ਇਟਲੀ ’ਚ ਪੰਜਾਬੀ ਨੌਜਵਾਨ ਦੀ ਰੇਲ ਦੀ ਚਪੇਟ ’ਚ ਆਉਣ ਕਾਰਨ ਮੌਤ
Wednesday, Jul 08, 2020 - 02:20 AM (IST)

ਮਿਲਾਨ (ਸਾਬੀ ਚੀਨੀਆ)-ਐਤਵਾਰ ਦਾ ਦਿਨ ਇਟਲੀ ਵਿਚ ਰਹਿੰਦੇ ਪੰਜਾਬੀ ਭਾਈਚਾਰੇ ਲਈ ਉਦੋਂ ਦੁੱਖ ਦਾਇਕ ਹੋ ਨਿੱਬੜਿਆ ਜਦੋਂ ਅਣਹੋਣੀ ਅੱਗੇ ਇਕ 25 ਸਾਲਾ ਨੌਜਵਾਨ ਚੜ੍ਹਦੀ ਉਮਰੇ ਮੌਤ ਤੋਂ ਆਪਣੀ ਜ਼ਿੰਦਗੀ ਹਾਰ ਗਿਆ। ਪੋਰਦੀਨੋਨੇ ਦਾ ਰੈਜੀਡੈਂਸ ਪ੍ਰਗਟਜੀਤ ਸਿੰਘ ਪਿਛਲੇ ਕੁਝ ਸਮੇਂ ਤੋਂ ਰੋਮ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਾਲ ਪੈਂਦੇ ਪਿੰਡ ਮਾਕਾਰੇਸੇ ਵਿਚ ਰਹਿੰਦਾ ਸੀ ਤੇ ਐਤਵਾਰ ਦੇ ਦਿਨ ਆਪਣੇ ਸਾਥੀਆਂ ਦੇ ਨਾਲ ਨੇੜਲੇ ਸ਼ਹਿਰ ਲਾਦੀਸਪੋਲੀ ਜਾਣ ਲਈ ਘਰੋਂ ਤਾਂ ਨਿਕਲਿਆ ਪਰ ਮੁੜ ਘਰ ਨਹੀਂ ਪਰਤਿਆ।
ਮ੍ਰਿਤਕ ਨੌਜਵਾਨ ਟਿਕਟ ਖਰੀਦਣ ਤੋਂ ਬਾਅਦ ਗਲਤ ਤਰੀਕੇ ਪਟਰੀ ਪਾਰ ਕਰਦੇ ਸਮੇਂ ਦੂਜੇ ਪਾਸੇ ਤੋਂ ਆ ਰਹੀ ਤੇਜ਼ ਰਫਤਾਰ ਟਰੇਨ ਦੀ ਚਪੇਟ ਵਿਚ ਆ ਗਿਆ। ਜੇਬ ਵਿਚੋਂ ਮਿਲੇ ਭਾਰਤੀ ਡਰਾਈਵਿੰਗ ਲਾਇਸੰਸ ਤੋਂ ਪਤਾ ਲਗਾ ਕਿ ਮ੍ਰਿਤਕ ਤਰਨਤਾਰਨ ਦੇ ਕਸਬਾ ਝਬਾਲ ਦਾ ਵਸਨੀਕ ਹੈ ਅਤੇ ਥੋੜੇ ਸਾਲ ਪਹਿਲਾਂ ਹੀ ਇਟਲੀ ਆਇਆ ਸੀ।