4 ਸਾਲਾ ਬੱਚੀ ਦਾ ਸੌਦਾ ਕਰਨ ਵਾਲੇ ਪਿਤਾ ਨੂੰ ਹੋਈ 60 ਸਾਲ ਦੀ ਸਜ਼ਾ
Sunday, Mar 25, 2018 - 12:43 PM (IST)

ਵਾਸ਼ਿੰਗਟਨ (ਬਿਊਰੋ)— ਬੱਚੀਆਂ ਨਾਲ ਹੁੰਦੀਆਂ ਵਾਰਦਾਤਾਂ ਦਿਨ-ਬ-ਦਿਨ ਵੱਧਦੀਆਂ ਜਾ ਰਹੀਆਂ ਹਨ। ਭਾਰਤ ਹੀ ਨਹੀਂ ਸਗੋਂ ਦੂਜੇ ਦੇਸ਼ਾਂ ਵਿਚੋਂ ਵੀ ਨਿਤ ਅਜਿਹੀਆਂ ਖਬਰਾਂ ਦੇਖਣ-ਸੁਨਣ ਨੂੰ ਮਿਲਦੀਆਂ ਹਨ। ਤਾਜ਼ਾ ਮਾਮਲੇ ਵਿਚ ਅਮਰੀਕਾ ਦੀ ਇਕ ਖਬਰ ਆਈ ਹੈ। ਇੱਥੇ ਵਿਸਕਾਨਸਿਨ ਵਿਚ ਰਹਿੰਦੇ ਇਕ ਪਿਤਾ ਨੇ ਆਪਣੀ 4 ਸਾਲਾ ਬੱਚੀ ਨੂੰ ਸੈਕਸ ਲਈ ਵੇਚਣ ਦੀ ਕੋਸ਼ਿਸ਼ ਕੀਤੀ ਸੀ। ਅਦਾਲਤ ਨੇ ਦੋਸ਼ੀ ਪਿਤਾ ਐਂਡਰਿਊ ਟਰਲੇ (30) ਨੂੰ 60 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀ ਪਿਤਾ ਉਸ ਸਮੇਂ ਪਕੜ ਵਿਚ ਆਇਆ, ਜਦੋਂ ਉਸ ਨੇ ਆਪਣੀ 4 ਸਾਲਾ ਬੇਟੀ ਨੂੰ ਸੈਕਸ ਲਈ ਵੇਚਣ ਖਾਤਰ ਬਕਾਇਦਾ ਵਿਗਿਆਪਨ ਦਿੱਤਾ।
ਪੁਲਸ ਦੀ ਜਾਣਕਾਰੀ ਮੁਤਾਬਕ ਦੋਸ਼ੀ ਪਿਤਾ ਨੇ ਕ੍ਰੈਗਲਿਸਟ 'ਤੇ ਆਪਣੀ 4 ਸਾਲਾ ਬੱਚੀ ਨਾਲ ਸੈਕਸ ਲਈ ਵਿਗਿਆਪਨ ਦਿੱਤਾ। ਅਮਰੀਕਾ ਦੇ ਟੈਕਸਾਸ ਵਿਚ ਹੈਰਿਸ ਕਾਊਂਟੀ ਦੀ ਅਦਾਲਤ ਨੇ ਐਂਡਰਿਊ ਟਰਲੇ ਨੂੰ 60 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਹ ਸਜ਼ਾ ਉਸ ਨੂੰ ਬੱਚੀ ਦੇ ਵਪਾਰ ਅਤੇ 18 ਸਾਲ ਤੋਂ ਘੱਟ ਉਮਰ ਦੀ ਬੱਚੀ ਨੂੰ ਸੈਕਸ ਲਈ ਮਜ਼ਬੂਰ ਕਰਨ ਦੇ ਅਪਰਾਧ ਤਹਿਤ ਸੁਣਾਈ ਗਈ ਹੈ। ਟਰਲੇ ਨੇ ਆਪਣੇ ਵੱਲੋਂ ਦਿੱਤੇ ਵਿਗਿਆਪਨ ਨੂੰ ਨਾਂ ਦਿੱਤਾ ਸੀ 'play with daddy's little girl' (ਪਾਪਾ ਦੀ ਛੋਟੀ ਬੱਚੀ ਨਾਲ ਖੇਡੋ)। ਹੈਰਿਸ ਕਾਊਂਟੀ ਦੇ ਜ਼ਿਲਾ ਅਟਾਰਨੀ ਮੁਤਾਬਕ ਟਰਲੇ ਨੇ ਆਪਣੀ ਬੇਟੀ ਨੂੰ 10 ਸਾਲ ਤੋਂ ਘੱਟ ਉਮਰ ਦੀ ਦੱਸਿਆ ਅਤੇ ਸੰਭਾਵਿਤ ਗਾਹਕਾਂ ਨਾਲ ਗੱਲ ਕੀਤੀ। ਉਸ ਨੇ ਕਰੀਬ 70 ਈ-ਮੇਲ 'ਤੇ ਇਹ ਗੱਲ ਕਹੀ। ਇੰਨਾ ਹੀ ਨਹੀਂ ਇਸ ਪਿਤਾ ਨੇ ਕਈ ਮੇਲਜ਼ ਵਿਚ ਇਹ ਵੀ ਲਿਖਿਆ ਕਿ ਸੈਕਸ ਤੋਂ ਪਹਿਲਾਂ ਉਹ ਬੱਚੀ ਨੂੰ ਸੋਣ ਦੀ ਦਵਾਈ ਦੇਵੇਗਾ ਅਤੇ ਦੋ ਘੰਟਿਆਂ ਲਈ 1000 ਡਾਲਰ ਲਵੇਗਾ। ਮਤਲਬ ਸਾਫ ਸੀ ਕਿ ਬੱਚੀ ਸੈਕਸ ਲਈ ਛੋਟੀ ਸੀ ਪਰ ਟਰਲੇ ਇਸ ਲਈ ਤਿਆਰ ਸੀ।
ਵਿਗਿਆਪਨ ਪੜ੍ਹਨ ਮਗਰੋਂ ਪੁਲਸ ਨੇ ਆਪਣਾ ਜਾਲ ਵਿਛਾਇਆ ਅਤੇ ਖੁਦ ਇਕ ਖਰੀਦਦਾਰ ਬਣ ਕੇ ਟਰਲੇ ਨਾਲ ਗੱਲ ਕੀਤੀ। ਟਰਲੇ ਪੁਲਸ ਦੇ ਜਾਲ ਵਿਚ ਫਸ ਗਿਆ ਅਤੇ ਉਸ ਨੂੰ ਨਵੰਬਰ 2015 ਵਿਚ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਨੇ ਪਾਇਆ ਕਿ ਬੱਚੀ ਆਪਣੀ ਮਾਂ ਨਾਲ ਹਿਊਸਟਨ ਵਿਚ ਰਹਿ ਰਹੀ ਸੀ। ਜਦੋਂ ਪੁਲਸ ਮੌਕੇ 'ਤੇ ਪਹੁੰਚੀ ਤਾਂ ਬੱਚੀ ਬੈੱਡਰੂਮ ਵਿਚ ਬੇਹੋਸ਼ ਸੀ ਅਤੇ ਕੰਬਲ ਵਿਚ ਬਿਨਾ ਕੱਪੜਿਆਂ ਦੇ ਸੀ। ਰਿਪੋਰਟ ਮੁਤਾਬਕ ਬੱਚੀ ਦੀ ਮਾਂ ਨੂੰ ਟਰਲੇ ਦੀ ਇਸ ਹਰਕਤ ਬਾਰੇ ਕੋਈ ਜਾਣਕਾਰੀ ਨਹੀਂ ਸੀ। ਕੇਸ ਦੀ ਸੁਣਵਾਈ ਦੌਰਾਨ ਸਹਾਇਕ ਜ਼ਿਲਾ ਅਟਾਰਨੀ ਜਨਰਲ ਸਟੀਵਾਨਾ ਮਿਸਕੇਲ, ਪ੍ਰਰੌਸੀਕਿਊਟਰਾਂ ਵਿਚੋਂ ਇਕ ਨੇ ਕਿਹਾ,''ਇਸ ਕੇਸ ਨੇ ਉਸ ਦੇ ਦਿਲ ਨੂੰ ਤੋੜ ਦਿੱਤਾ ਹੈ।'' ਉਸ ਨੇ ਕਿਹਾ,''ਇਕ ਪਿਤਾ ਨੂੰ ਰੱਖਿਅਕ ਮੰਨਿਆ ਜਾਂਦਾ ਹੈ ਨਾ ਕਿ ਸ਼ਿਕਾਰੀ। ਜੂਰੀਸ ਨੂੰ ਅਜਿਹੇ ਵਿਅਕਤੀ ਨੂੰ ਆਪਣੇ ਭਾਚੀਚਾਰੇ ਤੋਂ ਬਾਹਰ ਕੱਢ ਦੇਣਾ ਚਾਹੀਦਾ ਹੈ।'' ਅਮਰੀਕੀ ਕਾਨੂੰਨ ਮੁਤਾਬਕ ਟਰਲੇ ਨੂੰ 30-30 ਸਾਲ ਦੀ ਸਜ਼ਾ ਦੋ ਅਪਰਾਧਾਂ ਦੇ ਤਹਿਤ ਦਿੱਤੀ ਗਈ ਹੈ। ਹੁਣ ਉਹ 75 ਸਾਲ ਦੀ ਉਮਰ ਤੋਂ ਪਹਿਲਾਂ ਪੈਰੋਲ ਦਾ ਹੱਕਦਾਰ ਨਹੀਂ ਹੋਵੇਗਾ।