ਸਾਨ ਫਰਾਂਸਿਸਕੋ ''ਚ ਗੋਲੀਬਾਰੀ, 5 ਵਿਅਕਤੀ ਹੋਏ ਜ਼ਖ਼ਮੀ

Monday, Jan 18, 2021 - 08:55 AM (IST)

ਸਾਨ ਫਰਾਂਸਿਸਕੋ ''ਚ ਗੋਲੀਬਾਰੀ, 5 ਵਿਅਕਤੀ ਹੋਏ ਜ਼ਖ਼ਮੀ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਵਿਚ ਗੋਲੀਬਾਰੀ ਸਣੇ ਕਈ ਹੋਰ ਹਿੰਸਕ ਵਾਰਦਾਤਾਂ ਹਰ ਰੋਜ਼ ਸਾਹਮਣੇ ਆਉਂਦੀਆਂ ਹਨ। ਪੁਲਸ ਵਲੋਂ ਕੀਤੇ ਯਤਨਾਂ ਦੇ ਬਾਵਜੂਦ ਅਪਰਾਧੀ ਕਿਸਮ ਦੇ ਲੋਕ ਇਸ ਤਰ੍ਹਾਂ ਦੀਆਂ ਹਿੰਸਕ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। ਅਜਿਹੀ ਹੀ ਇਕ ਗੋਲੀਬਾਰੀ ਦੀ ਹਿੰਸਕ ਘਟਨਾ ਸਾਨ ਫਰਾਂਸਿਸਕੋ ਦੇ ਟੈਂਡਰਲੋਇਨ ਜ਼ਿਲ੍ਹੇ ਵਿਚ ਇਕ ਪ੍ਰਚੂਨ ਸਟੋਰ ਦੇ ਬਾਹਰ ਵਾਪਰੀ ਹੈ। 

ਪੁਲਸ ਅਧਿਕਾਰੀਆਂ ਨੇ ਐਤਵਾਰ ਸਵੇਰੇ ਇਸ ਘਟਨਾ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਸਾਨ ਫਰਾਂਸਿਸਕੋ ਟੈਂਡਰਲੋਇਨ ਜ਼ਿਲ੍ਹੇ ਵਿਚ ਸ਼ਨੀਵਾਰ ਦੇਰ ਰਾਤ ਹੋਈ ਗੋਲੀਬਾਰੀ ਵਿਚ ਘੱਟੋ-ਘੱਟ ਪੰਜ ਲੋਕ ਜ਼ਖ਼ਮੀ ਹੋ ਗਏ। ਪੁਲਸ ਨੇ ਦੱਸਿਆ ਕਿ ਸ਼ਨੀਵਾਰ ਦੇਰ ਰਾਤ ਨੂੰ ਗੋਲੀਬਾਰੀ ਦੇ ਬਾਅਦ ਅਧਿਕਾਰੀ ਸੂਚਨਾ ਮਿਲਣ 'ਤੇ ਡਾਕਟਰੀ ਸਹਾਇਤਾ ਨਾਲ ਘਟਨਾ ਸਥਾਨ 'ਤੇ ਪਹੁੰਚੇ। 

ਇਸ ਦੌਰਾਨ ਅਧਿਕਾਰੀਆਂ ਨੇ ਪੰਜ ਵਿਅਕਤੀ ਜੋ ਕਿ ਗੋਲੀਬਾਰੀ ਦੌਰਾਨ ਜ਼ਖ਼ਮੀ ਹੋਏ ਸਨ, ਨੂੰ ਇਲਾਜ ਲਈ ਹਸਪਤਾਲ ਭੇਜਿਆ ਅਤੇ ਜਾਣਕਾਰੀ ਅਨੁਸਾਰ ਇਸ ਘਟਨਾ ਵਿਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਪੁਲਸ ਨੇ ਘਟਨਾ ਸਥਾਨ ਤੋਂ ਇਸ ਗੋਲੀਬਾਰੀ ਨਾਲ ਸੰਬੰਧਤ ਹਥਿਆਰ ਵੀ ਬਰਾਮਦ ਕੀਤੇ ਹਨ । ਇਸ ਗੋਲੀਬਾਰੀ ਨਾਲ ਸੰਬੰਧਤ ਕਿਸੇ ਤਰ੍ਹਾਂ ਦੀ ਗ੍ਰਿਫ਼ਤਾਰੀਆਂ ਦਾ ਕੋਈ ਵੇਰਵਾ ਨਹੀਂ ਸੀ ਜਦਕਿ ਪੁਲਸ ਵਲੋਂ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


author

Lalita Mam

Content Editor

Related News