ਪੂਰਬੀ ਸੂਡਾਨ 'ਚ ਭਾਰੀ ਮੀਂਹ ਤੋਂ ਬਾਅਦ ਟੁੱਟਿਆ ਬੰਨ੍ਹ, ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ
Monday, Aug 26, 2024 - 03:55 PM (IST)
ਇੰਟਰਨੈਸ਼ਨਲ ਡੈਸਕ : ਪੂਰਬੀ ਸੂਡਾਨ ਵਿੱਚ ਭਾਰੀ ਮੀਂਹ ਕਾਰਨ ਇੱਕ ਡੈਮ ਢਹਿ ਜਾਣ ਕਾਰਨ ਘੱਟੋ-ਘੱਟ ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਬਣਿਆ ਹੋਇਆ ਹੈ। ਜਦਕਿ ਇਸ ਦੌਰਾਨ ਕਈ ਲੋਕਾਂ ਦੇ ਜ਼ਖਮੀ ਹੋਣ ਦੀਆਂ ਵੀ ਖਬਰਾਂ ਹਨ। ਬਲੂਮਬਰਗ ਨੇ ਸੋਮਵਾਰ ਨੂੰ ਆਪਣੀ ਖਬਰ 'ਚ ਇਹ ਜਾਣਕਾਰੀ ਦਿੱਤੀ। ਇੱਕ ਸਾਲ ਤੋਂ ਵੱਧ ਸਮੇਂ ਤੋਂ ਘਰੇਲੂ ਯੁੱਧ ਦੀ ਲਪੇਟ ਵਿੱਚ ਆਏ ਉੱਤਰੀ ਅਫ਼ਰੀਕੀ ਦੇਸ਼ ਵਿੱਚ ਇਹ ਤਾਜ਼ਾ ਦੁਖਾਂਤ ਹੈ।
ਰਿਪੋਰਟਾਂ ਦੇ ਅਨੁਸਾਰ, ਅਰਬਟ ਡੈਮ ਪੋਰਟ ਸੁਡਾਨ ਦੇ ਨੇੜਲੇ ਲਾਲ ਸਾਗਰ ਸ਼ਹਿਰ ਲਈ ਤਾਜ਼ੇ ਪਾਣੀ ਦਾ ਇੱਕ ਵੱਡਾ ਸਰੋਤ ਸੀ। ਚਸ਼ਮਦੀਦਾਂ ਨੇ ਦੱਸਿਆ ਕਿ ਇਸ ਦੇ ਡਿੱਗਣ ਤੋਂ ਬਾਅਦ ਕਈ ਲੋਕ ਲਾਪਤਾ ਹਨ। ਬੰਨ੍ਹ ਟੁੱਟਣ ਕਾਰਨ ਕਈ ਘਰ ਤਬਾਹ ਹੋ ਗਏ। ਵਾਹਨ ਰੁੜ੍ਹ ਗਏ ਅਤੇ ਲੋਕ ਉੱਚੀਆਂ ਥਾਵਾਂ 'ਤੇ ਜਾਣ ਲਈ ਮਜਬੂਰ ਹੋ ਗਏ।
ਸੂਡਾਨ ਦੇ ਸਿਹਤ ਮੰਤਰਾਲੇ ਨੇ ਐਤਵਾਰ ਰਾਤ ਨੂੰ ਇਕ ਬਿਆਨ 'ਚ ਕਿਹਾ ਕਿ ਪੂਰਬੀ ਲਾਲ ਸਾਗਰ 'ਚ ਬਣਿਆ ਡੈਮ ਭਾਰੀ ਮੀਂਹ ਕਾਰਨ ਢਹਿ ਗਿਆ। ਦਰਜਨਾਂ ਲੋਕ ਲਾਪਤਾ ਹਨ। ਬਿਆਨ ਵਿੱਚ, ਮੰਤਰਾਲੇ ਨੇ ਕਿਹਾ ਕਿ ਖੇਤਰ ਵਿੱਚ ਫਸੇ ਲੋਕਾਂ ਦੀ ਮਦਦ ਲਈ ਬਲ ਤਾਇਨਾਤ ਕੀਤੇ ਗਏ ਹਨ। ਸੂਬੇ ਦੇ ਮੁੱਖ ਸਿੰਚਾਈ ਅਧਿਕਾਰੀ ਅਮਰ ਈਸਾ ਤਾਹਿਰ ਨੇ ਕਿਹਾ ਕਿ ਭਾਰੀ ਨੁਕਸਾਨ ਹੋਇਆ ਹੈ। ਹਾਲਾਂਕਿ ਸੁਡਾਨ ਦੇ ਅਧਿਕਾਰੀ ਨੇ ਇਕ ਨਿਊਜ਼ ਸਾਈਟ ਅਲ-ਜਗਹੀਰ ਨੂੰ ਦੱਸਿਆ ਕਿ ਇਸ ਹਾਦਸੇ ਦੌਰਾਨ 60 ਲੋਕਾਂ ਦੇ ਮਾਰੇ ਜਾਣ ਦੀਆਂ ਖਬਰਾਂ ਹਨ ਤੇ ਕਈ ਹੋਰ ਲੋਕ ਲਾਪਤਾ ਹਨ। ਸੁਡਾਨ ਨਿਊਜ਼ ਆਊਟਲੈੱਟ ਮੀਡਮੀਕ ਨੇ ਕਿਹਾ ਕਿ ਇਸ ਹਾਦਸੇ ਦੌਰਾਨ ਤਕਰੀਬਨ 100 ਲੋਕ ਲਾਪਤਾ ਹਨ।