ਇਪਸਾ ਵੱਲੋਂ ਕਰਵਾਏ ਜਾ ਰਹੇ ਛੇਵੇਂ ਭਾਰਤੀ ਸਾਹਿਤ ਉਤਸਵ ਬ੍ਰਿਸਬੇਨ ’ਚ ਨਾਮਵਰ ਹਸਤੀਆਂ ਹੋਣਗੀਆਂ ਸ਼ਾਮਿਲ

Monday, Apr 18, 2022 - 04:02 PM (IST)

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ) : ਆਸਟਰੇਲੀਆ ਦੀ ਸਿਰਮੌਰ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਸਟਰੇਲੀਆ (ਇਪਸਾ) ਵੱਲੋਂ ਹਰ ਸਾਲ ਬ੍ਰਿਸਬੇਨ ਵਿਖੇ ਭਾਰਤੀ ਸਾਹਿਤ ਉਤਸਵ ਕਰਵਾਇਆ ਜਾਂਦਾ ਹੈ, ਜਿਸ ਵਿਚ ਤ੍ਰੈ-ਭਾਸ਼ਾਈ ਕਵੀ ਦਰਬਾਰ ਕਰਵਾਇਆ ਜਾਂਦਾ ਹੈ। ਇਸ ਉਤਸਵ ਵਿਚ ਹਰ ਸਾਲ ਹਿੰਦੀ, ਪੰਜਾਬੀ ਅਤੇ ਊਰਦੂ ਵਿੱਚੋਂ ਕਿਸੇ ਇਕ ਭਾਸ਼ਾ ਦੇ ਲੇਖਕ ਨੂੰ ਉਮਰ ਭਰ ਦੀਆਂ ਪ੍ਰਾਪਤੀਆਂ ਅਤੇ ਸਾਹਿਤਕ ਯੋਗਦਾਨ ਲਈ ਇਪਸਾ ਐਵਾਰਡ ਫਾਰ ਲਿਟਰੇਚਰ ਦਿੱਤਾ ਜਾਂਦਾ ਹੈ। ਇਸ ਪੁਰਸਕਾਰ ਨਾਲ $500 ਡਾਲਰ ਦੀ ਰਾਸ਼ੀ ਅਤੇ ਸੋਵੀਨਾਰ ਪ੍ਰਦਾਨ ਕੀਤਾ ਜਾਂਦਾ ਹੈ। ਪਿਛਲੇ ਸਾਲ ਕੋਰੋਨਾ ਕਾਰਨ ਪੰਜਵਾਂ ਭਾਰਤੀ ਸਾਹਿਤ ਉਤਸਵ ਅਤੇ ਪੰਜਵਾਂ ਇਪਸਾ ਐਵਾਰਡ, ਜੋ ਸੁਖਵਿੰਦਰ ਅੰਮ੍ਰਿਤ, ਨੂੰ ਦੇਣਾ ਸੀ, ਉਹ ਪੁਰਸਕਾਰ ਸਮਾਰੋਹ ਮੁਅੱਤਲ ਕਰਨਾ ਪਿਆ ਸੀ। ਇਸ ਵਰ੍ਹੇ ਮਿਤੀ 14 ਮਈ ਨੂੰ ਛੇਵੇਂ ਭਾਰਤੀ ਸਾਹਿਤ ਉਤਸਵ ਵਿਚ ਪੰਜਵਾਂ ਇਪਸਾ ਐਵਾਰਡ ਸੁਖਵਿੰਦਰ ਅੰਮ੍ਰਿਤ ਅਤੇ ਛੇਵਾਂ ਇਪਸਾ ਪੁਰਸਕਾਰ ਨਾਮਵਰ ਆਲੋਚਕ ਡਾ. ਹਰਭਜਨ ਸਿੰਘ ਭਾਟੀਆ ਨੂੰ ਦਿੱਤਾ ਜਾਵੇਗਾ। 

ਇਸ ਉਤਸਵ ’ਚ ਕਹਾਣੀਕਾਰ ਜਿੰਦਰ ਮੁੱਖ ਮਹਿਮਾਨ ਹੋਣਗੇ, ਉਨ੍ਹਾਂ ਦੇ ਨਾਲ ਪ੍ਰਧਾਨਗੀ ਮੰਡਲ ’ਚ ਡਾ. ਅਰਵਿੰਦਰ ਕੌਰ ਭਾਟੀਆ ਅਤੇ ਨਿਊ ਸਾਊਥ ਵੇਲਜ਼ ਤੋਂ ਬਲਵੰਤ ਸਾਨੀਪੁਰ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਉਤਸਵ ’ਚ ਤਿੰਨਾਂ ਭਾਸ਼ਾਵਾਂ ਦੇ ਪ੍ਰਤੀਨਿਧ ਕਵੀ ਸ਼ਾਮਿਲ ਹੋਣਗੇ। ਇਸ ’ਚ ਹਿੰਦੀ ਦੀ ਪ੍ਰਤੀਨਿਧਤਾ ਵਿਭਾ ਦਾਸ ਸਿੰਘ, ਉਰਦੂ ਦੀ ਪ੍ਰਤੀਨਿਧਤਾ ਫਰਹਾ ਅਮਾਰ ਅਤੇ ਪੰਜਾਬੀ ਦੀ ਪ੍ਰਤੀਨਿਧਤਾ ਪ੍ਰਸਿੱਧ ਗ਼ਜ਼ਲਗੋ ਗੁਰਦਿਆਲ ਦਲਾਲ ਕਰਨਗੇ। ਇਸ ਉਤਸਵ ਦਾ ਵਿਸ਼ੇਸ਼ ਆਕਰਸ਼ਣ ਆਰਟ ਪ੍ਰਦਰਸ਼ਨੀ ਹੋਵੇਗੀ, ਇਸ ਲਈ ਆਰਟਿਸਟ ਰਾਜੀ ਮੁਸੱਵਰ ਮੈਲਬੋਰਨ ਤੋਂ ਵਿਸ਼ੇਸ਼ ਰੂਪ ਵਿਚ ਆਪਣੀਆਂ ਕਲਾਕ੍ਰਿਤੀਆਂ ਨਾਲ ਹਾਜ਼ਰੀ ਭਰਨਗੇ। ਭਾਰਤੀ ਸਾਹਿਤ ਉਤਸਵ ਦਾ ਸਾਹਿਤਕ ਸੈਸ਼ਨ ਇੰਡੋਜ਼ ਪੰਜਾਬੀ ਲਾਇਬਰੇਰੀ ਇਨਾਲਾ ਵਿਖੇ ਅਤੇ ਕਲਾ ਪ੍ਰਦਰਸ਼ਨੀ ਅਮੇਰਿਕਨ ਕਾਲਜ ਬ੍ਰਿਸਬੇਨ ਵਿਖੇ ਆਯੋਜਿਤ ਕਰਵਾਈ ਜਾਵੇਗੀ। ਇਸ ਸਮਾਗਮ ’ਚ ਬ੍ਰਿਸਬੇਨ ਤੋਂ ਕਵਿੱਤਰੀ ਹਰਜੀਤ ਸੰਧੂ ਦੀ ਪਲੇਠੀ ਬਾਲ ਸਾਹਿਤ ਦੀ ਪੁਸਤਕ ‘ਵੱਡੇ ਵੱਡੇ ਸੁਪਨੇ’ ਲੋਕ ਅਰਪਣ ਕੀਤੀ ਜਾਵੇਗੀ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਇਪਸਾ ਦੇ ਕੋਆਰਡੀਨੇਟਰ ਸਰਬਜੀਤ ਸੋਹੀ ਨੇ ਦੱਸਿਆ ਕਿ ਇਸ ਉਤਸਵ ਵਿਚ ਦੋਵਾਂ ਰਸਮੀ ਸੈਸ਼ਨਾਂ ਤੋਂ ਇਲਾਵਾ ਕੁਝ ਹੋਰ ਗੈਰ-ਰਸਮੀ ਅਦਬੀ ਮਿਲਣੀਆਂ ਅਤੇ ਬੈਠਕਾਂ ਵੀ ਇਸ ਦਾ ਵਿਸ਼ੇਸ਼ ਹਿੱਸਾ ਹੋਣਗੀਆਂ। ਜ਼ਿਕਰਯੋਗ ਹੈ ਕਿ ਇਪਸਾ ਵੱਲੋਂ ਦਿੱਤਾ ਜਾਣ ਵਾਲਾ ਇਪਸਾ ਐਵਾਰਡ ਫਾਰ ਲਿਟਰੇਚਰ ਇਸ ਤੋਂ ਪਹਿਲਾਂ ਹਿੰਦੀ ਲੇਖਕ ਡਾ. ਸਰਵਾ ਦਮਨ ਸਿੰਘ, ਭਾਰਤੀ ਉਰਦੂ ਸ਼ਾਇਰ ਖੁਸ਼ਬੀਰ ਸਿੰਘ ਸ਼ਾਦ, ਪਾਕਿਸਤਾਨੀ ਉਰਦੂ ਸ਼ਾਇਰ ਅਸਰਫ਼ ਸ਼ਾਦ ਅਤੇ ਹਿੰਦੀ ਸ਼ਾਇਰਾ ਰੇਖਾ ਰਾਜਵੰਸ਼ੀ ਨੂੰ ਦਿੱਤਾ ਜਾ ਚੁੱਕਾ ਹੈ।


 


Manoj

Content Editor

Related News