ਉੱਤਰ-ਪੱਛਮੀ ਪਾਕਿਸਤਾਨ ''ਚ ਕਬੀਲਿਆਂ ਵਿਚਾਲੇ ਟਕਰਾਅ ਦੌਰਾਨ ਹੁਣ ਤਕ 36 ਮੌਤਾਂ

Thursday, Sep 26, 2024 - 07:32 PM (IST)

ਉੱਤਰ-ਪੱਛਮੀ ਪਾਕਿਸਤਾਨ ''ਚ ਕਬੀਲਿਆਂ ਵਿਚਾਲੇ ਟਕਰਾਅ ਦੌਰਾਨ ਹੁਣ ਤਕ 36 ਮੌਤਾਂ

ਪੇਸ਼ਾਵਰ : ਪਾਕਿਸਤਾਨ ਦੇ ਅਸ਼ਾਂਤ ਉੱਤਰੀ-ਪੱਛਮੀ ਕੁਰੱਮ ਜ਼ਿਲ੍ਹੇ 'ਚ ਪਿਛਲੇ ਛੇ ਦਿਨਾਂ ਤੋਂ ਜ਼ਮੀਨ ਦੇ ਇਕ ਟੁਕੜੇ ਨੂੰ ਲੈ ਕੇ ਦੋ ਕਬੀਲਿਆਂ ਵਿਚਾਲੇ ਝਗੜੇ ਦੌਰਾਨ ਘੱਟੋ-ਘੱਟ 36 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 80 ਲੋਕ ਜ਼ਖਮੀ ਹੋਏ ਹਨ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਸਰਕਾਰ ਅਤੇ ਕਬਾਇਲੀ ਬਜ਼ੁਰਗਾਂ ਵੱਲੋਂ ਸਥਿਤੀ ਨੂੰ ਸ਼ਾਂਤ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਜ਼ਮੀਨੀ ਵਿਵਾਦ ਨੂੰ ਲੈ ਕੇ ਝੜਪਾਂ ਸ਼ੁਰੂ ਹੋ ਗਈਆਂ।

ਪੁਲਸ ਨੇ ਕਿਹਾ ਕਿ ਪਿਛਲੇ ਛੇ ਦਿਨਾਂ 'ਚ ਹੋਈਆਂ ਝੜਪਾਂ 'ਚ ਹੁਣ ਤੱਕ 36 ਲੋਕ ਮਾਰੇ ਜਾ ਚੁੱਕੇ ਹਨ ਜਦਕਿ 80 ਹੋਰ ਜ਼ਖ਼ਮੀ ਹੋਏ ਹਨ। ਹਾਲਾਂਕਿ, ਸਥਾਨਕ ਲੋਕਾਂ ਨੇ ਇਸ ਸੰਘਰਸ਼ 'ਚ ਜ਼ਿਆਦਾ ਜਾਨੀ ਨੁਕਸਾਨ ਹੋਣ ਦਾ ਦਾਅਵਾ ਕੀਤਾ ਹੈ। ਲੜਾਈ ਜ਼ਿਲ੍ਹੇ ਦੇ ਬਾਲਿਸ਼ਖੇਲ, ਸੱਦਾ, ਖਾਰ ਕਾਲੇ, ਪੀਵਰ ਅਤੇ ਮਕਬਾਲ ਵਰਗੇ ਖੇਤਰਾਂ 'ਚ ਫੈਲ ਗਈ। ਇਹ ਖੇਤਰ ਅਫਗਾਨਿਸਤਾਨ ਦੇ ਖੋਸਤ, ਪਕਤੀਆ, ਲੋਗਰ ਅਤੇ ਨੰਗਰਹਾਰ ਸੂਬਿਆਂ ਦੀ ਸਰਹੱਦ ਨਾਲ ਲੱਗਦੇ ਹਨ, ਜਿਨ੍ਹਾਂ ਨੂੰ ਆਈਐੱਸਆਈਐੱਸ ਅਤੇ ਤਾਲਿਬਾਨ ਦਾ ਗੜ੍ਹ ਮੰਨਿਆ ਜਾਂਦਾ ਹੈ। ਜੁਲਾਈ 'ਚ ਇਸੇ ਖੇਤਰ 'ਚ ਬੋਸ਼ੇਰਾ ਤੇ ਮਲੀਖੇਲ ਕਬੀਲਿਆਂ ਦਰਮਿਆਨ ਇੱਕ ਹਫ਼ਤੇ ਤੱਕ ਚੱਲੀਆਂ ਝੜਪਾਂ ਵਿੱਚ ਘੱਟੋ-ਘੱਟ 50 ਲੋਕ ਮਾਰੇ ਗਏ ਸਨ ਅਤੇ 225 ਤੋਂ ਵੱਧ ਜ਼ਖ਼ਮੀ ਹੋਏ ਸਨ। ਦੋਵਾਂ ਪਾਸਿਆਂ ਦੇ ਬਜ਼ੁਰਗਾਂ ਦੀ ਸਾਂਝੀ ਜਥੇਬੰਦੀ ਜਿਰਗਾ (ਕਬਾਇਲੀ ਕੌਂਸਲ) ਝੜਪਾਂ ਨੂੰ ਰੋਕਣ ਲਈ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਸ ਅਤੇ ਕੋਹਾਟ ਕਮਿਸ਼ਨਰ ਨੂੰ ਮਿਲੀ, ਪਰ ਕੋਈ ਸਫਲਤਾ ਨਹੀਂ ਮਿਲੀ। ਵੀਰਵਾਰ ਨੂੰ ਲਗਾਤਾਰ ਛੇਵੇਂ ਦਿਨ ਹਿੰਸਕ ਝੜਪਾਂ ਜਾਰੀ ਰਹੀਆਂ, ਜਿਸ ਵਿੱਚ ਅੱਪਰ, ਲੋਅਰ ਅਤੇ ਸੈਂਟਰਲ ਤਹਿਸੀਲਾਂ ਵਿੱਚ ਭਾਰੀ ਗੋਲੀਬਾਰੀ ਹੋਈ, ਜਿਸ ਦੇ ਸਿੱਟੇ ਵਜੋਂ ਛੇ ਹੋਰ ਲੋਕਾਂ ਦੀ ਮੌਤ ਹੋ ਗਈ ਅਤੇ ਦਸ ਲੋਕ ਜ਼ਖਮੀ ਹੋ ਗਏ।


author

Baljit Singh

Content Editor

Related News