ਮੈਕਸੀਕੋ ਦੇ ਇਮੀਗ੍ਰੇਸ਼ਨ ਕੇਂਦਰ 'ਚ ਅੱਗ ਲੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 39
Wednesday, Mar 29, 2023 - 09:55 AM (IST)
ਮੈਕਸੀਕੋ ਸਿਟੀ (ਵਾਰਤਾ)- ਅਮਰੀਕਾ ਦੀ ਸਰਹੱਦ ਨੇੜੇ ਮੈਕਸੀਕੋ ਦੇ ਸਿਉਦਾਦ ਜੁਆਰੇਜ਼ ਸਥਿਤ ਇਮੀਗ੍ਰੇਸ਼ਨ ਕੇਂਦਰ ਵਿਚ ਅੱਗ ਲੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 39 ਹੋ ਗਈ ਹੈ, ਜਦਕਿ 29 ਹੋਰ ਪ੍ਰਵਾਸੀ ਜ਼ਖ਼ਮੀ ਹੋ ਗਏ ਹਨ। ਮੈਕਸੀਕੋ ਦੀ ਇਮੀਗ੍ਰੇਸ਼ਨ ਸੇਵਾ ਨੇ ਟਵਿੱਟਰ 'ਤੇ ਕਿਹਾ, 'ਮੈਕਸੀਕੋ ਦੀ ਇਮੀਗ੍ਰੇਸ਼ਨ ਸੇਵਾ 39 ਵਿਦੇਸ਼ੀ ਪ੍ਰਵਾਸੀਆਂ ਦੀ ਮੌਤ 'ਤੇ ਅਫ਼ਸੋਸ ਕਰਦੀ ਹੈ।' ਕੇਂਦਰ 'ਚ ਮੱਧ ਅਤੇ ਦੱਖਣੀ ਅਮਰੀਕਾ ਦੇ 68 ਪੁਰਸ਼ ਸਨ। ਬਿਆਨ ਵਿਚ ਕਿਹਾ ਗਿਆ ਹੈ ਕਿ ਅੱਗ ਵਿਚ 29 ਲੋਕ ਝੁਲਸ ਗਏ ਹਨ ਅਤੇ ਉਨ੍ਹਾਂ ਨੂੰ 4 ਹਸਪਤਾਲਾਂ ਵਿਚ ਭਰਤੀ ਕਰਾਇਆ ਗਿਆ ਹੈ।
ਮੈਕਸੀਕੋ ਦੇ ਅਖ਼ਬਾਰ ਏਲ ਹੇਰਾਲਡੋ ਡੀ ਮੈਕਸੀਕੋ ਨੇ ਦੱਸਿਆ ਕਿ ਅਮਰੀਕਾ ਨਾਲ ਲੱਗਦੀ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਨ ਦੌਰਾਨ ਹਿਰਾਸਤ ਵਿੱਚ ਲਏ ਗਏ ਪ੍ਰਵਾਸੀਆਂ ਲਈ ਸਥਾਪਤ ਇੱਕ ਨਜ਼ਰਬੰਦੀ ਕੈਂਪ ਵਿੱਚ ਅੱਗ ਲੱਗ ਗਈ ਸੀ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਜਨਵਰੀ ਵਿਚ ਮੇਰਿਕੀ ਦੀ ਦੱਖਣੀ ਸਰਹੱਦ ਦਾ ਦੌਰਾ ਕਰਨ ਤੋਂ ਬਾਅਦ ਕਿਹਾ ਸੀ ਕਿ ਪਿਛਲੇ 2 ਸਾਲਾਂ ਵਿਚ ਪ੍ਰਵਾਸੀਆਂ ਦੀ ਗਿਣਤੀ ਵਿਚ ਕਾਫ਼ੀ ਵਾਧਾ ਹੋਇਆ ਹੈ ਅਤੇ ਉਨ੍ਹਾਂ ਲਈ ਹੋਰ ਸਾਧਨਾਂ ਦੀ ਲੋੜ ਹੈ।