ਮੈਕਸੀਕੋ ''ਚ ਸ਼ਾਪਿੰਗ ਮਾਲ ਢਹਿ ਜਾਣ ਕਾਰਨ 7 ਲੋਕਾਂ ਦੀ ਮੌਤ

10/12/2018 10:29:44 AM

ਮੈਕਸੀਕੋ ਸਿਟੀ(ਏਜੰਸੀ)— ਮੈਕਸੀਕੋ 'ਚ ਇਕ ਸ਼ਾਪਿੰਗ ਮਾਲ ਦੇ ਢਹਿ ਜਾਣ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਕਈ ਮਜ਼ਦੂਰ ਲਾਪਤਾ ਵੀ ਹਨ।
ਲੋਕਲ ਕੌਂਸਲ ਸਕੱਤਰ ਜੈਨਾਰੀਓ ਗਰੇਸੀਆ ਨੇ ਦੱਸਿਆ ਕਿ ਉਨ੍ਹਾਂ ਨੂੰ 15 ਕੁ ਲੋਕਾਂ ਦੇ ਜ਼ਖਮੀ ਹੋਣ ਅਤੇ ਮਾਰੇ ਜਾਣ ਦੀ ਖਬਰ ਮਿਲੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਸਭ ਇਸ ਮਾਲ ਦਾ ਨਿਰਮਾਣ ਕਰਨ ਵਾਲੇ ਮਜ਼ਦੂਰ ਹਨ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇੱਥੇ ਇਕ 3 ਮੰਜ਼ਲਾਂ ਇਮਾਰਤ ਦਾ ਨਿਰਮਾਣ ਕਾਰਜ ਚੱਲ ਰਿਹਾ ਸੀ ਅਤੇ ਇਸ ਇਮਾਰਤ ਨੂੰ ਬਣਾਉਣ ਲਈ ਮਾਲਕ ਕੋਲ ਜ਼ਰੂਰੀ ਲਾਇਸੈਂਸ ਵੀ ਨਹੀਂ ਹੈ। ਘਟਨਾ ਦੀਆਂ ਤਸਵੀਰਾਂ 'ਚ ਸਪੱਸ਼ਟ ਦਿਖਾਈ ਦੇ ਰਿਹਾ ਹੈ ਕਿ ਮਲਬੇ ਹੇਠ ਫਸੇ ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਕੋਸ਼ਿਸ਼ਾਂ ਚੱਲ ਰਹੀਆਂ ਹਨ। ਸਥਾਨਕ ਸਮੇਂ ਮੁਤਾਬਕ ਇਹ ਘਟਨਾ ਵੀਰਵਾਰ ਰਾਤ ਨੂੰ ਵਾਪਰੀ। ਰਾਹਤ ਟੀਮ ਅਜੇ 9 ਹੋਰ ਮਜ਼ਦੂਰਾਂ ਨੂੰ ਲੱਭ ਰਹੀ ਹੈ।
ਤੁਹਾਨੂੰ ਦੱਸ ਦਈਏ ਕਿ ਜੁਲਾਈ ਮਹੀਨੇ ਵੀ ਇੱਥੇ ਨਵਾਂ ਬਣਿਆ ਸ਼ਾਪਿੰਗ ਮਾਲ ਢਹਿ ਗਿਆ ਸੀ ਪਰ ਉਸ ਸਮੇਂ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਸੀ।


Related News