ਹੈਰੋਇਨ ਸਮੇਤ 2 ਕਾਬੂ, ਵੇਚਣ ਵਾਲਾ ਵੀ ਨਾਮਜ਼ਦ
Tuesday, Oct 14, 2025 - 10:59 AM (IST)

ਤਲਵੰਡੀ ਸਾਬੋ (ਮੁਨੀਸ਼) : ਤਲਵੰਡੀ ਸਾਬੋ ਪੁਲਸ ਨੇ 2 ਲੋਕਾਂ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ। ਪੁਲਸ ਨੇ ਹੈਰੋਇਨ ਵੇਚਣ ਵਾਲੇ ਨੂੰ ਵੀ ਕਾਬੂ ਕਰ ਕੇ ਤਿੰਨਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਥਾਣਾ ਤਲਵੰਡੀ ਸਾਬੋ ਦੇ ਹੌਲਦਾਰ ਰੁਪਿੰਦਰਪਾਲ ਸਿੰਘ ਨੇ ਦੱਸਿਆ ਕਿ ਅਵਨੀਤ ਕੌਂਡਲ ਜ਼ਿਲ੍ਹਾ ਪੁਲਸ ਮੁਖੀ ਬਠਿੰਡਾ ਅਤੇ ਹਰਪ੍ਰੀਤ ਸਿੰਘ ਡੀ. ਐੱਸ. ਪੀ. ਤਲਵੰਡੀ ਸਾਬੋ ਦੇ ਦਿਸ਼ਾ-ਨਿਰਦੇਸ਼ਾਂ ’ਤੇ ਪੰਜਾਬ ਪੁਲਸ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਗਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਇਲਾਕੇ ’ਚ ਗਸ਼ਤ ਕੀਤੀ ਜਾ ਰਹੀ ਸੀ।
ਉਨ੍ਹਾਂ ਦੱਸਿਆ ਕਿ ਤਲਵੰਡੀ ਸਾਬੋ ਦੀ ਦਾਣਾ ਮੰਡੀ ’ਚ ਸ਼ੁੱਕੀ ਹਾਲਾਤ ’ਚ ਬੈਠੇ 2 ਨੌਜਵਾਨਾਂ ਦੀ ਸ਼ੱਕ ਦੇ ਆਧਾਰ ’ਤੇ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਪਾਸੋਂ 5.90 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਨੇ ਦੋਵੇਂ ਕਥਿਤ ਮੁਲਜ਼ਮਾਂ ਨੂੰ ਕਾਬੂ ਕਰ ਕੇ ਹੈਰੋਇਨ ਆਪਣੇ ਕਬਜ਼ੇ ’ਚ ਲੈ ਲਈ। ਕਥਿਤ ਮੁਲਜ਼ਮਾਂ ਦੀ ਪਛਾਣ ਲਖਵਿੰਦਰ ਸਿੰਘ ਵਾਸੀ ਤਲਵੰਡੀ ਸਾਬੋ ਅਤੇ ਹਰਦੀਪ ਸਿੰਘ ਵਾਸੀ ਗੋਲੇਵਾਲਾ ਵਜੋਂ ਹੋਈ ਹੈ। ਮੁਲਜ਼ਮਾਂ ਕੋਲੋਂ ਪੁੱਛਗਿੱਛ ’ਤੇ ਹੈਰੋਇਨ ਵੇਚਣ ਵਾਲੇ ਕਥਿਤ ਮੁਲਜ਼ਮ ਗੁਰਜੰਟ ਸਿੰਘ ਨੂੰ ਮਾਮਲੇ ’ਚ ਨਾਮਜ਼ਦ ਕਰ ਕੇ ਉਸ ਨੂੰ ਵੀ ਕਾਬੂ ਕਰ ਲਿਆ ਹੈ। ਤਿੰਨੋਂ ਕਥਿਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।