ਅਫਗਾਨਿਸਤਾਨ ’ਚੋਂ 5 ਲੱਖ ਅਮਰੀਕੀ ਹਥਿਆਰ ਗਾਇਬ
Sunday, Apr 06, 2025 - 02:11 AM (IST)

ਕਾਬੁਲ – ਅਫਗਾਨਿਸਤਾਨ ’ਚੋਂ 5 ਲੱਖ ਅਮਰੀਕੀ ਹਥਿਆਰ ਗਾਇਬ ਹੋ ਗਏ ਹਨ। ਇਨ੍ਹਾਂ ਨੂੰ ਜਾਂ ਤਾਂ ਵੇਚ ਦਿੱਤਾ ਗਿਆ ਹੈ ਜਾਂ ਇਨ੍ਹਾਂ ਦੀ ਸਮੱਗਲਿੰਗ ਕਰ ਦਿੱਤੀ ਗਈ ਹੈ। ਸੰਯੁਕਤ ਰਾਸ਼ਟਰ ਦਾ ਮੰਨਣਾ ਹੈ ਕਿ ਇਨ੍ਹਾਂ ਵਿਚੋਂ ਕੁਝ ਹਥਿਆਰ ਅਲਕਾਇਦਾ ਨਾਲ ਜੁੜੇ ਕੱਟੜਪੰਥੀ ਸੰਗਠਨਾਂ ਦੇ ਹੱਥਾਂ ਵਿਚ ਵੀ ਚਲੇ ਗਏ ਹਨ। ਤਾਲਿਬਾਨ ਨੇ 2021 ’ਚ ਜਦੋਂ ਅਫਗਾਨਿਸਤਾਨ ਨੂੰ ਮੁੜ ਆਪਣੇ ਕੰਟਰੋਲ ਵਿਚ ਲਿਆ ਤਾਂ ਉਨ੍ਹਾਂ ਨੂੰ ਲੱਗਭਗ 10 ਲੱਖ ਫੌਜੀ ਹਥਿਆਰਾਂ ਤੇ ਸਾਜ਼ੋ-ਸਾਮਾਨ ਦਾ ਜ਼ਖੀਰਾ ਮਿਲਿਆ। ਇਨ੍ਹਾਂ ਵਿਚੋਂ ਜ਼ਿਆਦਾਤਰ ਅਮਰੀਕਾ ਦੀ ਵਿੱਤੀ ਮਦਦ ਨਾਲ ਖਰੀਦੇ ਗਏ ਸਨ।
ਪਿਛਲੇ ਸਾਲ ਦੋਹਾ ’ਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਕਮੇਟੀ ਬੈਠਕ ਵਿਚ ਤਾਲਿਬਾਨ ਨੇ ਹਥਿਆਰਾਂ ਦੇ ਗਾਇਬ ਹੋਣ ਦੀ ਗੱਲ ਮੰਨੀ ਸੀ। ਅਲਕਾਇਦਾ ਨਾਲ ਜੁੜੇ ਸੰਗਠਨ ਇਹ ਹਥਿਆਰ ਬਲੈਕ ਮਾਰਕੀਟ ਤੋਂ ਖਰੀਦ ਰਹੇ ਹਨ। ਇਨ੍ਹਾਂ ਵਿਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ, ਇਸਲਾਮਿਕ ਮੂਵਮੈਂਟ ਆਫ ਉਜ਼ਬੇਕਿਸਤਾਨ, ਈਸਟ ਤੁਰਕਿਸਤਾਨ ਇਸਲਾਮਿਕ ਮੂਵਮੈਂਟ ਤੇ ਯਮਨ ਦਾ ਅੰਸਾਰੁੱਲ੍ਹਾ ਮੂਵਮੈਂਟ ਤਾਲਿਬਾਨ ਸ਼ਾਮਲ ਹਨ।
ਤਾਲਿਬਾਨ ਨੇ ਜ਼ਬਤ ਅਮਰੀਕੀ ਹਥਿਆਰਾਂ ਦਾ 20 ਫੀਸਦੀ ਹਿੱਸਾ ਸਥਾਨਕ ਕਮਾਂਡਰਾਂ ਨੂੰ ਦੇ ਦਿੱਤਾ ਸੀ। ਇਹ ਕਮਾਂਡਰ ਆਪੋ-ਆਪਣੇ ਇਲਾਕਿਆਂ ਵਿਚ ਆਜ਼ਾਦ ਹਨ। ਇਹੀ ਕਾਰਨ ਹੈ ਕਿ ਹਥਿਆਰਾਂ ਦੀ ਕਾਲਾਬਾਜ਼ਾਰੀ ਹੋ ਰਹੀ ਹੈ। ਕੰਧਾਰ ਦੇ ਗੋਦਾਮਾਂ ਵਿਚ ‘ਸੈਂਕੜੇ’ ਹਾਈ ਮੋਬੀਲਿਟੀ ਮਲਟੀਪਰਪਜ਼ ਵ੍ਹੀਕਲ (ਐੱਚ. ਐੱਮ. ਐੱਮ. ਡਬਲਯੂ. ਵੀ.), ਬਾਰੂਦੀ ਸੁਰੰਗ ਰੋਕੂ ਸੁਰੱਖਿਅਤ ਵਾਹਨ (ਐੱਮ. ਆਰ. ਏ. ਪੀ.) ਤੇ ਬਲੈਕ ਹਾਕ ਹੈਲੀਕਾਪਟਰ ਅਜੇ ਵੀ ਤਾਲਿਬਾਨ ਕੋਲ ਮੌਜੂਦ ਹਨ।