ਬ੍ਰਿਸਬੇਨ 'ਚ ਮਰਹੂਮ ਸਾਥੀ ਲੁਧਿਆਣਵੀ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਰੋਹ

01/20/2019 7:08:41 PM

ਬ੍ਰਿਸਬੇਨ (ਸਤਵਿੰਦਰ ਟੀਨੂੰ)- ਪੰਜਾਬੀ ਸਾਹਿਤਕ ਜਗਤ 'ਚ ਛੇ ਦਹਾਕਿਆਂ ਤੋਂ ਸਰਗਰਮ ਇੰਗਲੈਂਡ ਵੱਸਦੇ ਲੇਖਕ ਸਾਥੀ ਲੁਧਿਆਣਵੀ ਦਾ ਪਿਛਲੇ ਦਿਨੀਂ ਕੈਂਸਰ ਦੀ ਬੀਮਾਰੀ ਕਾਰਨ 78 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਸੀ। ਇੰਗਲੈਂਡ ਦੀਆਂ ਸਾਹਿਤਕ ਮਹਿਫਲਾਂ ਅਤੇ ਕਾਨਫਰੰਸਾਂ 'ਚ ਮੋਹਰਲੀ ਕਤਾਰ ਦੇ ਲੇਖਕ ਅਤੇ ਆਯੋਜਕ ਸਾਥੀ ਲੁਧਿਆਣਵੀ ਦੀ ਪੰਜਾਬੀ ਸਾਹਿਤ ਨੂੰ ਬਹੁਤ ਦੇਣ ਹੈ। ਇਸ ਹਿਰਦੇਵੇਧਕ ਖ਼ਬਰ ਨੇ ਪੰਜਾਬੀ ਸਾਹਿਤ ਦੇ ਵਿਹੜੇ 'ਚ ਘੋਰ ਉਦਾਸੀ ਪੈਦਾ ਕੀਤੀ ਹੈ। ਅੱਜ ਵਿੱਛੜੇ ਕਲਮੀ ਸਾਥੀ ‘ਸਾਥੀ ਲੁਧਿਆਣਵੀ’ ਦੀ ਯਾਦ 'ਚ ਆਸਟਰੇਲੀਆ ਦੀ ਨਾਮਵਰ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ਼ ਆਸਟਰੇਲੀਆ ਵੱਲੋਂ ਇੰਡੋਜ਼ ਪੰਜਾਬੀ ਲਾਇਬਰੇਰੀ ਇਨਾਲਾ ਵਿਖੇ ਇਕ ਸੰਖੇਪ ਇਕੱਤਰਤਾ ਕੀਤੀ ਗਈ, ਜਿਸ ਵਿੱਚ ਸਾਹਿਤ, ਕਲਾ ਅਤੇ ਧਾਰਮਿਕ ਖੇਤਰ ਨਾਲ ਜੁੜੀਆਂ ਸੰਸਥਾਵਾਂ ਵੱਲੋਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।

ਸ਼ਰਧਾਂਜਲੀ ਸਮਾਗਮ ਦੇ ਆਗਾਜ਼ 'ਚ ਨੌਜਵਾਨ ਪ੍ਰਗਤੀਵਾਦੀ ਕਵੀ ਸਰਬਜੀਤ ਸੋਹੀ ਵੱਲੋਂ ਸਾਥੀ ਲੁਧਿਆਣਵੀ ਦੇ ਜੀਵਨ, ਰਚਨਾ ਸੰਸਾਰ ਅਤੇ ਜ਼ਿੰਦਗੀ ਦੇ ਹੋਰ ਪੱਖਾਂ ਨਾਲ ਹਾਜ਼ਰੀਨ ਦੀ ਸਾਂਝ ਪਵਾਈ। ਸਰਬਜੀਤ ਸੋਹੀ ਨੇ ਬੋਲਦਿਆਂ ਦੱਸਿਆ ਕਿ ਇੰਗਲੈਂਡ ਵਿਚ 1962 ਤੋਂ ਲੈ ਕੇ 2019 ਵਿੱਚ ਆਖਰੀ ਸਾਹ ਲੈਣ ਤੱਕ ਸਾਥੀ ਲੁਧਿਆਣਵੀ ਨੇ ਲੱਗਭਗ 56 ਵਰੇ ਪੰਜਾਬੀ ਸਾਹਿਤ ਲਈ ਬਹੁਤ ਨਿੱਠ ਕੇ ਕੰਮ ਕੀਤਾ ਹੈ। ਦਰਜਨਾਂ ਕਿਤਾਬਾਂ ਲਿਖਣ ਤੋਂ ਇਲਾਵਾ ਸੈਂਕੜੇ ਮਿਆਰੀ ਅਤੇ ਇਤਿਹਾਸਿਕ ਮੁਲਾਕਾਤਾਂ ਰਚਾਉਣ ਵਾਲਾ ਸਾਥੀ ਇਕ ਤੁਰਦੀ ਫਿਰਦੀ ਸੰਸਥਾ ਸੀ। ਮਾਨਾਂ-ਸਨਮਾਨਾਂ ਤੋਂ ਕਿਤੇ ਉਪਰ ਸਾਥੀ ਇੰਗਲੈਂਡ ਦੀਆਂ ਮਹਿਫ਼ਲਾਂ ਦੀ ਸ਼ਾਨ ਅਤੇ ਹਵਾਲਿਆਂ ਦੀ ਖਾਣ ਸੀ। ਇਸ ਉਪਰੰਤ ਸਾਥੀ ਲੁਧਿਆਣਵੀ ਜੀ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ।

ਇੰਗਲੈਂਡ ਤੋਂ ਆਸਟਰੇਲੀਆ ਵਿੱਚ ਆ ਵੱਸੇ ਰੇਡੀਓ ਬ੍ਰਾਡਕਾਸਟਰ, ਲੇਖਕ ਅਤੇ ਅਕਾਦਮੀ ਦੇ ਸੈਕਟਰੀ ਦਲਵੀਰ ਹਲਵਾਰਵੀ ਨੇ ਸਾਥੀ ਲੁਧਿਆਣਵੀ ਨਾਲ ਬੀਤੇ ਹੋਏ ਪਲਾਂ ਦੀ ਯਾਦਾਂ, ਸਾਹਿਤਿਕ ਮੁਲਾਕਾਤਾਂ ਅਤੇ ਵਾਰਤਾਲਾਪ ਸਰੋਤਿਆਂ ਨਾਲ ਸਾਂਝੇ ਕਰਦਿਆਂ ਭਾਵੁਕਤਾ ਦਾ ਮਾਹੌਲ ਸਿਰਜ ਦਿੱਤਾ। ਦਲਵੀਰ ਹਲਵਾਰਵੀ ਨੇ ਦੱਸਿਆ ਕਿ ਸਾਥੀ ਜੀ ਨੇ ਇਸ ਸਾਲ ਸਾਡੇ ਕੋਲ ਆਸਟਰੇਲੀਆ ਆਉਣਾ ਸੀ, ਪਰ ਕਰੂਰ ਮੌਤ ਨੇ ਸਾਥੀ ਲੁਧਿਆਣਵੀ ਜੀ ਨੂੰ ਸਾਡੇ ਤੋਂ ਸਦਾ ਲਈ ਖੋਹ ਲਿਆ।

ਇਸ ਸਮਾਗਮ ਵਿੱਚ ਸਾਥੀ ਜੀ ਦੀਆਂ ਰਚਨਾਵਾਂ ਦਾ ਉਚਾਰਨ ਵੀ ਕੀਤਾ ਗਿਆ। ਸ਼ਰਧਾ ਦੇ ਫੁੱਲ ਭੇਂਟ ਕਰਨ ਵਾਲਿਆਂ 'ਚ ਗਲਾਸਗੋ ਤੋਂ ਬ੍ਰਿਸਬੇਨ ਆਏ ਸਭਾ ਦੇ ਚੇਅਰਮੈਨ ਜਰਨੈਲ ਸਿੰਘ ਬਾਸੀ, ਈਸਟ ਲੰਡਨ ਤੋਂ ਬ੍ਰਿਸਬੇਨ ਆਏ ਇੰਡੋਜ਼ ਹੋਲਡਿੰਗਜ ਦੇ ਚੇਅਰਮੈਨ ਅਮਰਜੀਤ ਸਿੰਘ ਮਾਹਲ, ਸ਼ਾਇਰ ਰੁਪਿੰਦਰ ਸੋਜ਼, ਹਰਮਨਦੀਪ ਗਿੱਲ ਚੜਿੱਕ, ਗੀਤਕਾਰ ਸੁਰਜੀਤ ਸੰਧੂ, ਗਾਇਕ ਪਾਲ ਰਾਊਕੇ, ਇਕਬਾਲ ਸਿੰਘ ਧਾਮੀ, ਪ੍ਰਗਟ ਸਿੰਘ ਰੰਧਾਵਾ ਆਦਿ ਪ੍ਰਮੁੱਖ ਨਾਮ ਸ਼ਾਮਲ ਹਨ। ਸੈਕਟਰੀ ਦੀ ਭੂਮਿਕਾ ਸਰਬਜੀਤ ਸੋਹੀ ਵੱਲੋਂ ਨਿਭਾਈ ਗਈ। ਅੰਤ 'ਚ ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਦੇ ਪ੍ਰਧਾਨ ਅਮਰਜੀਤ ਸਿੰਘ ਮਾਹਲ ਨੇ ਸਾਰੇ ਆਏ ਹੋਏ ਸਰੋਤਿਆਂ ਅਤੇ ਲੇਖਕਾਂ ਦਾ ਧੰਨਵਾਦ ਕੀਤਾ। 


Sunny Mehra

Content Editor

Related News