ਬ੍ਰਾਜ਼ੀਲ ਪੁਲਸ ਦੀ ਚਾਈਲਡ ਪੋਰਨੋਗ੍ਰਾਫੀ ਖਿਲਾਫ ਕਾਰਵਾਈ ''ਚ 43 ਲੋਕ ਗ੍ਰਿਫਤਾਰ

02/19/2020 4:44:35 PM

ਬ੍ਰਾਸੀਲੀਆ(ਆਈ.ਏ.ਐਨ.ਐਸ.)- ਬ੍ਰਾਜ਼ੀਲੀ ਪੁਲਸ ਨੇ ਚਾਈਲਡ ਪੋਰਨੋਗ੍ਰਾਫੀ ਖਿਲਾਫ ਵੱਡੇ ਪੱਧਰ 'ਤੇ ਚਲਾਈ ਮੁਹਿੰਮ ਵਿਚ 43 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਵਿਚ ਹੋਰਾਂ ਚਾਰ ਦੇਸ਼ਾਂ ਨੇ ਵੀ ਹਿੱਸਾ ਲਿਆ। ਇਸ ਦੀ ਜਾਣਕਾਰੀ ਸਿਨਹੂਆ ਨਿਊਜ਼ ਏਜੰਸੀ ਵਲੋਂ ਦਿੱਤੀ ਗਈ ਹੈ।

ਬ੍ਰਾਜ਼ੀਲ ਦੇ ਅਧਿਕਾਰੀਆਂ ਮੁਤਾਬਕ ਇਸ ਮੁਹਿੰਮ ਵਿਚ 112 ਸਰਚ ਵਾਰੰਟ ਜਾਰੀ ਕੀਤੇ ਗਏ ਸਨ ਤੇ 579 ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਆਪਣੀ ਕਾਰਵਾਈ ਦੌਰਾਨ ਇਹਨਾਂ ਗ੍ਰਿਫਤਾਰੀਆਂ ਨੂੰ ਅੰਜਾਮ ਦਿੱਤਾ। ਸਿਨਹੂਆ ਨਿਊਜ਼ ਏਜੰਸੀ ਮੁਤਾਬਕ ਇਹ ਵਾਰੰਟ ਮੰਗਲਵਾਰ ਨੂੰ ਬ੍ਰਾਜ਼ੀਲ ਦੇ 12 ਸੂਬਿਆਂ, ਜਿਹਨਾਂ ਵਿਚ ਸਾਓ ਪੌਲੋ, ਸਾਂਤਾ ਕੈਟਰੀਨਾ, ਪਰਾਣਾ ਤੇ ਮੈਟੋ ਗ੍ਰੋਸੋ ਡੂਲ ਸਲ ਸ਼ਾਮਲ ਹਨ, ਵਿਚ ਜਾਰੀ ਕੀਤੇ ਗਏ ਸਨ। ਸਭ ਤੋਂ ਵੱਡੀ ਗਿਣਤੀ ਵਿਚ 19 ਗ੍ਰਿਫਤਾਰੀਆਂ ਬ੍ਰਾਜ਼ੀਲ ਦੇ ਸਭ ਤੋਂ ਵਧੇਰੇ ਆਬਾਦੀ ਵਾਲੇ ਸੂਬੇ ਸਾਓ ਪੌਲੋ ਵਿਚ ਹੋਈਆਂ, ਇਸ ਤੋਂ ਬਾਅਦ ਸੈਂਟਾ ਕੈਟਰੀਨਾ ਵਿਚ 9 ਤੇ ਪਰਾਣਾ ਵਿਚ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅਮਰੀਕਾ, ਕੋਲੰਬੀਆ, ਪਨਾਮਾ ਤੇ ਪੈਰਾਗੁਏ ਦੇ ਅਧਿਕਾਰੀਆਂ ਨੇ ਵੀ ਇਸ ਮੁਹਿੰਮ ਵਿਚ ਹਿੱਸਾ ਲਿਆ। 

ਪੁਲਸ ਮੁਤਾਬਕ ਇਹਨਾਂ 43 ਲੋਕਾਂ 'ਤੇ ਚਾਈਲਡ ਪੋਰਨੋਗ੍ਰਾਫੀ ਦੇ ਉਤਪਾਦਨ ਸਣੇ ਕਈ ਹੋਰ ਮਾਮਲੇ ਦਰਜ ਕੀਤੇ ਗਏ ਹਨ। ਗ੍ਰਿਫਤਾਰ ਕੀਤੇ ਹਰੇਕ ਨੂੰ ਘੱਟ ਤੋਂ ਘੱਟ 8 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਪੁਲਸ ਨੇ ਕਾਰਵਾਈ ਦੌਰਾਨ 187,000 ਤੋਂ ਵਧੇਰੇ ਫਾਈਲਾਂ ਜ਼ਬਤ ਕੀਤੀਆਂ ਸਨ। 2017 ਤੋਂ ਬਾਅਦ ਹੁਣ ਤੱਕ ਬਾਲ ਸੋਸ਼ਣ ਦੇ ਮਾਮਲਿਆਂ ਵਿਚ ਕੁੱਲ 640 ਗ੍ਰਿਫਤਾਰੀਆਂ ਕੀਤੀਆਂ ਜਾ ਚੁੱਕੀਆਂ ਹਨ।


Baljit Singh

Content Editor

Related News