ਟੈਕਸਾਸ ''ਚ ਬੱਚੇ ਸਣੇ 5 ਲੋਕਾਂ ਦੀਆਂ ਘਰ ''ਚੋਂ ਮਿਲੀਆਂ ਲਾਸ਼ਾਂ

Tuesday, Feb 12, 2019 - 02:51 PM (IST)

ਟੈਕਸਾਸ ''ਚ ਬੱਚੇ ਸਣੇ 5 ਲੋਕਾਂ ਦੀਆਂ ਘਰ ''ਚੋਂ ਮਿਲੀਆਂ ਲਾਸ਼ਾਂ

ਬਲੈਂਚਰਡ (ਅਮਰੀਕਾ), (ਏ.ਪੀ.)- ਪੂਰਬੀ ਟੈਕਸਾਸ ਵਿਚ ਇਕ ਘਰ ਵਿਚ 15 ਮਹੀਨੇ ਦੇ ਇਕ ਬੱਚੇ ਸਣੇ ਪਰਿਵਾਰ ਦੇ ਪੰਜ ਲੋਕਾਂ ਦੀ ਮ੍ਰਿਤਕ ਦੇਹ ਮਿਲੀ, ਇਨ੍ਹਾਂ ਨੂੰ ਗੋਲੀਆਂ ਮਾਰੀਆਂ ਗਈਆਂ ਸਨ। ਪੋਕ ਕਾਉਂਟੀ ਦੇ ਸ਼ੇਰਿਫ ਅਧਿਕਾਰੀਆਂ ਨੇ ਦੱਸਿਆ ਕਿ ਦੋ ਵਿਅਕਤੀ ਘਰ ਅੰਦਰ ਮ੍ਰਿਤ ਮਿਲੇ। ਬੱਚੇ ਅਤੇ ਦੋ ਔਰਤਾਂ ਦੀਆਂ ਲਾਸ਼ਾਂ ਘਰ ਦੇ ਬਾਹਰ ਪਈਆਂ ਸਨ। ਚੀਫ ਡਿਪਟੀ ਬਿਰੋਨ ਲਿਓਂਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਐਸ਼ਲੇ ਡੇਲੈਨੀ ਅਤੇ ਉਸ ਦੇ ਪਤੀ ਰੈਂਡੀ ਹੋਰਨ ਦੇ ਰੂਪ ਵਿਚ ਹੋਈ ਹੈ। ਡੇਲੈਨੀ ਦੇ ਦਾਦਾ-ਦਾਦੀ ਕੈਰੋਲਸ ਅਤੇ ਲਿੰਡਾ ਡੇਲੈਨੀ ਵੀ ਮ੍ਰਿਤਕਾਂ ਵਿਚ ਸ਼ਾਮਲ ਹਨ। ਮ੍ਰਿਤ ਬੱਚੇ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ।

ਲਿਓਂਸ ਨੇ ਕਿਹਾ ਕਿ ਉਥੇ ਇਕ ਔਰਤ ਸੁਰੱਖਿਅਤ ਮਿਲੀ, ਜੋ ਬੈਡਰੂਮ ਦੀ ਕੋਠੜੀ ਵਿਚ ਬੰਦ ਸੀ। ਇਸ ਮਹਿਲਾ ਨੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਉਹ ਸਵੇਰੇ ਤਕਰੀਬਨ ਸਾਢੇ ਪੰਜ ਵਜੇ ਉਠੀ। ਉਸ ਨੇ ਗੋਲੀ ਚੱਲਣ ਵਰਗੀ ਆਵਾਜ਼ ਸੁਣੀ। ਉਸ ਨੇ ਆਪਣੇ ਪੁੱਤਰ ਨੂੰ ਬੁਲਾਇਆ ਜਿਸ ਨੇ ਸਵੇਰੇ ਤਕਰੀਬਨ ਸਾਢੇ 10 ਵਜੇ ਅਧਿਕਾਰੀਆਂ ਨੂੰ ਇਸ ਸਬੰਧੀ ਸੂਚਨਾ ਦਿੱਤੀ। ਲਿਓਂਸ ਨੇ ਦੱਸਿਆ ਕਿ ਹਿਊਸਟਨ ਤੋਂ ਤਕਰੀਬਨ 75 ਮੀਲ ਉੱਤਰ-ਪੂਰਬ ਵਿਚ ਸਥਿਤ ਘਟਨਾ ਵਾਲੀ ਥਾਂ ਤੋਂ ਇਕ ਫਾਇਰ ਅਲਾਰਮ ਬਰਾਮਦ ਹੋਇਆ ਹੈ। ਹਾਲਾਂਕਿ ਉਨ੍ਹਾਂ ਨੇ ਘਟਨਾ ਨੂੰ ਗੈਂਗਵਾਰ ਜਾਂ ਖੁਦਕੁਸ਼ੀ ਦੱਸਣ ਤੋਂ ਨਾਂਹ ਕਰ ਦਿੱਤਾ।


author

Sunny Mehra

Content Editor

Related News