ਯੂਕੇ ਤੋਂ ਆਸਟਰੇਲੀਆ ਤਕ ਪੰਜਾਬੀ ਨੇ ਕੀਤੀ 25,000 ਕਿਲੋਮੀਟਰ ਦੀ ਪੈਦਲ ਯਾਤਰਾ

02/23/2019 12:58:29 AM

ਲੰਡਨ—ਕਹਿੰਦੇ ਨੇ ਕੁਝ ਲੋਕ ਅਜਿਹੇ ਹੁੰਦੇ ਹਨ ਜੋ ਆਪਣੇ ਲਈ ਤਾਂ ਕੁਝ ਕਰਦੇ ਹੀ ਨੇ ਪਰ ਦੂਜਿਆਂ ਲਈ ਉਨ੍ਹਾਂ ਦਾ ਕੰਮ ਪ੍ਰੇਰਣਾ ਸਰੋਤ ਬਣ ਜਾਂਦਾ ਹੈ। ਕੁਝ ਅਜਿਹੇ ਹੀ ਹਨ ਯੂ.ਕੇ. ਦੇ ਰਹਿਣ ਵਾਲੇ ਅਰਜੁਨ ਸਿੰਘ ਭੋਗਲ ਜਿਨ੍ਹਾਂ ਨੇ ਯੂ.ਕੇ. ਤੋਂ ਲੈ ਕੇ ਆਸਟਰੇਲੀਆ ਤਕ ਦੀ 25000 ਕਿਲੋਮੀਟਰ ਦੀ ਪੈਦਲ ਯਾਤਰਾ 2012 ਤੋਂ ਸ਼ੁਰੂ ਕੀਤੀ ਅਤੇ 2017 'ਚ ਜਾ ਕੇ ਉਨ੍ਹਾਂ ਦੀ ਇਹ ਯਾਤਰਾ ਖਤਮ ਹੋਈ। ਅਸਲ 'ਚ ਅਰਜੁਨ ਸਿੰਘ ਭੋਗਲ ਨੇ ਇਸ ਯਾਤਰਾ ਨੂੰ ਆਪਣੇ ਦੋਸਤ ਨਾਲ ਸੋਚਿਆ ਸੀ ਪਰ ਆਖਰ ਉਸ ਨੂੰ ਇਕੱਲਿਆਂ ਹੀ ਇਸ ਯਾਤਰਾ 'ਤੇ ਤੁਰਨਾ ਪਿਆ। ਅਰਜੁਨ ਕਹਿੰਦੇ ਹਨ ਕਿ ਉਨ੍ਹਾਂ ਦੀ ਇਹ ਯਾਤਰਾ ਦਾ ਮਕਸਦ ਲੋਕਾਂ ਤਕ ਸਾਫ ਪੀਣ ਯੋਗ ਪਾਣੀ ਦੀ ਪਹੁੰਚ ਕਰਨ ਲਈ ਜਾਗਰੁਕਤਾ ਪੈਦਾ ਕਰਨਾ ਸੀ। 25000 ਕਿਲੋਮੀਟਰ ਦੀ ਯਾਤਰਾ ਪੈਦਲ ਕਰਨਾ ਸੁਣਨ 'ਚ ਨਾਮੁਮਕਿਨ ਲੱਗਦਾ ਹੈ ਪਰ ਅਰਜੁਨ ਨੇ ਇਸ ਨੂੰ ਮੁਮਕਿਨ ਕਰ ਦਿਖਾਇਆ।

ਉਨ੍ਹਾਂ ਨੂੰ 5 ਸਾਲ ਦੀ ਇਸ ਯਾਤਰਾ ਦੌਰਾਨ ਬਹੁਤ ਖੱਟੇ ਮਿੱਠੇ ਤਜਰਬਿਆਂ ਦਾ ਸਾਹਮਣਾ ਹੋਇਆ। ਯੂ.ਕੇ. ਤੋਂ ਨਿਊ ਸਾਊਥ ਵੇਲਸ ਆਸਟਰੇਲੀਆ ਤਕ ਦਾ ਪੈਦਲ ਸਫਰ ਬਹੁਤ ਰੋਮਾਂਚਕ ਰਿਹਾ। ਐੱਸ.ਬੀ.ਐੱਸ. ਪੰਜਾਬੀ ਨਾਲ ਗੱਲ ਕਰਦਿਆਂ ਅਰਜੁਨ ਨੇ ਕਿਹਾ ਕਿ ਉਨ੍ਹਾਂ ਨੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਭਾਲ 'ਚ 10-10 ਕਿਲੋਮੀਟਰ ਤਕ ਤੁਰਦਿਆਂ ਦੇਖਿਆ ਹੈ ਜਿਸ ਨੇ ਕਿ ਉਨ੍ਹਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ। ਆਪੇ ਸਫਰ ਦੌਰਾਨ ਉਨ੍ਹਾਂ ਨੇ ਈਸਟ ਯੂਰਪ ਦੇ ਜੰਗਲਾਂ, ਗਰਮੀਆਂ 'ਚ ਕਜ਼ਾਖ ਰੇਗਿਸਤਾਨ, ਸਰਦੀਆਂ 'ਚ ਭਾਰਤ ਦੇ ਪਹਾੜੀ ਇਲਾਕਿਆਂ, ਸਾਊਥ ਈਸਟ ਏਸ਼ੀਆਂ ਦੇ ਜੰਗਲਾਂ, ਉਸ ਦੇ ਟਾਪੂਆਂ ਤੋਂ ਹੁੰਦੇ ਹੋਏ ਆਸਟਰੇਲੀਆ ਤਕ ਦਾ ਸਫਰ ਤੈਅ ਕੀਤਾ। ਉਨ੍ਹਾਂ ਦੀ ਇਹ ਯਾਤਰਾ ਮਈ 2017 ਨੂੰ ਖਤਮ ਹੋਈ। ਜਿਸ ਦੌਰਾਨ ਉਨ੍ਹਾਂ ਨੇ 5 ਸਾਲ, 1 ਮਹੀਨੇ ਅਤੇ ਤਿੰਨ ਦਿਨਾਂ 'ਚ 20 ਦੇਸ਼ਾਂ ਦੀ ਜੰਗਲਾਂ, ਪਹਾੜਾਂ, ਰੇਗਿਸਤਾਨਾਂ ਅਤੇ ਖਤਰਨਾਕ ਇਲਾਕਿਆਂ ਤੋਂ ਹੁੰਦੇ ਹੋਏ ਇਸ ਯਾਤਰਾ ਨੂੰ ਪੂਰਾ ਕੀਤਾ। ਉਨ੍ਹਾਂ ਨੇ ਆਪਣੀ ਯਾਤਰਾ ਦਾ ਅਨੁਭਵ ਸਾਂਝਾ ਕਰਦਿਆਂ ਕਿਹਾ ਕਿ ਇਹ ਇਕ ਵਧੀਆ ਤਜਰਬਾ ਸੀ ਅਤੇ ਇਸ ਯਾਤਰਾ ਦੌਰਾਨ ਉਨ੍ਹਾਂ ਨਾਲ ਕਈ ਲੋਕਾਂ ਦੀ ਮੁਲਾਕਾਤ ਹੋਈ। ਅਰਜੁਨ ਨੇ ਕਿਹਾ ਕਿ 2016 'ਚ ਬਾਲੀ ਤੋਂ ਗੁਜ਼ਰਨ ਤੋਂ ਬਾਅਦ ਉਨ੍ਹਾਂ ਦਾ ਸਰੀਰ ਬਹੁਤ ਹੌਲੀ ਪੈ ਗਿਆ ਸੀ। ਉਨ੍ਹਾਂ ਦੇ ਪੈਰਾਂ 'ਤੇ ਜ਼ਖਮ ਹੋ ਗਏ ਸਨ। ਉਨ੍ਹਾਂ ਨੇ ਕਿਹਾ ਕਿ ਇਹ ਉਹ ਸਮਾਂ ਸੀ ਜਦੋਂ ਉਨ੍ਹਾਂ ਨੂੰ ਲੱਗਿਆ ਕਿ ਟੀਚਾ ਪੂਰਾ ਕਰਨਾ ਬਹੁਤ ਮੁਸ਼ਕਲ ਹੈ। 
ਦੱਸ ਦਈਏ ਕਿ ਅਰਜੁਨ ਦਾ ਭਾਰਤ ਨਾਲ ਵੀ ਮਜ਼ਬੂਤ ਰਿਸ਼ਤਾ ਹੈ। ਉਸ ਦੇ ਮਾਤਾ-ਪਿਤਾ ਭਾਵੇਂ ਕੀਨੀਆ ਦੇ ਜਮਪਲ ਹਨ ਉਸ ਦੇ ਦਾਦਾ ਦਾਦੀ ਪੰਜਾਬ ਤੋਂ ਹਨ। ਅਰਜੁਨ ਦੇ ਪੈਦਾ ਹੋਣ ਤੋਂ ਪਹਿਲਾਂ ਉਸ ਦਾ ਸਾਰਾ ਪਰਿਵਾਰ ਯੂ.ਕੇ. ਮੂਵ ਹੋ ਗਿਆ।      


Hardeep kumar

Content Editor

Related News