ਸ਼ਾਨੋ ਸ਼ੌਕਤ ਨਾਲ ਸਮਾਪਤ ਹੋਈਆਂ 35ਵੀਆਂ ਆਸਟਰੇਲੀਅਨ ਸਿੱਖ ਖੇਡਾਂ
Tuesday, Apr 11, 2023 - 11:51 AM (IST)
ਬ੍ਰਿਸਬੇਨ (ਰਮਨਦੀਪ ਸੋਢੀ, ਸੁਰਿੰਦਰਪਾਲ ਖੁਰਦ, ਮਨਦੀਪ ਸੈਣੀ, ਸੰਨੀ ਚਾਂਦਪੁਰੀ)- ਵਿਸ਼ਵ ਭਰ ਵਿਚ ਪੰਜਾਬੀ ਭਾਈਚਾਰੇ ਦੀ ਪਹਿਚਾਣ ਬਣ ਚੁੱਕੀਆਂ 3 ਦਿਨਾਂ ਆਸਟ੍ਰੇਲੀਅਨ ਸਿੱਖ ਖੇਡਾਂ ਆਸਟ੍ਰੇਲੀਆ ਦੇ ਕੁਈਨਜ਼ਲੈਂਡ ਸੂਬੇ ਦੇ ਖੂਬਸੂਰਤ ਸ਼ਹਿਰ ਗੋਲਡ ਕੋਸਟ ਵਿਖੇ ਬੜੇ ਸ਼ਾਨਦਾਰ ਢੰਗ ਨਾਲ ਸੰਪੰਨ ਹੋਈਆਂ। ਇਨ੍ਹਾਂ 35ਵੀਆਂ ਸਲਾਨਾ ਸਿੱਖ ਖੇਡਾਂ ਵਿੱਚ ਆਸਟ੍ਰੇਲੀਆ, ਨਿਊਜ਼ੀਲੈਂਡ, ਸਿੰਗਾਪੁਰ, ਮਲੇਸ਼ੀਆ ਤੇ ਭਾਰਤ ਆਦਿ ਦੇਸ਼ਾਂ ਤੋਂ ਤਕਰੀਬਨ 6 ਹਜ਼ਾਰ ਦੇ ਕਰੀਬ ਖਿਡਾਰੀਆਂ ਨੇ ਕਬੱਡੀ, ਫੁੱਟਬਾਲ, ਵਾਲੀਬਾਲ, ਕ੍ਰਿਕਟ, ਗੋਲਫ, ਬੈਡਮਿੰਟਨ, ਰੱਸਾ-ਕੱਸੀ, ਨੈੱਟਬਾਲ, ਪਾਵਰਲਿਫਟਿੰਗ, ਟੱਚ ਫੁੱਟਬਾਲ, ਬਾਸਕਟਬਾਲ, ਦੌੜਾਂ ਤੇ ਹਾਕੀ ਆਦਿ ਖੇਡਾਂ 'ਚ ਭਾਗ ਲੈਂਦਿਆਂ ਆਪਣੀ ਸ਼ਾਨਦਾਰ ਖੇਡ ਨਾਲ ਤਿੰਨ ਦਿਨ ਤਕਰੀਬਨ 1 ਲੱਖ ਦੇ ਕਰੀਬ ਦਰਸ਼ਕਾਂ ਦਾ ਮਨੋਰੰਜਨ ਕੀਤਾ। ਪੰਜਾਬੀਆਂ ਦੀ ਮਾਂ-ਖੇਡ ਕਬੱਡੀ ਦੇ ਫ਼ਾਈਨਲ ਮੈਚ ਸਿੰਘ ਸਭਾ ਸਪੋਰਟਸ ਕਲੱਬ ਮੈਲਬੋਰਨ ਅਤੇ ਬਾਬਾ ਦੀਪ ਸਿੰਘ ਕਲੱਬ ਵੂੱਲਗੂਲਗਾ ਵਿਚਕਾਰ ਹੋਇਆ। ਪਰ ਕੁਝ ਤਕਨੀਕੀ ਕਾਰਨਾਂ ਕਰਕੇ ਕਮੇਟੀ ਵਲੋਂ ਜੇਤੂ ਖਿਤਾਬ 'ਤੇ ਫੈਸਲਾ ਰਾਖਵਾਂ ਰੱਖਿਆ ਗਿਆ ਹੈ।
ਇਸ ਖੇਡ ਮਹਾਂਕੁੰਭ ਦੌਰਾਨ ਕਰਵਾਏ ਗਏ ਸਿੱਖ ਫੋਰਮ ਦੌਰਾਨ ਪੰਜਾਬੀ ਹਿਤੈਸ਼ੀਆਂ ਵਲੋਂ ਮਾਂ-ਬੋਲੀ ਪੰਜਾਬੀ ਦੇ ਪਸਾਰ, ਭਾਈਚਾਰਿਕ ਸਾਂਝ ਅਤੇ ਭਵਿੱਖੀ ਗਤੀਵਿਧੀਆਂ ਦਾ ਚਿੰਤਨ ਕੀਤਾ ਗਿਆ। ਇਹਨਾਂ ਖੇਡਾਂ ਵਿੱਚ ਵਿਸ਼ੇਸ਼ ਤੌਰ 'ਤੇ ਲਗਾਏ ਗਏ ਪੰਜਾਬੀ ਸਟਾਲ ਖਾਸ ਖਿੱਚ ਦੇ ਕੇਂਦਰ ਬਣੇ ਹੋਏ ਸਨ। ਇਸ ਮੌਕੇ ਗੀਤ-ਸੰਗੀਤ, ਗਿੱਧਾ-ਭੰਗੜਾ ਅਤੇ ਸੱਭਿਆਚਾਰਕ ਵੰਨਗੀਆਂ ਵੀ ਪੇਸ਼ ਕੀਤੀਆਂ ਗਈਆਂ। ਖੇਡ ਮੇਲੇ ਵਿੱਚ ਦਸਤਾਰ ਸਜਾਉਣ ਦੇ ਮੁਕਾਬਲੇ ਅਤੇ ਬੱਚਿਆਂ ਦੀਆਂ ਖੇਡਾਂ ਤੇ ਬਹੁ-ਸੱਭਿਅਕ ਸੰਗੀਤ ਵੰਨਗੀਆਂ ਵੀ ਵਿਸ਼ੇਸ਼ ਤੌਰ 'ਤੇ ਖਿੱਚ ਦਾ ਕੇਂਦਰ ਰਹੀਆਂ। ਗੁਰੂ ਦੀਆਂ ਲਾਡਲੀਆਂ ਫੌਜਾਂ ਵਲੋਂ ਗਤਕੇ ਦੇ ਜੌਹਰ ਵੀ ਵਿਖਾਏ ਗਏ।
ਪੰਜਾਬੀਆਂ ਦਾ ਮੇਲਾ ਹੋਵੇ ਅਤੇ ਲੰਗਰਾਂ ਦੀ ਗੱਲ ਨਾ ਹੋਵੇ ਇਹ ਹੋ ਨਹੀਂ ਸਕਦਾ ਪੰਜਾਬੀਆਂ ਦੇ ਇਸ ਮੇਲੇ ਵਿੱਚ ਤਿੰਨ ਦਿਨ ਤੋਂ ਹੀ ਦੇਸ਼-ਵਿਦੇਸ਼ ਤੋਂ ਪਹੁੰਚੀਆਂ ਸੰਗਤਾਂ ਲਈ ਬ੍ਰਿਸਬੇਨ ਦੇ ਸਮੂਹ ਗੁਰਦੁਆਰਾ ਸਾਹਿਬਾਨ ਵਲੋਂ ਸੰਗਤਾਂ ਲਈ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਗਿਆ। ਖੇਡਾਂ ਦੇ ਐਨਸੈਕ ਕਮੇਟੀ ਦੇ ਕੌਮੀ ਪ੍ਰਧਾਨ ਸਰਬਜੋਤ ਸਿੰਘ ਢਿੱਲੋਂ, ਸੂਬਾਈ ਐਨਸੈਕ ਕਮੇਟੀ ਦੇ ਪ੍ਰਧਾਨ ਦਲਜੀਤ ਸਿੰਘ ਹੈਪੀ ਧਾਮੀ, ਰੌਕੀ ਭੁੱਲਰ ਵਾਈਸ ਪ੍ਰਧਾਨ, ਜਗਦੀਪ ਭਿੰਡਰ ਸੈਕਟਰੀ, ਰਣਦੀਪ ਸਿੰਘ ਜੌਹਲ ਕਲਚਰਲ ਕੋਆਰਡੀਨੇਟਰ, ਜਤਿੰਦਰ ਨਿੱਝਰ ਕਬੱਡੀ ਕੋਆਰਡੀਨੇਟਰ, ਜਸਦੇਵ ਸਿੰਘ ਬੱਲ ਖਜ਼ਾਨਚੀ, ਮਨਰੂਪ ਜੌਹਲ ਸੌਕਰ ਕੋਆਰਡੀਨੇਟਰ, ਅਮਨਦੀਪ ਕੌਰ ਯੂਥ ਪ੍ਰਤੀਨਿਧ, ਮਨਵਿੰਦਰਜੀਤ ਕੌਰ ਚਾਹਲ ਨਾਰੀ ਪ੍ਰਤੀਨਿਧ ਵੱਖ-ਵੱਖ ਕੋਆਰਡੀਨੇਟਰਾਂ ਸਮੂਹ ਕਮੇਟੀ ਮੈਂਬਰਾਨ ਤੇ ਨੈਸ਼ਨਲ ਕਮੇਟੀ ਦੇ ਕਲਚਰਲ ਕੋਆਰਡੀਨੇਟਰ ਮਨਜੀਤ ਬੋਪਰਾਏ ਨੇ ਖਿਡਾਰੀਆਂ ਅਤੇ ਦਰਸ਼ਕਾਂ ਦਾ ਸਾਥ ਦੇਣ ਲਈ ਧੰਨਵਾਦ ਕੀਤਾ। ਹਜ਼ਾਰਾਂ ਦੀ ਗਿਣਤੀ ਵਿੱਚ ਦਰਸ਼ਕਾਂ ਨੇ ਰਵਾਇਤੀ ਪੰਜਾਬੀਆਂ ਦੇ ਪਹਿਰਾਵੇ ਵਿੱਚ ਆ ਕੇ 35ਵੀਆਂ ਸਿੱਖ ਖੇਡਾਂ ਦਾ ਆਨੰਦ ਮਾਣਿਆ। ਉੱਧਰ ਨਿਊਜ਼ੀਲੈਂਡ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਕਬੱਡੀ ਪ੍ਰਮੋਟਰ ਗੋਪਾ ਬੈਂਸ ਨੇ ਸਮੂਹ ਪ੍ਰਬੰਧਕਾਂ ਦੀ ਇਹਨਾਂ ਖੇਡਾਂ ਲਈ ਸ਼ਲਾਘਾ ਕੀਤੀ।
ਅਗਲੇ 15 ਸਾਲ ਖੇਡਾਂ ਨੂੰ 50 ਹਜ਼ਾਰ ਡਾਲਰ ਸਪਾਂਸਰ ਕਰੇਗਾ ਪਨਵਿਕ ਗਰੁੱਪ
ਮੈਲਬੌਰਨ ਤੋਂ ਪਨਵਿਕ ਗਰੁੱਪ ਦੇ ਮਾਲਕ ਰੁਪਿੰਦਰ ਬਰਾੜ ਅਤੇ ਸਰਬਜੋਤ ਢਿੱਲੋਂ ਨੇ ਸਾਂਝੇ ਤੌਰ ‘ਤੇ ਐਲਾਨ ਕੀਤਾ ਕਿ ਉਹ ਆਉਣ ਵਾਲੇ 15 ਸਾਲ ਲਈ 50 ਹਜ਼ਾਰ ਡਾਲਰ ਦੀ ਰਾਸ਼ੀ ਆਪਣੇ ਕੋਲੋਂ ਦੇਣਗੇ ਜੋ ਸਿੱਖ ਖੇਡਾਂ ਦੇ ਪ੍ਰਬੰਧਾਂ ਲਈ ਵਰਤੀ ਜਾਵੇਗੀ। ਰੁਪਿੰਦਰ ਬਰਾੜ ਨੇ ਕਿਹਾ ਕਿ ਬੇਸ਼ੱਕ ਰਸਮੀ ਐਲਾਨ ਅਸੀਂ 15 ਸਾਲ ਦਾ ਕੀਤਾ ਹੈ ਪਰ ਅਸਲੀਅਤ ‘ਚ ਅਸੀਂ ਰਹਿੰਦੀ ਜ਼ਿੰਦਗੀ ਤੱਕ ਇਹਨਾਂ ਖੇਡਾਂ ਨੂੰ ਸਹਿਯੋਗ ਦੇਵਾਂਗੇ ਤੇ ਜੇ ਲੋੜ ਪਈ ਤਾਂ ਰਾਸ਼ੀ ਵਧਾਈ ਵੀ ਜਾ ਸਕਦੀ ਹੈ। ਉੱਧਰ ਸਰਬਜੋਤ ਢਿੱਲੋਂ ਨੂੰ ਇਸ ਵਾਰ ਫਿਰ ਸਿੱਖ ਖੇਡਾਂ ਦੀ ਨੈਸ਼ਨਲ ਕਮੇਟੀ ਦਾ ਕੌਮੀ ਪ੍ਰਧਾਨ ਬਣਾ ਦਿੱਤਾ ਗਿਆ ਹੈ। ਢਿੱਲੋਂ ਮੁਤਾਬਕ ਉਹ ਪੂਰੀ ਤਨਦੇਹੀ ਦੇ ਨਾਲ ਇਹਨਾਂ ਖੇਡਾਂ ਦੀ ਅਗਵਾਈ ਕਰਨਗੇ।