ਜਦੋਂ ਕ੍ਰਾਊਨ ਪ੍ਰਿੰਸ ਇਕ ਬੱਚੀ ਦੇ ਘਰ ਜਾਣ ਲਈ ਹੋਏ ਮਜਬੂਰ, ਤਸਵੀਰਾਂ

12/03/2019 1:34:28 PM

ਆਬੂ ਧਾਬੀ (ਬਿਊਰੋ): ਆਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਅਤੇ ਯੂ.ਏ.ਈ. ਫੌਜ ਦੇ ਡਿਪਟੀ ਸੁਪਰੀਮ ਕਮਾਂਡਰ ਸ਼ੇਖ ਮੁਹੰਮਦ ਬਿਨ ਜਾਏਦ ਅਲ ਨਾਹੀਆਨ ਨੇ ਸੋਮਵਾਰ ਨੂੰ ਇਕ ਅਮੀਰਾਤੀ ਕੁੜੀ ਦੇ ਘਰ ਜਾ ਕੇ ਉਸ ਨਾਲ ਮੁਲਾਕਾਤ ਕੀਤੀ। ਆਬੂ ਧਾਬੀ ਦੇ ਕ੍ਰਾਊਨ ਪਿੰ੍ਰਸ ਦੀ ਛੋਟੀ ਕੁੜੀ ਨਾਲ ਇਹ ਮੁਲਾਕਾਤ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਇਸ ਮੁਲਾਕਾਤ ਦੇ ਪਿੱਛੇ ਬਹੁਤ ਪਿਆਰੀ ਕਹਾਣੀ ਹੈ।

PunjabKesari

ਅਸਲ ਵਿਚ ਆਬੂ ਧਾਬੀ ਵਿਚ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਬਿਨ ਅਬਦੁੱਲ ਅਜ਼ੀਜ਼ (ਐੱਮ.ਬੀ.ਐੱਸ.) ਦੇ ਅਧਿਕਾਰਤ ਸਵਾਗਤ ਲਈ ਕੁਝ ਬੱਚਿਆਂ ਨੂੰ ਬੁਲਾਇਆ ਗਿਆ ਸੀ। ਉਨ੍ਹਾਂ ਵਿਚ ਇਕ ਆਯਸ਼ਾ ਨਾਮ ਦੀ ਕੁੜੀ ਵੀ ਸੀ। ਆਬੂ ਧਾਬੀ ਦੇ ਪ੍ਰਿੰਸ ਨਾਲ ਹੱਥ ਮਿਲਾਉਣ ਲਈ ਆਯਸ਼ਾ ਨੇ ਹੱਥ ਅੱਗੇ ਵਧਾਇਆ ਪਰ ਭੀੜ ਕਾਰਨ ਪ੍ਰਿੰਸ ਉਸ ਨਾਲ ਹੱਥ ਨਹੀਂ ਮਿਲਾ ਸਕੇ।

PunjabKesari

ਇਸ ਕਾਰਨ ਆਯਸ਼ਾ ਬਹੁਤ ਉਦਾਸ ਹੋ ਗਈ ਸੀ। ਸੋਸ਼ਲ ਮੀਡੀਆ 'ਤੇ ਇਸ ਘਟਨਾ ਦਾ ਵੀਡੀਓ ਵਾਇਰਲ ਹੋ ਗਿਆ ਸੀ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਆਯਸ਼ਾ ਹੱਥ ਮਿਲਾਉਣ ਲਈ ਦੌੜ ਕੇ ਲਾਈਨ ਵਿਚ ਲੱਗਦੀ ਹੈ ਅਤੇ ਫਿਰ ਹੱਥ ਅੱਗੇ ਵਧਾਉਂਦੀ ਹੈ ਪਰ ਸ਼ੇਖ ਮੁਹੰਮਦ ਉਸ ਨਾਲ ਹੱਥ ਮਿਲਾਏ ਬਿਨਾਂ ਹੀ ਲੰਘ ਜਾਂਦੇ ਹਨ। ਵੀਡੀਓ ਵਾਇਰਲ ਹੋਣ ਦੇ ਬਾਅਦ ਸ਼ੇਖ ਮੁਹੰਮਦ ਨੇ ਆਯਸ਼ਾ ਮੁਹੰਮਦ ਮੁਸ਼ੈਤ ਅਲ ਮਜ਼ਰੂਰੀ ਦੇ ਘਰ ਜਾ ਕੇ ਉਸ ਨਾਲ ਮੁਲਾਕਾਤ ਕੀਤੀ।

 

ਸ਼ੇਖ ਮੁਹੰਮਦ ਦੇ ਟਵਿੱਟਰ ਅਕਾਊਂਟ 'ਤੇ ਇਸ ਮੁਲਾਕਾਤ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ, ਜਿਸ 'ਤੇ ਹਜ਼ਾਰਾਂ ਲਾਈਕਸ ਆ ਚੁੱਕੇ ਹਨ ਅਤੇ ਕਰੀਬ 5000 ਵਾਰ ਰੀਟਵੀਟ ਕੀਤਾ ਜਾ ਚੁੱਕਾ ਹੈ। ਸ਼ੇਖ ਮੁਹੰਮਦ ਨੇ ਟਵਿੱਟਰ 'ਤੇ ਤਸਵੀਰਾਂ ਦੇ ਨਾਲ ਲਿਖਿਆ,''ਅੱਜ ਮੈਂ ਬੱਚੀ ਆਯਸ਼ਾ ਮੁਹੰਮਦ ਮੁਸ਼ੈਤ ਅਲ ਮਜ਼ਰੂਰੀ ਦੇ ਘਰ ਪਹੁੰਚਿਆ ਅਤੇ ਉਸ ਨਾਲ ਅਤੇ ਉਸ ਦੇ ਪਰਿਵਾਰ ਨਾਲ ਮਿਲ ਕੇ ਬਹੁਤ ਖੁਸ਼ ਹਾਂ।''

PunjabKesari

ਵੀਡੀਓ ਵਿਚ ਆਯਸ਼ਾ ਦੇ ਭਰਾ ਅਤੇ ਪਿਤਾ ਸ਼ੇਖ ਮੁਹੰਮਦ ਦਾ ਸਵਾਗਤ ਕਰਦੇ ਨਜ਼ਰ ਆਉਂਦੇ ਹਨ। ਕ੍ਰਾਊਨ ਪ੍ਰਿੰਸ ਆਯਸ਼ਾ ਦੇ ਘਰ ਥੋੜ੍ਹੀ ਦੇਰ ਰੁੱਕਦੇ ਹਨ ਅਤੇ ਪਰਿਵਾਰ ਵਾਲਿਆਂ ਦੇ ਨਾਲ ਤਸਵੀਰਾਂ ਖਿੱਚਵਾਉਂਦੇ ਹਨ। ਸੋਸ਼ਲ ਮੀਡੀਆ 'ਤੇ ਯੂਜ਼ਰਸ ਸ਼ੇਖ ਮੁਹੰਮਦ ਦੀ ਦਰਿਆਦਿਲੀ ਦੀ ਤਰੀਫ ਕਰ ਰਹੇ ਹਨ। ਲੋਕਾਂ ਨੇ ਕਿਹਾ ਕਿ ਇਹ ਦੇਸ ਅਤੇ ਦੇਸ਼ ਦੇ ਲੋਕਾਂ ਲਈ ਬਹੁਤ ਚੰਗੀ ਉਦਾਹਰਨ ਹੈ।


Vandana

Content Editor

Related News