.mandir.ae/) ਨੇ ਸੈਲਾਨੀਆਂ ਲਈ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜਿਸ ਵਿਚ ਮੰਦਰ ਵਿੱਚ ਆਉਣ ਵਾਲੇ ਸ਼ਰਧਾਲੂਆਂ ਲਈ ਡਰੈੱਸ ਕੋਡ ਤੋਂ ਲੈ ਕੇ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਤੱਕ ਦੇ ਨਿਯਮਾਂ ਬਾਰੇ ਦੱਸਿਆ ਗਿਆ ਹੈ। ਮੰਦਰ ਦੀ ਵੈੱਬਸਾਈਟ 'ਤੇ ਦੱਸੇ ਗਏ ਦਿਸ਼ਾ-ਨਿਰਦੇਸ਼ਾਂ ਮੁਤਾਬਕ ਟੀ-ਸ਼ਰਟ, ਕੈਪ ਅਤੇ ਟਾਈਟ ਫਿਟਿੰਗ ਵਾਲੇ ਕੱਪੜੇ ਪਾ ਕੇ ਆਉਣ ਵਾਲੇ ਲੋਕਾਂ ਨੂੰ ਮੰਦਰ 'ਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸ਼ਰਧਾਲੂਆਂ ਨੂੰ ਮੰਦਰ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਗਰਦਨ, ਕੂਹਣੀ ਅਤੇ ਗਿੱਟਿਆਂ ਦੇ ਵਿਚਕਾਰ ਦੇ ਸਰੀਰ ਦਾ ਹਿੱਸਾ ਢੱਕਣਾ ਹੋਵੇਗਾ। ਦਿਸ਼ਾ-ਨਿਰਦੇਸ਼ਾਂ 'ਚ ਕਿਹਾ ਗਿਆ ਹੈ ਕਿ ਪਾਲਤੂ ਜਾਨਵਰਾਂ ਨੂੰ ਵੀ ਮੰਦਰ ਪਰਿਸਰ 'ਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਮੰਦਰ ਪਰਿਸਰ 'ਚ ਬਾਹਰੀ ਖਾਣ-ਪੀਣ ਦੀ ਇਜਾਜ਼ਤ ਨਹੀਂ ਹੋਵੇਗੀ। ਨਾਲ ਹੀ, ਡਰੋਨ ਕੈਮਰੇ ਜਾਂ ਡਰੋਨ ਦੀ ਮੰਦਰ ਦੇ ਅੰਦਰ ਸਖ਼ਤੀ ਨਾਲ ਮਨਾਹੀ ਹੈ।
ਇੱਥੇ ਦੱਸ ਦੇਈਏ ਕਿ ਮੰਦਰ ਲਈ ਜ਼ਮੀਨ ਯੂ.ਏ.ਈ. ਸਰਕਾਰ ਨੇ ਦਾਨ ਵਿਚ ਦਿੱਤੀ ਹੈ। ਆਬੂਧਾਬੀ ਦਾ ਪਹਿਲਾ ਹਿੰਦੂ ਮੰਦਰ ਨਗਰ ਸ਼ੈਲੀ ਵਿੱਚ ਬਣਿਆ ਹੈ। ਇਸੇ ਤਰ੍ਹਾਂ ਅਯੁੱਧਿਆ ਵਿੱਚ ਰਾਮ ਮੰਦਰ ਦਾ ਨਿਰਮਾਣ ਹੋਇਆ ਹੈ। ਮੰਦਿਰ ਦੇ ਇੱਕ ਵਲੰਟੀਅਰ ਉਮੇਸ਼ ਰਾਜਾ ਦੇ ਅਨੁਸਾਰ, ਰਾਜਸਥਾਨ ਵਿੱਚ 20 ਹਜ਼ਾਰ ਟਨ ਤੋਂ ਵੱਧ ਚੂਨਾ ਪੱਥਰਾਂ ਦੇ ਟੁਕੜਿਆਂ ਰਾਜਸਥਾਨ ਵਿਚ ਉੱਕੇਰਿਆ ਗਿਆ ਅਤੇ 700 ਕੰਟੇਨਰਾਂ ਵਿੱਚ ਆਬੂਧਾਬੀ ਲਿਆਂਦਾ ਗਿਆ। ਅਬੂ ਧਾਬੀ ਵਿੱਚ BAPS ਹਿੰਦੂ ਮੰਦਰ ਖਾੜੀ ਖੇਤਰ ਵਿੱਚ ਸਭ ਤੋਂ ਵੱਡਾ ਹੈ। ਯੂ.ਏ.ਈ. ਦੇ ਦੁਬਈ ਵਿੱਚ 3 ਹੋਰ ਹਿੰਦੂ ਮੰਦਰ ਹਨ।
ਇਹ ਵੀ ਪੜ੍ਹੋ: ਟੈਟੂ ਬਣਵਾਉਣ ਦੇ ਸ਼ੌਕੀਨਾਂ ਲਈ ਖ਼ਬਰ, ਸਿਆਹੀ ਨੂੰ ਲੈ ਕੇ ਨਵੇਂ ਅਧਿਐਨ 'ਚ ਕੀਤਾ ਗਿਆ ਇਹ ਦਾਅਵਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।