ਕਿਊਬਿਕ 'ਚ ਕੋਰੋਨਾ ਕਾਰਨ 19 ਸਾਲ ਦੀ ਉਮਰ 'ਚ ਪਹਿਲੀ ਮੌਤ

08/22/2020 4:32:41 PM

ਮਾਂਟਰੀਅਲ- ਕਿਊਬਿਕ ਵਿਚ ਕੋਰੋਨਾ ਵਾਇਰਸ ਕਾਰਨ ਨੌਜਵਾਨਾਂ ਦੀ ਮੌਤ ਬਹੁਤ ਘੱਟ ਹੋਈ ਹੈ ਪਰ ਸਿਹਤ ਮੰਤਰਾਲੇ ਨੇ ਦੱਸਿਆ ਕਿ ਵੀਰਵਾਰ ਨੂੰ ਇਕ 19 ਸਾਲਾ ਨੌਜਵਾਨ ਨੇ ਕੋਰੋਨਾ ਵਾਇਰਸ ਕਾਰਨ ਆਪਣੀ ਜਾਨ ਗੁਆਈ। ਉਸ ਦੀ ਪਛਾਣ ਡਾਨ ਬੈਨੀ ਕਾਬਾਨਗੁ ਨਸਾਪੁ ਵਜੋਂ ਹੋਈ ਹੈ।

ਉਸ ਦੀ ਮੌਤ ਬਾਰੇ ਫੇਸਬੁੱਕ 'ਤੇ ਇਕ ਗਰੁੱਪ ਕੋਂਗੋਲਏਸ ਡੀ ਮਾਂਟਰੀਅਲ ਵਲੋਂ ਦੱਸਿਆ ਗਿਆ ਤੇ ਦੁੱਖ ਸਾਂਝਾ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਉਸ ਨੇ 16 ਅਗਸਤ ਨੂੰ ਦਮ ਤੋੜ ਦਿੱਤਾ। ਕਿਊਬਿਕ ਵਿਚ ਕੋਰੋਨਾ ਦੇ ਸ਼ੁਰੂ ਹੋਣ ਤੋਂ ਲੈ ਕੇ ਪਹਿਲੀ ਵਾਰ ਸੂਬੇ ਵਿਚ 20 ਸਾਲ ਤੋਂ ਘੱਟ ਉਮਰ ਵਾਲੇ ਸ਼ਖਸ ਦੀ ਮੌਤ ਹੋਈ ਹੈ। ਸਿਹਤ ਮੰਤਰਾਲੇ ਨੇ ਦੱਸਿਆ ਕਿ ਸੂਬੇ ਵਿਚ 10 ਤੋਂ 19 ਸਾਲ ਦੇ 3,292 ਬੱਚੇ ਕੋਰੋਨਾ ਨਾਲ ਸੰਕਰਮਿਤ ਹਨ ਪਰ ਇਸ ਉਮਰ ਵਿਚ ਮਰਨ ਵਾਲਾ ਇਹ ਪਹਿਲਾ ਬਾਲਗ ਹੈ। 

ਉਸ ਦਾ ਜਨਮ 2001 ਵਿਚ ਕਾਂਗੋ ਵਿਚ ਹੋਇਆ ਸੀ। ਉਸ ਦੇ ਪਰਿਵਾਰ ਵਿਚ ਮਾਂ-ਬਾਪ ਤੋਂ ਇਲਾਵਾ ਭੈਣ-ਭਰਾ ਹਨ। ਕੈਨੇਡਾ ਦੇ ਸਿਹਤ ਮੰਤਰੀ ਨੇ ਓਟਾਵਾ ਵਿਚ ਨੌਜਵਾਨ ਦੀ ਮੌਤ 'ਤੇ ਦੁੱਖ ਸਾਂਝਾ ਕੀਤਾ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਲਈ ਇਹ ਦੁੱਖ ਸਹਿਣ ਕਰਨਾ ਬਹੁਤ ਮੁਸ਼ਕਲ ਹੈ ਤੇ ਉਹ ਇਸ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੇ। ਉਨ੍ਹਾਂ ਦੱਸਿਆ ਕਿ ਉਹ ਸੌਕਰ ਖੇਡਣ ਦਾ ਸ਼ੌਕੀਨ ਸੀ। ਜਦ ਉਹ ਕੈਨੇਡਾ ਆਇਆ ਸੀ ਤਾਂ ਉਹ ਬਹੁਤ ਖੁਸ਼ ਸੀ ਪਰ ਉਹ ਨਹੀਂ ਜਾਣਦਾ ਸੀ ਕਿ ਉਸ ਦੀ ਜ਼ਿੰਦਗੀ ਦਾ ਸਫਰ ਇੱਥੇ ਹੀ ਖਤਮ ਹੋ ਜਾਣਾ ਸੀ। 


Lalita Mam

Content Editor

Related News