24ਵਾਂ ਗ੍ਰਿਫਿਤ ਸ਼ਹੀਦੀ ਖੇਡ ਮੇਲਾ ਸਫ਼ਲਤਾ ਪੂਰਵਕ ਸਮਾਪਤ

06/13/2022 9:56:38 AM

ਮੈਲਬੌਰਨ (ਮਨਦੀਪ ਸਿੰਘ ਸੈਣੀ)- ਆਸਟ੍ਰੇਲੀਆ ਦੇ ਗ੍ਰਿਫਿਤ ਸ਼ਹਿਰ ਵਿਖੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਤੇ ਸਮੂਹ ਸਾਧ ਸੰਗਤ ਵਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਵਿੱਚ 24ਵਾਂ ਸਲਾਨਾ ਸ਼ਹੀਦੀ ਖੇਡ ਮੇਲਾ ਐਤਵਾਰ ਨੂੰ ਸਫ਼ਲਤਾ ਪੂਰਵਕ ਸਮਾਪਤ ਹੋ ਗਿਆ। ਲਗਾਤਾਰ ਦੋ ਦਿਨ ਤੱਕ ਚੱਲੇ ਇਸ ਖੇਡ ਮੇਲੇ ਵਿੱਚ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਤੋਂ ਹਜ਼ਾਰਾਂ ਦਰਸ਼ਕਾਂ ਨੇ ਹਿੱਸਾ ਲਿਆ ਜੋ ਕਿ ਇਕ ਰਿਕਾਰਡ ਤੋੜ ਇਕੱਠ ਹੋ ਨਿਬੜਿਆ। ਸ਼ਨੀਵਾਰ ਨੂੰ ਸਥਾਨਕ ਗੁਰੂ ਘਰ ਵਿੱਚ ਸਜਾਏ ਗਏ ਵਿਸ਼ੇਸ਼ ਦੀਵਾਨਾਂ ਦੌਰਾਨ ਕੀਰਤਨੀ ਅਤੇ ਢਾਡੀ ਤਰਲੋਚਨ ਸਿੰਘ ਭਮੱਦੀ ਦੇ ਜਥੇ ਨੇ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।

PunjabKesari

ਇਸ ਖੇਡ ਮੇਲੇ ਵਿੱਚ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਅਤੇ ਨਿਊਜ਼ੀਲੈਂਡ ਤੋਂ ਟੀਮਾਂ ਨੇ ਹਿੱਸਾ ਲਿਆ ਤੇ ਕਬੱਡੀ, ਫੁੱਟਬਾਲ,ਵਾਲੀਬਾਲ, ਬੱਚਿਆਂ ਦੀਆਂ ਦੌੜਾਂ ਅਤੇ ਰੱਸਾਕੱਸ਼ੀ ਦੇ ਮੁਕਾਬਲੇ ਕਰਵਾਏ ਗਏ। ਸਾਰੇ ਹੀ ਮੁਕਾਬਲੇ ਦਿਲਚਸਪ ਹੋ ਨਿਬੜੇ। ਕਬੱਡੀ ਫਾਈਨਲ ਵਿੱਚ ਮੀਰੀ ਪੀਰੀ ਕਲੱਬ ਮੈਲਬੌਰਨ ਨੇ ਬਿੱਟੂ ਦੁਗਾਲ ਕਲੱਬ ਮੈਲਬੌਰਨ ਦੀ ਟੀਮ ਨੂੰ 33.5 ਅੰਕਾਂ ਦੇ ਮੁਕਾਬਲੇ 47 ਅੰਕਾਂ ਨਾਲ ਹਰਾ ਕੇ ਜੇਤੂ ਖ਼ਿਤਾਬ ਜਿੱਤਿਆ। ਫਾਈਨਲ ਮੁਕਾਬਲੇ ਵਿੱਚ ਕਬੱਡੀ ਖਿਡਾਰੀਆਂ ਦੀ ਦਰਸ਼ਨੀ ਖੇਡ ਦਾ ਆਨੰਦ ਲੈਣ ਲਈ ਦਰਸ਼ਕਾਂ ਨੇ ਰੇਡਾਂ ਤੇ ਜਾਫੀਆਂ 'ਤੇ ਡਾਲਰਾਂ ਦਾ ਮੀਂਹ ਵਰ੍ਹਾ ਦਿੱਤਾ। ਸਰਵੋਤਮ ਰੇਡਰ ਵਜੋਂ ਰਵੀ ਦਿਓੜਾ ਤੇ ਸਰਵੋਤਮ ਜਾਫੀ ਵਜੋਂ ਅਰਸ਼ ਚੋਹਲਾ ਸਾਹਿਬ ਨੂੰ ਚੁਣਿਆ ਗਿਆ। ਕਬੱਡੀ ਦੇ ਸੈਮੀ ਫਾਈਨਲ ਮੁਕਾਬਲੇ ਵਿਚ ਕਬੱਡੀ ਖਿਡਾਰੀ ਗੁਰਲਾਲ ਦੇ ਗੰਭੀਰ ਸੱਟ ਲੱਗਣ ਕਾਰਨ ਕਬੱਡੀ ਪ੍ਰੇਮੀਆਂ ਨੇ ਮੌਕੇ 'ਤੇ ਹੀ 78 ਹਜ਼ਾਰ ਡਾਲਰ ਦੀ ਸਹਾਇਤਾ ਰਾਸ਼ੀ ਮੱਦਦ ਵਜੋਂ ਇਕੱਤਰ ਕਰ ਕੇ ਮਿਸਾਲ ਕਾਇਮ ਕਰ ਦਿੱਤੀ।

PunjabKesari

ਬੀਬੀਆਂ ਅਤੇ ਬੱਚਿਆਂ  ਲਈ `ਮਿਊਜ਼ੀਕਲ ਚੇਅਰ` ਮੁਕਾਬਲੇ ਵੀ ਦਿਲਚਸਪ ਹੋ ਨਿਬੜੇ। ਆਸਟ੍ਰੇਲੀਆਈ ਫੌਜ ਵਿਚ ਸੁਨਹਿਰੀ ਭਵਿੱਖ ਬਣਾਉਣ ਦੇ ਮੰਤਵ ਨਾਲ ਆਸਟ੍ਰੇਲੀਆਈ ਸਿੱਖ ਨੌਜਵਾਨ ਫੌਜੀਆਂ ਵੱਲੋਂ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਤੌਰ 'ਤੇ ਜਾਗਰੂਕਤਾ ਕੈਂਪ ਲਗਾਇਆ ਗਿਆ। ਖਾਲਸਾਈ ਸ਼ਾਨ ਦਾ ਪ੍ਰਤੀਕ ਗਤਕਾ, 1984 ਦੌਰਾਨ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਤਸਵੀਰ ਪ੍ਰਦਰਸ਼ਨੀ, ਸਵਾਲ ਜਵਾਬ ਮੁਕਾਬਲੇ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਇਸ ਮੌਕੇ ਲਗਾਈ ਗਈ ਕਿਤਾਬ ਪ੍ਰਦਰਸ਼ਨੀ 'ਤੇ ਸਾਹਿਤ ਪ੍ਰੇਮੀਆਂ ਨੇ ਵਿਸ਼ੇਸ਼ ਰੁਚੀ ਵਿਖਾਈ। ਇਸ ਸ਼ਹੀਦੀ ਖੇਡ ਮੇਲੇ ਵਿੱਚ ਸਥਾਨਕ ਆਸਟ੍ਰੇਲੀਅਨ ਭਾਈਚਾਰੇ ਨੇ ਵੀ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ। 

PunjabKesari

ਦੋਵੇਂ ਦਿਨ ਗ੍ਰਿਫਿਤ ਦੀ ਸਮੂਹ ਸੰਗਤ, ਸਿੱਖ ਸੰਸਥਾਵਾਂ ਅਤੇ ਖਾਲਸਾ ਛਾਉਣੀ ਮੈਲਬੌਰਨ ਵਲੋਂ ਸੰਗਤਾਂ ਲਈ ਚਾਹ ਪਕੌੜੇ, ਪਿੰਨੀਆਂ, ਗੰਨੇ ਦਾ ਰਸ, ਜੂਸ ਸਮੇਤ ਕਈ ਪ੍ਰਕਾਰ ਦੇ ਲੰਗਰ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਸਥਾਨਕ ਕੌਂਸਲ ਦੇ ਨੁਮਾਇੰਦਿਆਂ ਵੱਲੋਂ ਸ਼ਹੀਦੀ ਖੇਡ ਮੇਲੇ ਲਈ 10 ਹਜ਼ਾਰ ਡਾਲਰ ਦੀ ਗਰਾਂਟ ਭੇਂਟ ਕੀਤੀ ਗਈ। ਪ੍ਰਬੰਧਕਾਂ ਨੇ ਇਸ ਮੌਕੇ ਹਾਜ਼ਰ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਪ੍ਰਬੰਧਕ ਕਮੇਟੀ ਵਲੋਂ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਗਏ। ਨਿੱਘੀ ਧੁੱਪ ਵਿੱਚ ਮਹਿਕਾਂ ਵੰਡਦਾ ਇਹ ਸ਼ਹੀਦੀ ਮੇਲਾ ਅਗਲੇ ਸਾਲ ਫਿਰ ਮਿਲਣ ਦੇ ਵਾਅਦੇ ਨਾਲ ਸਫ਼ਲਤਾ ਪੂਰਵਕ ਸਮਾਪਤ ਹੋਇਆ।

PunjabKesari


cherry

Content Editor

Related News