ਇਟਲੀ ’ਚ ਕਾਮਿਆਂ ਦਾ ਆਰਥਿਕ ਸ਼ੋਸ਼ਣ ਕਰ ਰਹੇ 5 ਚੀਨੀ ਨਾਗਰਿਕ ਭੇਜੇ ਸਲਾਖ਼ਾਂ ਪਿੱਛੇ

Saturday, May 29, 2021 - 01:20 PM (IST)

ਇਟਲੀ ’ਚ ਕਾਮਿਆਂ ਦਾ ਆਰਥਿਕ ਸ਼ੋਸ਼ਣ ਕਰ ਰਹੇ 5 ਚੀਨੀ ਨਾਗਰਿਕ ਭੇਜੇ ਸਲਾਖ਼ਾਂ ਪਿੱਛੇ

ਰੋਮ (ਕੈਂਥ)-ਇਟਲੀ ਯੂਰਪ ਦਾ ਉਹ ਵਿਕਸਿਤ ਦੇਸ਼ ਹੈ, ਜਿੱਥੇ ਸਰਕਾਰ ਵੱਲੋਂ ਮਜ਼ਦੂਰੀ ਕਰ ਰਹੇ ਕਾਮਿਆਂ ਦੀ ਚੰਗੀ ਤਨਖਾਹ ਨਿਰਧਾਰਿਤ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਕਾਮਿਆਂ ਨੂੰ ਲੁੱਟ-ਖਸੁੱਟ ਤੋਂ ਬਚਾਉਣ ਲਈ ਕਈ ਤਰ੍ਹਾਂ ਦੇ ਕਾਨੂੰਨ ਵੀ ਬਣਾਏ ਗਏ ਹਨ ਪਰ ਫਿਰ ਵੀ ਇਟਲੀ ’ਚ ਕਈ ਵਾਰ ਇਟਾਲੀਅਨ ਮਾਲਕ ਅਤੇ ਵਿਦੇਸ਼ੀ ਮਾਲਕਾਂ ਤੋਂ ਕਾਫ਼ੀ ਵੱਡੀ ਗਿਣਤੀ ’ਚ ਲੋਕ ਆਰਥਿਕ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਹਨ, ਜਿਸ ’ਚ ਕਾਫ਼ੀ ਵੱਡੀ ਗਿਣਤੀ ’ਚ ਭਾਰਤੀ ਕਾਮਿਆਂ ਦੀ ਵੀ ਲੁੱਟ-ਖਸੁੱਟ ਹੁੰਦੀ ਹੈ, ਹਾਲਾਂਕਿ ਇਟਲੀ ਸਰਕਾਰ ਲੁੱਟ- ਖਸੁੱਟ ਨੂੰ ਰੋਕਣ ਲਈ ਕਈ ਉਪਰਾਲੇ ਵੀ ਕਰਦੀ ਹੈ ਪਰ ਫਿਰ ਵੀ ਕੁਝ ਲਾਲਚੀ ਲੋਕ ਨਾਮਾਤਰ ਮਿਹਨਤਾਨੇ ’ਚ ਕਾਮਿਆਂ ਦਾ ਖੂਨ ਨਿਚੋੜਨ ’ਚ ਕੋਈ ਕਸਰ ਨਹੀਂ ਛੱਡਦੇ।

ਅਜਿਹਾ ਮਾਮਲਾ ਇਟਲੀ ਦੇ ਪ੍ਰਸ਼ਾਸਨ ਨੇ ਬੀਤੇ ਦਿਨ ਪ੍ਰਤੀ ਮਹੀਨਾ 350 ਤੋਂ 600 ਯੂਰੋ ਤੱਕ ਦੀ ਤਨਖਾਹ ’ਚ ਹਫ਼ਤਾਵਾਰ ਆਰਾਮ ਦੇ ਬਿਨਾਂ ਦਿਨ ਵਿਚ 10 ਘੰਟੇ ਕੰਮ ਕਰਵਾਉਂਦੇ 5 ਚੀਨੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਚੀਨੀ ਮਾਲਕ ਇਟਲੀ ਦੇ ਕਲਿਆਰੀ ਅਤੇ ਤੋਰੀਨੋ ਇਲਾਕੇ ’ਚ ਆਪਣਾ ਕੰਮ ਕਰਦੇ ਸਨ।ਫਮਾਰਕੋ ਪੋਲੋ ਆਪ੍ਰੇਸ਼ਨ ਤਹਿਤ  ਗੁਆਰਦੀਆ ਦੀ ਫਿਨੈਂਸਾ ਪੁਲਸ ਅਤੇ ਕੈਰੇਬੀਨੀਰੀ ਵੱਲੋਂ ਇਨ੍ਹਾਂ ਪੈੱਨ ਅਤੇ ਮਾਰਕਰ ਪੈਕਿੰਗ ਦਾ ਕੰਮ ਕਰਵਾਉਂਦੇ ਮਾਲਕਾਂ ਕੋਲ 40 ਦੇ ਕਰੀਬ ਕਾਮੇ ਕੰਮ ਕਰਦੇ ਸਨ, ਜੋ ਸਾਰੇ ਗੈਰ-ਯੂਰਪੀਅਨ ਯੂਨੀਅਨ ਦੇ ਨਾਗਰਿਕ ਆਪਣੀ ਨਿਵਾਸ ਆਗਿਆ ਦੇ ਦਸਤਾਵੇਜ਼ਾਂ ਦਾ ਇੰਤਜ਼ਾਰ ਕਰ ਰਹੇ ਸਨ। ਉਨ੍ਹਾਂ ਨੂੰ ਜੋ ਤਨਖਾਹ ਦਿੱਤੀ ਜਾਂਦੀ ਸੀ, ਉਹ ਕੌਮੀ ਸਮੂਹਿਕ ਸਮਝੌਤਿਆਂ ਤੋਂ ਬਿਲਕੁਲ ਵੱਖਰੀ ਸੀ।

ਇਨ੍ਹਾਂ ਮਾਲਕਾਂ ਦੀ 85 ਹਜ਼ਾਰ ਯੂਰੋ ਦੀ ਜਾਇਦਾਦ ਅਤੇ ਪੈਸੇ ਟੈਕਸ ਚੋਰੀ ਕਰਨ ਦੇ ਦੋਸ਼ ਹੇਠ ਜ਼ਬਤ ਕਰ ਲਏ ਗਏ। ਜ਼ਿਕਰਯੋਗ ਹੈ ਕਿ ਇਟਲੀ ’ਚ ਕਾਮਿਆਂ ਦਾ ਸ਼ੋਸ਼ਣ ਕਰਨਾ ਆਮ ਜਿਹਾ ਵਰਤਾਰਾ ਹੈ, ਜਿਸ ਤੋਂ ਨਿਜਾਤ ਦੁਆਉਣ ਲਈ ਕਈ ਮਜ਼ਦੂਰ ਜਥੇਬੰਦੀਆਂ ਵੀ ਬਣੀਆਂ ਹਨ ਪਰ ਇਸ ਦੇ ਬਾਵਜੂਦ ਬਹੁਤੇ ਥਾਂ ਕਾਮਿਆਂ ਦੇ ਸ਼ੋਸ਼ਣ ਦਾ ਸਿਲਸਿਲਾ ਨਹੀਂ ਰੁਕ ਰਿਹਾ ਕਿਉਂਕਿ ਕਾਮਿਆਂ ਦਾ ਆਰਥਿਕ ਤੇ ਮਾਨਸਿਕ ਸ਼ੋਸ਼ਣ ਕਰਵਾਉਣ ’ਚ ਉਨ੍ਹਾਂ ਦੇ ਆਪਣੇ ਸਾਥੀ ਕਾਮੇ ਕਾਪੋ (ਫ਼ੋਰਮੈਨ) ਅਹਿਮ ਭੂਮਿਕਾ ਨਿਭਾਉਂਦੇ ਹਨ।

 


author

Manoj

Content Editor

Related News