2017 ਦੌਰਾਨ ਵੱਡੀ ਗਿਣਤੀ 'ਚ ਭਾਰਤੀ ਵੱਸੇ ਕੈਨੇਡਾ ਦੇ ਇਸ ਸੂਬੇ 'ਚ

01/23/2018 2:29:45 AM

ਹੈਲੀਫੈਕਸ—ਨੋਵਾ ਸਕੋਸ਼ੀਆ ਸਰਕਾਰ ਵੱਲੋਂ ਪ੍ਰਵਾਸੀਆਂ ਨੂੰ ਆਕਰਸ਼ਤ ਕਰਨ ਲਈ ਸ਼ੁਰੂ ਕੀਤੀਆਂ ਯੋਜਨਾਵਾਂ ਦਾ ਅਸਰ ਦਿਖਾਈ ਦੇਣ ਲੱਗਿਆ ਹੈ ਅਤੇ 2017 'ਚ 4 ਹਜ਼ਾਰ ਨਵੇਂ ਪ੍ਰਵਾਸੀਆਂ ਨੇ ਸੂਬੇ 'ਚ ਵਸਣ ਦਾ ਫੈਸਲਾ ਕੀਤਾ। ਸੂਬੇ ਦੀ ਇੰਮੀਗ੍ਰੇਸ਼ਨ ਮੰਤਰੀ ਲੀਨਾ ਡਾਇਬ ਜੋ ਖੁਦ ਪ੍ਰਵਾਸੀ ਮਾਪਿਆਂ ਦੀ ਸੰਤਾਨ ਹੈ, ਨੇ ਦੱਸਿਆ ਕਿ ਸਭ ਤੋਂ ਜ਼ਿਆਦਾ ਪ੍ਰਵਾਸੀ ਭਾਰਤ, ਫਿਲੀਪੀਨਜ਼ ਅਤੇ ਚੀਨ ਤੋਂ ਆਏ। ਉਨ੍ਹਾਂ ਕਿਹਾ ਕਿ ਨੋਵਾ ਸਕੋਸ਼ੀਆ ਆਉਣ ਵਾਲੇ ਪ੍ਰਵਾਸੀ ਸਫਲਤਾ ਦੀ ਨਵੀਂ ਕਹਾਣੀ ਲਿਖ ਰਹੇ ਹਨ ਕਿਉਂਕਿ ਕੈਨੇਡਾ ਦੇ ਹੋਰਨਾਂ ਹਿੱਸਿਆਂ ਦੇ ਮੁਕਾਬਲੇ ਇਥੇ ਤਰੱਕੀ ਕਰਨ ਦੇ ਮੌਕੇ ਕਾਫੀ ਜ਼ਿਆਦਾ ਹਨ।

ਉਨ੍ਹਾਂ ਦੱਸਿਆ ਕਿ ਨੋਵਾ ਸਕੋਸ਼ੀਆ 'ਚ ਪ੍ਰਵਾਸੀਆਂ ਨੂੰ ਰੁਜ਼ਗਾਰ ਮਿਲਣ ਦੀ ਦਰ ਕੈਨੇਡਾ ਦੇ ਹੋਰਨਾਂ ਹਿੱਸਿਆਂ ਦੇ ਮੁਕਾਬਲੇ ਜ਼ਿਆਦਾ ਹੈ। ਇਸੇ ਤਰ੍ਹਾਂ ਨੋਵਾ ਸਕੋਸ਼ੀਆ 'ਚ ਆਪਣਾ ਕਾਰੋਬਾਰ ਸ਼ੁਰੂ ਕਰਨ ਵਾਲੇ ਪ੍ਰਵਾਸੀਆਂ ਦੀ ਸਫਲਤਾ ਦਰ 71 ਫੀਸਦੀ ਹੈ ਜਦਕਿ ਕੈਨੇਡਾ ਦੀ ਕੌਮੀ ਔਸਤ 48 ਫੀਸਦੀ ਦੇ ਲਗਭਗ ਮੰਨੀ ਗਈ ਹੈ। ਸੂਬੇ ਦੇ ਲੋਕਾਂ ਦਾ ਵੀ ਇਹੋ ਮੰਨਣਾ ਹੈ ਕਿ ਪ੍ਰਵਾਸੀਆਂ ਦੀ ਆਮਦਨ ਨਾਲ ਨੋਵਾ ਸਕੋਸ਼ੀਆ ਹੋਰ ਬਿਹਤਰ ਸੂਬਾ ਬਣ ਜਾਵੇਗਾ। ਸੂਬੇ ਦੇ 85 ਫੀਸਦੀ ਲੋਕ ਮੰਨਦੇ ਹਨ ਕਿ ਇੰਮੀਗ੍ਰੇਸ਼ਨ ਦਾ ਹਾਂਪੱਖੀ ਅਸਰ ਪੈਂਦਾ ਹੈ ਜਦਕਿ 2016 'ਚ ਅਜਿਹੀ ਰਾਏ ਰੱਖਣ ਵਾਲਿਆਂ ਦੀ ਗਿਣਤੀ ਸਿਰਫ 36 ਫੀਸਦੀ ਦਰਜ ਕੀਤੀ ਗਈ ਸੀ।

ਨੋਵਾ ਸਕੋਸ਼ੀਆ ਦੀ ਇੰਮੀਗ੍ਰੈਂਟ ਸਰਵਿਸਿਜ਼ ਐਸੋਸੀਏਸ਼ਨ ਦੇ ਕਾਰਜਕਾਰੀ ਡਾਇਰੈਕਟਰ ਗੈਰੀ ਮਿਲਜ਼ ਨੇ ਪ੍ਰਵਾਸੀਆਂ ਪ੍ਰਤੀ ਸੂਬੇ ਦੇ ਲੋਕਾਂ ਦੇ ਰਵੱਈਏ 'ਚ ਆਈਆਂ ਤਬਦੀਲੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਹੁਣ ਪ੍ਰਵਾਸੀਆਂ ਨੂੰ ਰੁਜ਼ਗਾਰ ਦੇਣ ਲਈ ਹੰਭਲਾ ਮਾਰਿਆਂ ਜਾ ਰਿਹਾ ਹੈ। ਹਸਪਤਾਲ, ਲਾਇਬ੍ਰੇਰੀਆ ਅਤੇ ਹੈਲੀਫੈਕਸ ਰੀਜਨਲ ਸੂਕਲ ਬੋਰਡ ਵਰਗੀਆਂ ਸੰਸਥਾਵਾਂ ਪ੍ਰਵਾਸੀਆਂ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਣ ਲੱਗੀਆਂ ਹਨ। ਸੂਬੇ 'ਚ ਕੋਈ ਪ੍ਰਵਾਸੀ ਪਰਵਾਰ ਨਹੀਂ ਅਤੇ ਨਾ ਹੀ ਕੋਈ ਰਫਿਊਜੀ ਪਰਵਾਰ ਹੈ ਸਗੋਂ ਇਥੇ ਸਾਰੇ ਨੋਵਾ ਸਕੋਸ਼ੀਆ ਦੇ ਪਰਵਾਰ ਹਨ ਅਤੇ ਅਸੀਂ ਸਾਰੇ ਰਲ-ਮਿਲ ਕੇ ਰਹਿ ਰਹਿੰਦੇ ਹਾਂ।

ਗੈਰੀ ਮਿਲਜ਼ ਨੇ ਮੰਨਿਆ ਕਿ ਨੋਵਾ ਸਕੋਸ਼ੀਆ 'ਚ ਨਵੇਂ ਆਉਣ ਵਾਲੇ ਪ੍ਰਵਾਸੀਆਂ ਲਈ ਮਾੜੇ ਰਿਹਾਇਸ਼ੀ ਪ੍ਰਬੰਧ ਅਤੇ ਚਾਈਲਡ ਪਾਵਰਟੀ ਵੱਡੀ ਸਮੱਸਿਆਵਾਂ ਹਨ। ਇੰਮੀਗ੍ਰੈਂਟ ਸਰਵਿਸਿਜ਼ ਐਸੋਸੀਏਸ਼ਨ ਵੱਲੋਂ ਮੌਜੂਦਾ ਸਮੇਂ 'ਚ 600 ਪ੍ਰਵਾਸੀਆਂ ਨੂੰ ਰੁਜ਼ਗਾਰ ਤਲਾਸ਼ ਕਰਨ 'ਚ ਮਦਦ ਕੀਤੀ ਜਾ ਰਹੀ ਹੈ। ਇਨ੍ਹਾਂ ਪ੍ਰਵਾਸੀਆਂ 'ਚ ਚੰਗੇ ਪੜ੍ਹੇ-ਲਿਖੇ ਅਤੇ ਇੱਥੋ ਤਕ ਕਿ ਡਾਕਟਰ ਵੀ ਸ਼ਾਮਲ ਹਨ। ਸੂਬੇ 'ਚ ਫੈਮਿਲੀ ਡਾਕਟਰ ਬਹੁਤ ਮੁਸ਼ਕਲ ਨਾਲ ਮਿਲਦੇ ਹਨ ਅਤੇ ਸੂਬਾ ਸਰਕਾਰ ਪ੍ਰਵਾਸੀ ਡਾਕਟਰਾਂ ਨੂੰ ਸੱਦਾ ਦੇ ਰਹੀ ਹੈ। ਦੱਸਣਯੋਗ ਹੈ ਕਿ 2016 'ਚ 15 ਰਫਿਊਜੀਆਂ ਸਮੇਤ 5483 ਪ੍ਰਵਾਸੀ ਨੋਵਾ ਸਕੋਸ਼ੀਆ ਆਏ ਸਨ ਪਰ 2017 ਦਾ ਅੰਕੜਾ ਕਾਫ਼ੀ ਘੱਟ ਹੈ। 2017 'ਚ ਸੂਬੇ ਦੀ ਆਬਾਦੀ 957,600 ਹੈ ਅਤੇ 2025 ਤਕ ਇਸ ਨੂੰ 961,650 ਤਕ ਵਧਾਉਣ ਦਾ ਟੀਚਾ ਰੱਖਿਆ ਗਿਆ ਹੈ। 


Related News