SFJ ਦੇ ਗੁਰਪਤਵੰਤ ਪੰਨੂ ਖ਼ਿਲਾਫ਼ ਪੰਜਾਬ 'ਚ ਦਰਜ ਹਨ ਕਰੀਬ 2 ਦਰਜਨ ਮਾਮਲੇ, ਜਾਣੋ ਪੂਰਾ ਵੇਰਵਾ

Saturday, Oct 15, 2022 - 01:53 PM (IST)

SFJ ਦੇ ਗੁਰਪਤਵੰਤ ਪੰਨੂ ਖ਼ਿਲਾਫ਼ ਪੰਜਾਬ 'ਚ ਦਰਜ ਹਨ ਕਰੀਬ 2 ਦਰਜਨ ਮਾਮਲੇ, ਜਾਣੋ ਪੂਰਾ ਵੇਰਵਾ

ਨੈਸ਼ਨਲ ਡੈਸਕ - ਵੱਖਵਾਦੀ ਜਥੇਬੰਦੀ ਸਿਖਸ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਖ਼ਿਲਾਫ਼ ਪਿਛਲੇ ਤਕਰੀਬਨ 5 ਸਾਲਾਂ ਵਿਚ ਪੰਜਾਬ ਵਿਚ ਹੀ 22 ਮਾਮਲੇ ਦਰਜ ਹੋ ਚੁੱਕੇ ਹਨ। 2017 ਤੋਂ ਹੁਣ ਤਕ ਪੰਜਾਬ ਪੁਲਸ ਵੱਲੋਂ ਪੰਨੂ ਨੂੰ 22 ਮਾਮਲਿਆਂ ਵਿਚ ਨਾਮਜ਼ਦ ਕੀਤਾ ਗਿਆ ਹੈ। ਸਿਖਸ ਫਾਰ ਜਸਟਿਸ ਜਥੇਬੰਦੀ ਸਿੱਖਾਂ ਲਈ ਵੱਖਰੇ ਦੇਸ਼ ਖਾਲਿਸਤਾਨ ਦੀ ਸਮਰਥਕ ਹੈ ਅਤੇ ਲਗਾਤਾਰ ਆਪਣੀਆਂ ਸਰਗਰਮੀਆਂ ਕਾਰਨ ਸੁਰਖੀਆਂ ਵਿਚ ਰਹਿੰਦੀ ਹੈ। ਜਾਣਕਾਰੀ ਮੁਤਾਬਕ ਜਥੇਬੰਦੀ 2007 ਵਿਚ ਹੋਂਦ ਵਿਚ ਆਈ ਸੀ ਅਤੇ ਗੁਰਪਤਵੰਤ ਪੰਨੂ ਇਸ ਦੇ ਬਾਨੀ ਮੈਂਬਰਾਂ 'ਚੋਂ ਇਕ ਹਨ। ਕੇਂਦਰ ਸਰਕਾਰ ਵੱਲੋਂ 2019 ਵਿਚ ਉਕਤ ਜਥੇਬੰਦੀ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ।

ਪੰਜਾਬ ਪੁਲਸ ਦੀ ਜਾਣਕਾਰੀ ਮੁਤਾਬਕ ਗੁਰਪਤਵੰਤ ਪੰਨੂ ਮਰਹੂਮ ਮੋਹਿੰਦਰ ਸਿੰਘ ਪੰਨੂ ਦਾ ਪੁੱਤਰ ਹੈ ਜੋ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਨੱਥੂ ਚੱਕ ਦੇ ਰਹਿਣ ਵਾਲੇ ਸਨ। ਪੰਨੂ ਨੇ ਪੰਜਾਬ ਯੂਨੀਵਰਸਿਟੀ ਤੋਂ ਲਾਅ ਦੀ ਡਿਗਰੀ ਕੀਤੀ ਸੀ। ਇਸ ਤੋਂ ਇਲਾਵਾ ਉਹ ਨਿਊਯਾਰਕ ਦੇ ਇਕ ਕਾਲਜ ਤੋਂ ਐੱਲ. ਐੱਲ. ਐੱਮ. ਅਤੇ ਹਾਰਟਫੋਰਡ ਯੂਨੀਵਰਸਿਟੀ ਤੋਂ ਐੱਮ. ਬੀ. ਏ ਕਰ ਚੁੱਕਿਆ ਹੈ। ਅੱਜ ਕੱਲ੍ਹ ਪੰਨੂ ਅਮਰੀਕਾ ਦੀ ਧਰਤੀ ਤੋਂ ਵੱਖਵਾਦੀ ਸਰਗਰਮੀਆਂ ਨੂੰ ਅੰਜ਼ਾਮ ਦੇ ਰਿਹਾ ਹੈ।

ਪੰਨੂ ਖ਼ਿਲਾਫ਼ ਦਰਜ ਹਨ ਇਹ ਮਾਮਲੇ

-ਜਾਣਕਾਰੀ ਮੁਤਾਬਕ ਪੰਨੂ ਖ਼ਿਲਾਫ਼ ਸਭ ਤੋਂ ਪਹਿਲਾ ਮਾਮਲਾ 20 ਦਸੰਬਰ 1990 'ਚ ਚੰਡੀਗੜ੍ਹ ਵਿਖੇ ਦੇਸ਼ਧ੍ਰੋਹ ਦਾ ਦਰਜ ਕੀਤਾ ਗਿਆ ਸੀ। ਉਸ 'ਤੇ ਆਈ. ਪੀ. ਸੀ. ਦੀ ਧਾਰਾ 124ਏ ਦੇ ਨਾਲ ਨਾਲ ਅੱਤਵਾਦ ਅਤੇ ਵਿਘਨਕਾਰੀ ਗਤੀਵਿਧੀਆਂ (ਰੋਕਥਾਮ) ਐਕਟ ਦੇ ਤਹਿਤ ਵੱਖ-ਵੱਖ ਸਮੂਹਾਂ ਵਿਚਾਲੇ ਧਰਮ, ਨਸਲ, ਜਨਮ ਸਥਾਨ, ਨਿਵਾਸ ਸਥਾਨ, ਭਾਸ਼ਾ ਆਦਿ ਦੇ ਅਧਾਰ 'ਤੇ ਦੁਸ਼ਮਣੀ ਪਾਉਣ, ਆਪਸੀ ਸਦਭਾਵਨਾ ਦੀ ਖ਼ਿਲਾਫ਼ਤ  (ਧਾਰਾ 153ਏ) ਅਤੇ ਅਪਰਾਧਿਕ ਧਮਕੀ (ਸੈਕਸ਼ਨ 506) ਦਾ ਮਾਮਲਾ ਦਰਜ ਕੀਤਾ ਗਿਆ ਸੀ।

-2017 ਵਿਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਮੋਹਾਲੀ, ਸੰਗਰੂਰ, ਫਤਹਿਗੜ੍ਹ ਸਾਹਿਬ, ਬਰਨਾਲਾ, ਗੁਰਦਾਸਪੁਰ, ਪਟਿਆਲਾ, ਮੋਗਾ, ਅੰਮ੍ਰਿਤਸਰ ਦਿਹਾਤੀ, ਹੁਸ਼ਿਆਰਪੁਰ, ਤਰਨਤਾਰਨ ਆਦਿ ਵਿਚ ਰੈਫਰੈਂਡਮ 2020 ਦੇ ਪੋਸਟਰ ਲਗਾਏ ਗਏ ਸਨ। ਇਸ ਮਾਮਲੇ ਵਿਚ 6 ਜੁਲਾਈ 2017 ਵਿਚ ਮੋਹਾਲੀ ਦੇ ਸੋਹਾਨਾ ਪੁਲਸ ਸਟੇਸ਼ਨ ਵਿਖੇ ਆਈ.ਪੀ.ਸੀ ਦੀ ਧਾਰਾ 124ਏ, 153ਏ, 153ਬੀ (ਰਾਸ਼ਟਰੀ ਏਕਤਾ ਦੇ ਵਿਰੁੱਧ ਕੰਮ ਕਰਨ ਲਈ) ਅਤੇ 120ਬੀ (ਅਪਰਾਧਿਕ ਸਾਜ਼ਿਸ਼) ਤਹਿਤ ਕੇਸ ਦਰਜ ਕੀਤਾ ਸੀ। ਇਸ ਮਾਮਲੇ ਵਿਚ ਮੁਹਾਲੀ ਦੇ ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਵੱਲੋਂ ਖੁੱਲ੍ਹਾ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ।

 -2018 ਵਿਚ ਵਿਦੇਸ਼ ਵਿਚ ਰਹਿੰਦੇ ਐੱਸ.ਐੱਫ.ਜੇ. ਕਾਰਕੁੰਨ ਰਾਣਾ ਸਿੰਘ, ਦੀਪ ਕੌਰ ਅਤੇ ਮਾਨ ਸਿੰਘ ਖ਼ਾਲਸਾ ਦੇ ਨਿਰਦੇਸ਼ਾਂ 'ਤੇ ਧਰਮਿੰਦਰ ਸਿੰਘ ਅਤੇ ਕਿਰਪਾਲ ਸਿੰਘ ਔਲਖ ਵੱਲੋਂ ਸ਼ਰਾਬ ਠੇਕੇ ਨੂੰ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਪੰਜਾਬ ਦੇ ਖ਼ਾਲਿਸਤਾਨ ਵਿਰੋਧੀ ਅਤੇ ਹਿੰਦੂ ਆਗੂਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ। ਉਨ੍ਹਾਂ ਕੋਲੋਂ .32 ਬੋਰ ਪਿਸਤੌਲ, ਵੱਖ-ਵੱਖ ਬੋਰ ਦਾ ਅਸਲਾ, ਇੱਕ ਪਿਸਤੌਲ .315 ਬੋਰ, 40 ਹਜ਼ਾਰ ਰੁਪਏ ਨਕਦ, ਐਸ.ਐਫ.ਜੇ ਦੇ ਪੋਸਟਰ, ਸਟੈਂਸਿਲ ਅਤੇ ਸਪਰੇਅ ਪੇਂਟ ਬਰਾਮਦ ਕੀਤੇ ਗਏ ਸਨ। ਇਸ 'ਤੇ 31 ਮਈ 2018 ਨੂੰ ਪੰਨੂ ਖ਼ਿਲਾਫ਼ ਬਟਾਲਾ ਦੇ ਰੰਗੜ ਨੰਗਲ ਪੁਲਸ ਸਟੇਸ਼ਨ ਵਿਚ ਕਤਲ ਦੀ ਕੋਸ਼ਿਸ਼ (ਆਈ.ਪੀ.ਸੀ. ਧਾਰਾ 307) ਅਤੇ ਧਾਰਾ 438 (ਅੱਗ ਜਾਂ ਵਿਸਫੋਟਕ ਪਦਾਰਥ ਨਾਲ ਸ਼ਰਾਰਤ), 427 (ਸ਼ਰਾਰਤ ਕਰਕੇ ਰਕਮ ਨੂੰ ਨੁਕਸਾਨ ਪਹੁੰਚਾਉਣ) , 148 (ਮਾਰੂ ਹਥਿਆਰਾਂ ਨਾਲ ਲੈਸ ਹੋਣ ਅਤੇ ਦੰਗਿਆਂ ਲਈ), 149 (ਗੈਰ-ਕਾਨੂੰਨੀ ਇਕੱਠ)। ਉਸ 'ਤੇ ਗ਼ੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਵੀ ਮਾਮਲਾ ਦਰਜ ਕੀਤਾ ਗਿਆ ਸੀ। 

-2018 ਵਿਚ ਅੰਮ੍ਰਿਤਸਰ ਦੇ ਸੁਲਤਾਨਵਿੰਡ ਪੁਲਸ ਸਟੇਸ਼ਨ ਵੱਲੋਂ ਸੁਖਰਾਜ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ "ਖਾਲਿਸਤਾਨ ਰੈਫਰੈਂਡਮ 2020" ਦੇ ਪ੍ਰਚਾਰ ਲਈ ਵਿਦੇਸ਼ਾਂ ਤੋਂ ਕਥਿਤ ਤੌਰ 'ਤੇ ਫੰਡ ਪ੍ਰਾਪਤ ਕਰਨ ਅਤੇ ਅੰਮ੍ਰਿਤਸਰ ਸ਼ਹਿਰ ਵਿਚ ਇਸ ਦੇ ਬੈਨਰ ਲਗਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਪੁਲਸ ਨੇ 11 ਮੋਬਾਈਲ ਫੋਨ, ਇਕ .32 ਬੋਰ ਦਾ ਪਿਸਤੌਲ (ਦੇਸੀ) ਅਤੇ ਚਾਰ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਸਨ। ਇਸ 'ਤੇ ਸੁਲਤਾਨਵਿੰਡ ਪੁਲਸ ਸਟੇਸ਼ਨ ਵਿਖੇ 19 ਅਕਤੂਬਰ 2018 ਨੂੰ ਪੰਨੂ ਵਿਰੁੱਧ ਆਈ.ਪੀ.ਸੀ. ਦੀ ਧਾਰਾ 117 (ਲੋਕਾਂ ਨੂੰ ਅਪਰਾਧ ਲਈ ਉਕਸਾਉਣ ਲਈ), 122 (ਸਰਕਾਰ ਵਿਰੁੱਧ ਜੰਗ ਛੇੜਨ ਦੇ ਇਰਾਦੇ ਨਾਲ ਹਥਿਆਰ ਆਦਿ ਇਕੱਠੇ ਕਰਨ ਲਈ) ਦੇ ਨਾਲ ਨਾਲ ਧਾਰਾ 124ਏ, 153ਏ, 153ਬੀ ਅਤੇ 120ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਹ ਕੇਸ ਐੱਨ. ਆਈ. ਏ. ਨੂੰ ਸੌਂਪ ਦਿੱਤਾ ਗਿਆ ਸੀ, ਜਿਸ ਨੇ ਪੰਨੂ ਨੂੰ ਇਸ ਕੇਸ ਵਿਚ ਚਾਰਜਸ਼ੀਟ ਕੀਤਾ ਹੈ। 

ਇਹ ਖ਼ਬਰ ਵੀ ਪੜ੍ਹੋ - SJF ਦਾ ਗੁਰਪਤਵੰਤ ਪੰਨੂ ਹਰਕਤਾਂ ਤੋਂ ਨਹੀਂ ਆ ਰਿਹਾ ਬਾਜ਼, ਹੁਣ ਕੈਨੇਡਾ ਦੇ ਮਿਸੀਸਾਗਾ ’ਚ ਕਰ ਰਿਹੈ ਰੈਫਰੈਂਡਮ ਦੀ ਤਿਆਰੀ

-ਕੋਰੋਨਾ ਤੋਂ ਬਚਾਅ ਲਈ ਲੱਗੇ ਲਾਕਡਾਊਨ ਦੌਰਾਨ ਪੰਨੂ ਵੱਲੋਂ ਇਕ ਆਡੀਓ ਰਿਕਾਰਡਿੰਗ ਜਾਰੀ ਕਰ ਕੇ ਕੇਂਦਰ ਤੇ ਪੰਜਾਬ ਸਰਕਾਰ 'ਤੇ ਲਾਕਡਾਊਨ ਦੇ ਨਾਂ 'ਤੇ ਨੌਜਵਾਨਾਂ 'ਤੇ ਤਸ਼ੱਦਦ ਕਰਨ ਦੀ ਗੱਲ ਕਹੀ ਗਈ ਸੀ। ਇਸ 'ਤੇ 10 ਅਪ੍ਰੈਲ 2020 ਵਿਚ ਪੰਜਾਬ ਪੁਲਸ ਅਤੇ ਸਟੇਟ ਸਪੈਸ਼ਲ ਆਪਰੇਸ਼ਨਜ਼ ਸੈੱਲ ਮੋਹਾਲੀ ਪੁਲਸ ਸਟੇਸ਼ਨ ਵੱਲੋਂ ਉਸ ਖ਼ਿਲਾਫ਼ ਯੂ.ਏ.ਪੀ.ਏ. ਐਕਟ ਤਹਿਤ 2 ਮਾਮਲੇ ਦਰਜ ਕੀਤੇ ਗਏ ਸਨ।

-10 ਅਪ੍ਰੈਲ 2020 ਨੂੰ ਹੀ ਇਕ ਫੇਸਬੁੱਕ ਗਰੁੱਪ ਵੱਲੋਂ 'ਰੈਫਰੈਂਡਮ 2020' ਸਬੰਧੀ ਐੱਸ.ਐੱਫ.ਜੇ. ਦੀਆਂ ਦੇਸ਼ ਵਿਰੋਧੀ ਸਰਗਰਮੀਆਂ ਦਾ ਪ੍ਰਚਾਰ ਕਰਨ ਦੇ ਮਾਮਲੇ ਵਿਚ ਪੰਨੂ ਖ਼ਿਲਾਫ਼ ਯੂ.ਏ.ਪੀ.ਏ. ਅਤੇ ਆਈ.ਟੀ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ।

-2020 ਵਿਚ ਪੰਨੂ ਖ਼ਿਲਾਫ਼ ਸਿੱਖ ਫ਼ੌਜੀਆਂ ਨੂੰ ਭੜਕਾਉਣ ਦੇ ਮਾਮਲੇ ਵਿਚ ਕੁਰਾਲੀ ਸਦਰ ਥਾਣੇ ਵਿਚ 19 ਜੂਨ 2020 ਵਿਚ ਦੇਸ਼ਧ੍ਰੋਹ ਤੇ ਯੂ.ਏ.ਪੀ.ਏ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਹ ਮਾਮਲਾ ਐੱਨ.ਆਈ.ਏ. ਨੂੰ ਸੌਂਪ ਦਿੱਤਾ ਗਿਆ ਸੀ ਜਿਸ ਵੱਲੋਂ ਪੰਨੂ ਖ਼ਿਲਾਫ਼ ਚਾਰਜਸ਼ੀਟ ਦਾਇਰ ਕਰ ਦਿੱਤੀ ਗਈ ਹੈ। ਇਸ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ।

-ਦਲਿਤ ਸੁਰਕਸ਼ਾ ਸੈਨਾ ਦੇ ਮੁਖੀ ਲਵਲੀਨ ਉਰਫ਼ ਲਵ ਮੱਟੂ ਦੀ ਸ਼ਿਕਾਇਤ 'ਤੇ ਅੰਮ੍ਰਿਤਸਰ ਦੇ ਬੀ-ਡਵੀਜ਼ਨ ਪੁਲਸ ਸਟੇਸ਼ਨ ਵੱਲੋਂ 2 ਜੁਲਾਈ 2020 ਨੂੰ ਪੰਨੂ ਖ਼ਿਲਾਫ਼ ਦੇਸ਼ਧ੍ਰੋਹ, ਐੱਸ.ਸੀ. /ਐੱਸ.ਟੀ. ਐਕਟ, ਯੂ.ਏ.ਪੀ.ਏ. ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

-ਇਟਲੀ ਦੇ ਐੱਸ.ਐੱਫ.ਜੇ. ਕਾਰਕੁੰਨ ਜੋਗਿੰਦਰ ਸਿੰਘ ਗੁੱਜਰ 'ਤੇ ਵੱਖਵਾਦੀ ਸਰਗਰਮੀਆਂ ਸਬੰਧੀ ਦੋਸ਼ ਲੱਗੇ ਸਨ। ਜਾਂਚ ਵਿਚ ਸਾਹਮਣੇ ਆਇਆ ਸੀ ਕਿ ਉਹ ਪੰਨੂ ਦੇ ਸੰਪਰਕ ਵਿਚ ਸੀ। ਜਿਸ 'ਤੇ 2 ਜੁਲਾਈ 2020 ਨੂੰ ਹੀ ਕਪੂਰਥਲਾ ਦੇ ਭੁਲੱਥ ਥਾਣੇ ਵੱਲੋਂ ਪੰਨੂ ਖ਼ਿਲਾਫ਼ ਯੂ.ਏ.ਪੀ.ਏ. ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

-2020 ਵਿਚ ਐੱਸ.ਐੱਫ.ਜੇ.ਕਾਰਕੁੰਨ ਇੰਦਰਜੀਤ ਸਿੰਘ ਅਤੇ ਜਸਪਾਲ ਸਿੰਘ ਵੱਲੋਂ ਮੋਗਾ ਡੀ.ਸੀ. ਕੰਪਲੈਕਸ ਤੋਂ ਕੌਮੀ ਝੰਡਾ ਤਿਰੰਗਾ ਉਤਾਰ ਕੇ ਖ਼ਾਲਿਸਤਾਨੀ ਝੰਡਾ ਲਗਾ ਦਿੱਤਾ ਗਿਆ ਸੀ। ਇਸ 'ਤੇ 14 ਅਗਸਤ 2020 ਵਿਚ ਪੰਨੂ ਨੂੰ ਦੇਸ਼ਧ੍ਰੋਹ ਸਮੇਤ ਵੱਖ-ਵੱਖ ਮਾਮਲਿਆਂ ਵਿਚ ਨਾਮਜ਼ਦ ਕੀਤਾ ਗਿਆ ਸੀ। ਇਹ ਕੇਸ ਵੀ ਐੱਨ.ਆਈ.ਏ. ਨੂੰ ਸੌਂਪ ਦਿੱਤਾ ਗਿਆ ਸੀ ਜਿਸ ਵੱਲੋਂ ਪੰਨੂ ਖ਼ਿਲਾਫ਼ ਚਾਰਜਸ਼ੀਟ ਦਾਇਰ ਕਰ ਦਿੱਤੀ ਗਈ ਸੀ।

-2021 ਵਿਚ ਪੰਨੂ ਖ਼ਿਲਾਫ਼ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਹਿੰਸਕ ਕੱਟੜਪੰਥੀ ਕਾਰਵਾਈਆਂ ਨੂੰ ਉਤਸ਼ਾਹਿਤ ਕਰਨ ਅਤੇ ਜਾਨੋਂ ਮਾਰਨ ਦੀ ਧਮਕੀ ਦੇਣ ਲਈ ਮਾਮਲਾ ਦਰਜ ਕੀਤਾ ਗਿਆ ਸੀ। ਇਹ ਕੇਸ 30 ਅਗਸਤ 2021 ਵਿਚ ਆਈ.ਪੀ.ਸੀ. ਦੀਆਂ ਧਾਰਾਵਾਂ 153,153ਏ, 124ਏ, ਯੂ.ਏ.ਪੀ.ਏ. ਅਤੇ ਐੱਸ.ਸੀ./ਐੱਸ.ਟੀ. ਐਕਟ ਤਹਿਤ ਮੋਹਾਲੀ ਵਿਚ ਦਰਜ ਕੀਤਾ ਗਿਆ ਸੀ।

-ਸਾਲ 2021 ਵਿਚ ਪੁਲਸ ਵੱਲੋਂ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਤੋਂ ਰੈਫਰੈਂਡਮ 2020 ਬਾਰੇ ਕਰੀਬ 3 ਲੱਖ ਪੋਸਟਰ ਬਰਾਮਦ ਕੀਤੇ ਗਏ ਸਨ। ਇਸ ਦੇ ਨਾਲ ਹੀ ਮੁਲਜ਼ਮਾਂ ਕੋਲੋਂ ਇਕ ਪ੍ਰਿੰਟਰ, ਇਕ ਸਪਰੇਅ ਪੰਪ ਅਤੇ ਕੰਧਾਂ ਉੱਤੇ ਗ੍ਰਾਫਿਟੀ ਲਈ ਸਪਰੇਅ-ਪੇਂਟ ਦੀਆਂ ਬੋਤਲਾਂ, ਇਕ ਲੈਪਟਾਪ, ਤਿੰਨ ਮੋਬਾਈਲ ਫ਼ੋਨ ਅਤੇ ਇਕ ਕਾਰ ਵੀ ਬਰਾਮਦ ਹੋਈ ਸੀ। ਇਸ 'ਤੇ 16 ਸਤੰਬਰ 2021 ਨੂੰ ਪੰਜਾਬ ਪੁਲਸ ਨੇ ਮੋਹਾਲੀ ਦੇ ਐੱਸ.ਐੱਸ.ਓ.ਸੀ. ਪੁਲਿਸ ਸਟੇਸ਼ਨ ਵਿਚ ਪੰਨੂ ਵਿਰੁੱਧ ਆਈ.ਪੀ.ਸੀ. ਦੀਆਂ ਧਾਰਾਵਾਂ 153ਏ, 153ਬੀ ਅਤੇ 120ਬੀ ਅਤੇ ਯੂ.ਏ.ਪੀ.ਏ. ਦੀਆਂ ਧਾਰਾਵਾਂ ਦੇ ਨਾਲ ਦੇਸ਼ਧ੍ਰੋਹ ਦਾ ਇਕ ਹੋਰ ਕੇਸ ਦਰਜ ਕੀਤਾ।


-2021 ਵਿਚ 18 ਤੇ 19 ਅਗਸਤ ਦੀ ਰਾਤ ਨੂੰ ਲੁਧਿਆਣਾ ਦੇ ਪਿੰਡ ਗਿੱਲ ਦੀਆਂ ਕੰਧਾਂ 'ਤੇ ਗੁਰਵਿੰਦਰ ਸਿੰਘ ਅਤੇ ਜਸ਼ਨ ਮਾਂਗਟ ਵੱਲੋਂ ਖਾਲਿਸਤਾਨੀ ਨਾਅਰੇ ਲਿਖਣ ਦੇ ਦੋਸ਼ ਲੱਗੇ ਸਨ। ਇਸ ਮਾਮਲੇ ਵਿਚ 17 ਸਤੰਬਰ 2021 ਨੂੰ ਡੇਹਲੋਂ ਪੁਲਸ ਥਾਣੇ ਵੱਲੋਂ ਪੰਨੂ ਖ਼ਿਲਾਫ਼ ਦੇਸ਼ਧ੍ਰੋਹ ਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

-ਗੁਰਪਤਵੰਤ ਪੰਨੂ ਵੱਲੋਂ ਇਕ ਵੀਡੀਓ ਜਾਰੀ ਕਰ ਕੇ ਸਿੱਖ ਫ਼ੌਜੀਆਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰਨ ਲਈ 4 ਜੂਨ 2022 ਨੂੰ ਸਟੇਟ ਸਾਈਬਰ ਕ੍ਰਾਈਮ ਪੁਲਸ ਸਟੇਸ਼ਨ ਮੋਹਾਲੀ ਵੱਲੋਂ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।

- ਸਾਲ 2022 'ਚ ਫ਼ਰੀਦਕੋਟ ਡੀਸੀ ਦਫਤਰ ਵਿਖੇ ਖ਼ਾਲਿਸਤਾਨੀ ਝੰਡਾ ਲਹਿਰਾਉਣ ਅਤੇ ਅਦਾਲਤ ਦੀ ਕੰਧ 'ਤੇ ਖ਼ਾਲਿਸਤਾਨੀ ਨਾਅਰੇ ਲਿਖੇ ਜਾਣ 'ਤੇ ਫ਼ਰੀਦਕੋਟ ਪੁਲਸ ਵੱਲੋਂ ਪੰਨੂ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ ਸੀ।

-ਜੂਨ 2022 ਵਿਚ ਫਿਰੋਜ਼ਪੁਰ ਵਿਖੇ ਡਵੀਜ਼ਨਲ ਰੇਲਵੇ ਮੈਨੇਜਰ ਦਫ਼ਤਰ ਦੀ ਕੰਧ 'ਤੇ ਖਾਲਿਸਤਾਨੀ ਨਾਅਰੇ ਲਿਖੇ ਜਾਣ ਦੇ ਮਾਮਲੇ ਵਿਚ 13 ਜੂਨ 2022 ਵਿਚ ਪੰਨੂ ਖ਼ਿਲਾਫ਼ ਫਿਰੋਜ਼ਪੁਰ ਦੇ ਸਦਰ ਪੁਲਸ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਸੀ।

-ਸੰਗਰੂਰ ਦੇ ਮੰਦਰ ਦੀ ਕੰਧ 'ਤੇ ਐੱਸ.ਐੱਫ.ਜੇ. ਕਾਰਕੁੰਨ ਵੱਲੋਂ ਖਾਲਿਸਤਾਨੀ ਨਾਅਰੇ ਲਿਖੇ ਜਾਣ 'ਤੇ ਸੰਗਰੂਰ ਪੁਲਸ ਥਾਣੇ ਵੱਲੋਂ 20 ਜੂਨ 2022 ਨੂੰ ਪੰਨੂ ਨੂੰ ਨਾਮਜ਼ਦ ਕੀਤਾ ਗਿਆ। 
-ਅਗਲੇ ਹਫ਼ਤੇ ਸੰਗਰੂਰ ਵਿਚ ਹੀ ਐੱਸ.ਐੱਫ.ਜੇ. ਕਾਰਕੁੰਨ ਵੱਲੋਂ ਵਾਟਰ-ਟੈਸਟਿੰਗ ਲੈਬ ਅਤੇ ਕਲੱਬ ਦੀਆਂ ਕੰਧਾਂ 'ਤੇ ਖਾਲਿਸਤਾਨ ਰੈਫਰੈਂਡਮ ਦੇ ਹੱਕ ਵਿਚ ਨਾਅਰੇ ਲਿਖੇ ਜਾਣ 'ਤੇ 27 ਜੂਨ 2022 ਨੂੰ ਪੰਨੂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।
-ਜਲੰਧਰ ਵਿਖੇ ਪੰਜਾਬ ਆਰਮਡ ਪੁਲਸ ਹੈੱਡਕੁਆਰਟਰ ਦੀਆਂ ਕੰਧਾਂ 'ਤੇ ਐੱਸ.ਐੱਫ.ਜੇ. ਕਾਰਕੁੰਨ ਵੱਲੋਂ ਖਾਲਿਸਤਾਨੀ ਨਾਅਰੇ ਲਿਖੇ ਜਾਣ ਦੇ ਮਾਮਲੇ ਵਿਚ 30 ਜੂਨ 2022 ਨੂੰ ਜਲੰਧਰ ਛਾਉਣੀ ਪੁਲਸ ਵੱਲੋਂ ਪੰਨੂ ਨੂੰ ਨਾਮਜ਼ਦ ਕੀਤਾ ਗਿਆ ਸੀ।
-ਡੇਰਾ ਬਾਬਾ ਨਾਨਕ ਵਿਖੇ ਐੱਸ. ਡੀ. ਐੱਮ. ਦਫ਼ਤਰ ਅਤੇ ਬੱਸ ਅੱਡੇ ਦੀਆਂ ਕੰਧਾਂ 'ਤੇ ਖਾਲਿਸਤਾਨੀ ਨਾਅਰੇ ਲਿਖੇ ਜਾਣ ਦੇ ਮਾਮਲੇ ਵਿਚ 4 ਜੁਲਾਈ 2022 ਨੂੰ ਪੰਨੂ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ ਸੀ।
-ਬਠਿੰਡਾ ਵਿਚ ਡੇਰਾ ਸੱਚਾ ਸੌਦਾ ਦੀ ਇਮਾਰਤ ਦੀ ਕੰਧ 'ਤੇ ਐੱਸ.ਐੱਫ.ਜੇ. ਕਾਰਕੁੰਨ ਵੱਲੋਂ ਖਾਲਿਸਤਾਨੀ ਨਾਅਰੇ ਲਿਖੇ ਜਾਣ ਦੇ ਮਾਮਲੇ ਵਿਚ 7 ਜੁਲਾਈ 2022 ਨੂੰ ਪੰਨੂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।
-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਬੁੱਤ ਦੇ ਨੇੜੇ ਖਾਲਿਸਤਾਨੀ ਨਾਅਰੇ ਲਿਖੇ ਜਾਣ ਦੇ ਮਾਮਲੇ ਵਿਚ ਨਵੀ ਬਾਰਾਦਰੀ ਪੁਲਸ ਜਲੰਧਰ ਵੱਲੋਂ ਪੰਨੂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।

ਪੰਨੂ ਦੀ ਹਵਾਲਗੀ ਬਾਰੇ ਅਪਣਾਇਆ ਜਾ ਰਿਹਾ ਕਾਨੂੰਨੀ ਰਾਹ - ਡੀ. ਜੀ. ਪੀ.

ਇਸ ਸਬੰਧੀ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਦਾ ਕਹਿਣਾ ਹੈ ਕਿ ਗੁਰਪਤਵੰਤ ਪੰਨੂ ਖ਼ਿਲਾਫ਼ ਪੰਜਾਬ ਵਿਚ ਕਰੀਬ ਦੋ ਦਰਜਨ ਮਾਮਲੇ ਦਰਜ ਹਨ। ਪੰਜਾਬ ਪੁਲਸ ਵੱਲੋਂ ਉਸ ਦੀ ਹਵਾਲਗੀ ਦੇ ਲਈ ਕੇਂਦਰ ਸਰਕਾਰ ਦੇ ਜ਼ਰੀਏ ਕਾਨੂੰਨੀ ਤਰੀਕਾ ਅਪਣਾਇਆ ਜਾ ਰਿਹਾ ਹੈ ਤਾਂ ਜੋ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾ ਸਕੇ।


author

Harnek Seechewal

Content Editor

Related News