ਬ੍ਰਾਜ਼ੀਲ : ਪਾਰਟੀ 'ਚ ਪੁੱਜੇ ਸ਼ੱਕੀ, ਪੁਲਸ ਨਾਲ ਝੜਪ ਦੌਰਾਨ 9 ਲੋਕਾਂ ਦੀ ਮੌਤ

12/02/2019 12:01:53 PM

ਰੀਓ ਡੀ ਜਨੇਰੀਓ, (ਭਾਸ਼ਾ)— ਬ੍ਰਾਜ਼ੀਲ 'ਚ ਸ਼ੱਕੀਆਂ ਦਾ ਪਿੱਛਾ ਕਰ ਰਹੇ ਪੁਲਸ ਅਧਿਕਾਰੀ ਸਾਓ ਪਾਓਲੋ ਦੀ ਇਕ ਬਸਤੀ 'ਚ ਚੱਲ ਰਹੀ ਇਕ ਪਾਰਟੀ 'ਚ ਦਾਖਲ ਹੋ ਗਏ, ਜਿਸ ਕਾਰਨ ਉੱਥੇ ਹੜਕੰਪ ਮਚ ਗਿਆ ਅਤੇ 9 ਲੋਕਾਂ ਦੀ ਮੌਤ ਹੋ ਗਈ ਅਤੇ 7 ਲੋਕ ਜ਼ਖਮੀ ਹੋ ਗਏ। ਬ੍ਰਾਜ਼ੀਲ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਸੁਰੱਖਿਆ ਏਜੰਸੀ ਨੇ ਦੱਸਿਆ ਕਿ ਪੁਲਸ ਇਕ ਮੁਹਿੰਮ ਚਲਾ ਰਹੀ ਸੀ, ਇਸੇ ਦੌਰਾਨ ਮੋਟਰਸਾਈਕਲ 'ਤੇ ਸਵਾਰ ਦੋ ਵਿਅਕਤੀਆਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਦੋਹਾਂ ਪਾਸਿਓਂ ਝੜਪ ਸ਼ੁਰੂ ਹੋ ਗਈ ਅਤੇ ਪੁਲਸ ਅਧਿਕਾਰੀਆਂ ਨੇ ਸ਼ੱਕੀਆਂ ਦਾ ਪਿੱਛਾ ਕੀਤਾ। ਸ਼ੱਕੀ ਇਕ ਪਾਰਟੀ 'ਚ ਦਾਖਲ ਹੋ ਗਏ।

ਪਾਰੇਸਪੋਲਿਸ ਜ਼ਿਲੇ 'ਚ ਹੋ ਰਹੀ ਉਸ ਪਾਰਟੀ 'ਚ ਹਜ਼ਾਰਾਂ ਲੋਕ ਮੌਜੂਦ ਸਨ। ਪੁਲਸ ਬੁਲਾਰਾ ਐਮਰਸਨ ਮਾਸੇਰਾ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਉੱਥੇ ਮੌਜੂਦ ਲੋਕਾਂ ਨੇ ਅਧਿਕਾਰੀਆਂ 'ਤੇ ਪਥਰਾਅ ਕਰ ਦਿੱਤਾ ਅਤੇ ਬੋਤਲਾਂ ਵੀ ਸੁੱਟੀਆਂ। ਇਸ ਦੌਰਾਨ ਸ਼ੱਕੀ ਲਗਾਤਾਰ ਗੋਲੀਆਂ ਚਲਾਉਂਦੇ ਰਹੇ। ਇਸ ਦੇ ਜਵਾਬ 'ਚ ਪੁਲਸ ਨੇ ਵੀ ਰਬੜ ਬੁਲਟ ਤੇ ਹੰਝੂ ਗੈਸ ਦੇ ਗੋਲੇ ਦਾਗੇ। ਪੁਲਸ ਮੁਤਾਬਕ ਇਸ ਦੇ ਬਾਅਦ ਸ਼ੱਕੀ ਇਕ ਤੰਗ ਗਲੀ ਵੱਲ ਭੱਜਣ ਲੱਗ ਗਏ ਤੇ ਇਸ ਦੌਰਾਨ 9 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ 7 ਲੋਕ ਜ਼ਖਮੀ ਹੋ ਗਏ। ਮਾਸੇਰਾ ਨੇ ਦੱਸਿਆ ਕਿ ਸ਼ੱਕੀਆਂ ਨੇ ਪੁਲਸ ਤੋਂ ਬਚਣ ਲਈ ਲੋਕਾਂ ਨੂੰ ਮਨੁੱਖੀ ਢਾਲ ਦੀ ਤਰ੍ਹਾਂ ਵਰਤਿਆ। ਸ਼ੱਕੀ ਆਖਰਕਾਰ ਭੱਜ ਗਏ। ਪੁਲਸ ਵਲੋਂ ਅਜੇ ਵੀ ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ।


Related News