ਪਾਕਿਸਤਾਨ 'ਚ ਆਤਮਘਾਤੀ ਹਮਲੇ 'ਚ 6 ਚੀਨੀ ਨਾਗਰਿਕਾਂ ਦੀ ਮੌਤ
Tuesday, Mar 26, 2024 - 04:48 PM (IST)
ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਅਸ਼ਾਂਤ ਉੱਤਰੀ-ਪੱਛਮੀ ਸੂਬੇ ਖੈਬਰ-ਪਖਤੂਨਖਵਾ ਵਿਚ ਮੰਗਲਵਾਰ ਨੂੰ ਵਿਸਫੋਟਕ ਨਾਲ ਭਰੇ ਇਕ ਵਾਹਨ ਨੇ ਇਕ ਬੱਸ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਬੱਸ ਵਿਚ ਸਫਰ ਕਰ ਰਹੇ ਘੱਟ ਤੋਂ ਘੱਟ 6 ਚੀਨੀ ਨਾਗਰਿਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਇਹ ਚੀਨੀ ਨਾਗਰਿਕ ਦਾਸੂ ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ 'ਤੇ ਕੰਮ ਕਰ ਰਹੇ ਸਨ। ਪੁਲਸ ਨੇ ਦੱਸਿਆ ਕਿ ਸੂਬੇ ਦੇ ਸ਼ਾਂਗਲਾ ਜ਼ਿਲੇ ਦੇ ਬਿਸ਼ਾਮ ਇਲਾਕੇ 'ਚ ਹੋਈ ਇਸ ਘਟਨਾ 'ਚ ਕਈ ਹੋਰ ਜ਼ਖਮੀ ਵੀ ਹੋਏ ਹਨ। ਪੁਲਸ ਨੇ ਦੱਸਿਆ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਇਸਲਾਮਾਬਾਦ ਤੋਂ ਕੋਹਿਸਤਾਨ ਜਾ ਰਹੀ ਇੱਕ ਬੱਸ ਨੂੰ ਉਲਟ ਦਿਸ਼ਾ ਤੋਂ ਆ ਰਹੇ ਇੱਕ ਵਾਹਨ ਨੇ ਟੱਕਰ ਮਾਰ ਦਿੱਤੀ। ਅਜੇ ਤੱਕ ਕਿਸੇ ਸਮੂਹ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਇਹ ਵੀ ਪੜ੍ਹੋ: ਹੁਣ 14 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਕਰ ਸਕਣਗੇ ਸੋਸ਼ਲ ਮੀਡੀਆ ਦੀ ਵਰਤੋਂ, ਲੱਗੀ ਪਾਬੰਦੀ
'ਡਾਨ ਡਾਟ ਕਾਮ' ਦੀ ਰਿਪੋਰਟ ਮੁਤਾਬਕ ਬਿਸ਼ਮ ਪੁਲਸ ਸਟੇਸ਼ਨ ਦੇ ਇੰਚਾਰਜ (ਐੱਸ.ਐੱਚ.ਓ.) ਬਖਤ ਜ਼ਹੀਰ ਨੇ ਕਿਹਾ ਕਿ ਇਹ ਘਟਨਾ ਇਕ "ਆਤਮਘਾਤੀ ਧਮਾਕਾ" ਸੀ ਅਤੇ ਸਬੰਧਤ ਅਧਿਕਾਰੀ ਸਬੂਤ ਇਕੱਠੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੌਕੇ 'ਤੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ ਅਤੇ ਲਾਸ਼ਾਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ। ਐੱਸ.ਐੱਚ.ਓ. ਨੇ ਕਿਹਾ, "ਅਸੀਂ ਜਾਂਚ ਕਰਾਂਗੇ ਕਿ ਆਤਮਘਾਤੀ ਹਮਲਾਵਰ ਦਾ ਵਾਹਨ ਕਿੱਥੋਂ ਅਤੇ ਕਿਵੇਂ ਆਇਆ ਅਤੇ ਇਹ ਹਾਦਸਾ ਕਿਵੇਂ ਵਾਪਰਿਆ।" ਸ਼ਾਂਗਲਾ ਕੋਹਿਸਤਾਨ ਦੇ ਨੇੜੇ ਹੈ, ਜਿੱਥੇ 2021 ਵਿੱਚ ਇੱਕ ਅੱਤਵਾਦੀ ਹਮਲੇ ਵਿੱਚ ਨੌਂ ਚੀਨੀਆਂ ਸਮੇਤ 13 ਲੋਕ ਮਾਰੇ ਗਏ ਸਨ। ਹਜ਼ਾਰਾਂ ਚੀਨੀ ਕਾਮੇ ਪਾਕਿਸਤਾਨ ਵਿੱਚ 60 ਬਿਲੀਅਨ ਡਾਲਰ ਦੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਦੇ ਤਹਿਤ ਚਲਾਏ ਜਾ ਰਹੇ ਕਈ ਪ੍ਰੋਜੈਕਟਾਂ ਵਿੱਚ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ: ਕੈਨੇਡਾ 'ਚ ਘਰ 'ਚੋਂ ਮਿਲੀਆਂ 4 ਲੋਕਾਂ ਦੀਆਂ ਲਾਸ਼ਾਂ, ਇਲਾਕੇ 'ਚ ਫੈਲੀ ਸਨਸਨੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8