ਕੈਨੇਡਾ ''ਚ 21 ਸਾਲਾ ਸਿੱਖ ਨੌਜਵਾਨ ''ਤੇ ਹਮਲੇ ਦਾ ਮਾਮਲਾ, ਸਿਹਤ ਨੂੰ ਲੈ ਕੇ ਸਾਹਮਣੇ ਆਈ ਇਹ ਅਪਡੇਟ

Wednesday, Mar 22, 2023 - 12:38 PM (IST)

ਕੈਨੇਡਾ ''ਚ 21 ਸਾਲਾ ਸਿੱਖ ਨੌਜਵਾਨ ''ਤੇ ਹਮਲੇ ਦਾ ਮਾਮਲਾ, ਸਿਹਤ ਨੂੰ ਲੈ ਕੇ ਸਾਹਮਣੇ ਆਈ ਇਹ ਅਪਡੇਟ

ਕੇਵਲੋਨਾ/ਕੈਨੇਡਾ (ਏਜੰਸੀ): ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਅਣਪਛਾਤੇ ਹਮਲਾਵਰਾਂ ਵੱਲੋਂ ਕੁੱਟਮਾਰ ਕਰਕੇ ਜ਼ਖ਼ਮੀ ਹੋਇਆ 21 ਸਾਲਾ ਸਿੱਖ ਵਿਦਿਆਰਥੀ ਗਗਨਦੀਪ ਸਿੰਘ ਘਰ ਵਿੱਚ ਠੀਕ ਹੋ ਰਿਹਾ ਹੈ। ਇਸ ਹਮਲੇ ਵਿਚ ਗਗਨਦੀਪ ਦੀ ਪੱਗ ਲਾਹ ਦਿੱਤੀ ਗਈ ਸੀ ਅਤੇ ਉਸ ਨੂੰ ਵਾਲਾਂ ਤੋਂ ਫੜ ਕੇ ਘੜੀਸਿਆ ਗਿਆ ਸੀ ਅਤੇ ਇਹ ਹਮਲਾ ਨਸਲੀ ਤੌਰ 'ਤੇ ਪ੍ਰੇਰਿਤ ਸੀ। ਗਲੋਬਲ ਨਿਊਜ਼ ਦੀ ਰਿਪਰੋਟ ਮੁਤਾਬਕ ਇਹ ਹਮਲਾ ਸੇਂਟ ਪੈਟਰਿਕਸ ਡੇ ਦੀ ਰਾਤ ਕੇਲੋਨਾ ਦੇ ਇਕ ਬੱਸ ਸਟਾਪ 'ਤੇ ਹੋਇਆ ਸੀ। ਸਿਟੀ ਕੌਂਸਲਰ ਮੋਹਿਨੀ ਸਿੰਘ ਦੇ ਅਨੁਸਾਰ, ਇਹ ਘਟਨਾ 17 ਮਾਰਚ ਨੂੰ ਰਾਤ 10:30 ਵਜੇ (ਸਥਾਨਕ ਸਮੇਂ ਅਨੁਸਾਰ) ਮੈਕਕਡੀ ਰੋਡ ਅਤੇ ਹਾਈਵੇਅ 97 ਦੇ ਮੋੜ 'ਤੇ ਵਾਪਰੀ। ਕੌਂਸਲਰ ਮੋਹਿਨੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਹਮਲੇ ਬਾਰੇ ਕੁਝ ਦੇਰ ਬਾਅਦ ਪਤਾ ਲੱਗਾ ਅਤੇ ਉਹ ਗਗਨਦੀਪ ਨੂੰ ਮਿਲਣ ਗਈ। ਕੌਂਸਲਰ ਨੇ ਕਿਹਾ, "ਗਗਨਦੀਪ ਘਰ ਵਿੱਚ ਮੁਸ਼ਕਿਲ ਨਾਲ ਚੱਲ ਪਾ ਰਿਹਾ ਹੈ। ਉਹ ਕੈਮਰੇ ਦਾ ਸਾਹਮਣਾ ਕਰਨ ਜਾਂ ਕਿਸੇ ਨਾਲ ਗੱਲ ਕਰਨ ਤੋਂ ਵੀ ਡਰ ਰਿਹਾ ਹੈ।" ਕੌਂਸਲਰ ਨੇ ਕਿਹਾ ਕਿ ਕੈਲੋਨਾ ਦੇ ਵਕੀਲ ਬਲ ਗਰੇਵਾਲ ਨੇ ਗਲੋਬਲ ਨਿਊਜ਼ ਨੂੰ ਦੱਸਿਆ ਕਿ ਗਗਨਦੀਪ ਨੂੰ ਉਸਦੀ ਜਾਤ ਕਾਰਨ ਨਿਸ਼ਾਨਾ ਬਣਾਇਆ ਗਿਆ। 

ਇਹ ਵੀ ਪੜ੍ਹੋ: ਕੈਨੇਡਾ 'ਚ ਸਿੱਖ ਵਿਦਿਆਰਥੀ 'ਤੇ ਹਮਲਾ, ਲਾਹੀ ਪੱਗ, ਵਾਲਾਂ ਤੋਂ ਫੜ ਕੇ ਘੜੀਸਿਆ

ਇਸ ਤੋਂ ਪਹਿਲਾਂ ਸਿੰਘ ਨੇ ਇੱਕ ਨਿਊਜ਼ ਰੀਲੀਜ਼ ਵਿੱਚ ਇਸ ਸਾਰੀ ਘਟਨਾ ਬਾਰੇ ਦੱਸਿਆ ਸੀ। ਉਨ੍ਹਾਂ ਦੱਸਿਆ ਸੀ ਕਿ ਗਗਨਦੀਪ ਰਾਤ ਕਰੀਬ 10.30 ਵਜੇ ਕਰਿਆਨੇ ਦੀ ਖ਼ਰੀਦਦਾਰੀ ਕਰਕੇ ਬੱਸ ਵਿਚ ਸਵਾਰ ਹੋ ਕੇ ਘਰ ਜਾ ਰਿਹਾ ਸੀ, ਉਦੋਂ ਬੱਸ ਵਿਚ ਉਸ ਦਾ 12 ਤੋਂ 15 ਨੌਜਵਾਨਾਂ ਨਾਲ ਸਾਹਮਣਾ ਹੋਇਆ। ਉਹ ਉਸ ਨੂੰ ਪਰੇਸ਼ਾਨ ਕਰਨ ਲੱਗੇ। ਵਿਦਿਆਰਥੀ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਉਸ ਨੂੰ ਪਰੇਸ਼ਾਨ ਨਾ ਕਰਨ, ਨਹੀਂ ਤਾਂ ਉਹ ਪੁਲਸ ਨੂੰ ਬੁਲਾ ਲਵੇਗਾ। ਪਰ, ਉਹ ਨਹੀਂ ਰੁਕੇ ਅਤੇ ਉਸ ਨੂੰ ਤੰਗ ਕਰਦੇ ਰਹੇ। ਗਲੋਬਲ ਟਾਈਮਜ਼ ਦੀ ਰਿਪੋਰਟ ਅਨੁਸਾਰ ਸਿੰਘ ਦੇ ਦੋਸਤ ਨਵਸ਼ੇਰ ਸੰਧੂ ਨੇ ਕਿਹਾ ਕਿ ਬੱਸ ਡਰਾਈਵਰ ਨੇ ਸਮੂਹ ਨੂੰ ਸ਼ਾਂਤ ਹੋਣ ਦੀ ਚੇਤਾਵਨੀ ਵੀ ਦਿੱਤੀ ਸੀ। ਇਸ ਤੋਂ ਬਾਅਦ ਗਗਨਦੀਪ ਬੱਸ ਤੋਂ ਹੇਠਾਂ ਉਤਰ ਗਿਆ। ਗਗਨਦੀਪ ਦੇ ਦੋਸਤਾਂ ਮੁਤਾਬਕ ਹਮਲਾਵਰ ਵੀ ਉਸਦੇ ਪਿੱਛੇ ਉਤਰੇ ਅਤੇ ਬੱਸ ਦੇ ਜਾਣ ਦੀ ਉਡੀਕ ਕਰਨ ਲੱਗੇ। ਫਿਰ ਹਮਲਾਵਰਾਂ ਦੇ ਸਮੂਹ ਨੇ ਉਸ 'ਤੇ ਹਮਲਾ ਕਰਕੇ ਉਸ ਦੇ ਚਿਹਰੇ, ਢਿੱਡ, ਬਾਹਾਂ ਅਤੇ ਪੈਰਾਂ 'ਤੇ ਸੱਟਾਂ ਮਾਰੀਆਂ... ਉਸ ਦੀ ਪੱਗ ਲਾਹ ਦਿੱਤੀ ਅਤੇ ਉਸ ਨੂੰ ਵਾਲਾਂ ਤੋਂ ਘੜੀਸ ਕੇ ਸੜਕ ਕਿਨਾਰੇ ਗੰਦੀ ਬਰਫ 'ਤੇ ਸੁੱਟ ਦਿੱਤਾ। ਹਮਲਾਵਰ ਉਸ ਦੀ ਪੱਗ ਆਪਣੇ ਨਾਲ ਲੈ ਗਏ। ਹੋਸ਼ ਆਉਣ 'ਤੇ ਗਗਨਦੀਪ ਨੇ ਆਪਣੇ ਦੋਸਤ ਨੂੰ ਫ਼ੋਨ ਕੀਤਾ।

ਇਹ ਵੀ ਪੜ੍ਹੋ: ਲੰਡਨ ’ਚ ਭਾਰਤੀ ਹਾਈ ਕਮਿਸ਼ਨ ਸਾਹਮਣੇ ਤਿਰੰਗੇ ਨਾਲ ‘ਜੈ ਹੋ’, ਤਿਰੰਗਾ ਉਤਾਰਣ ਦੇ ਵਿਰੋਧ 'ਚ ਸੈਂਕੜੇ ਭਾਰਤੀ ਹੋਏ ਇਕੱਠੇ

ਐਤਵਾਰ ਨੂੰ ਕੇਲੋਨਾ ਆਰ.ਸੀ.ਐੱਮ.ਪੀ. ਨੇ ਇੱਕ ਨਿਊਜ਼ ਰੀਲੀਜ਼ ਜਾਰੀ ਕਰਕੇ ਕਿਹਾ ਸੀ ਕਿ ਅਧਿਕਾਰੀਆਂ ਨੂੰ ਇੱਕ ਰਿਪੋਰਟ ਮਿਲੀ ਸੀ ਕਿ ਮੈਕਕਡੀ ਰੋਡ ਨੇੜੇ ਬੱਸ ਸਟਾਪ 'ਤੇ ਇੱਕ ਵਿਅਕਤੀ 'ਤੇ ਹਮਲਾ ਹੋਇਆ ਹੈ, ਜਿਸ ਤੋਂ ਬਾਅਦ ਅਧਿਕਾਰੀ ਮੌਕੇ 'ਤੇ ਪੁੱਜੇ ਅਤੇ ਉਨ੍ਹਾਂ ਨੇ ਪੀੜਤ ਨੂੰ ਜ਼ਮੀਨ 'ਤੇ ਪਿਆ ਦੇਖਿਆ, ਜਿੱਥੇ ਉਸਦੇ ਕੁਝ ਦੋਸਤ ਪਹਿਲਾਂ ਹੀ ਉਸ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਿੱਖ ਨੌਜਵਾਨਾਂ ਨੂੰ ਪੱਛਮ ਵਿੱਚ ਨਸਲੀ ਅਤੇ ਨਫ਼ਰਤੀ ਅਪਰਾਧਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।

ਇਹ ਵੀ ਪੜ੍ਹੋ: ਪਾਕਿਸਤਾਨ 'ਚ ਭੂਚਾਲ ਨਾਲ ਸਬੰਧਤ ਘਟਨਾਵਾਂ 'ਚ 9 ਲੋਕਾਂ ਦੀ ਮੌਤ, 160 ਤੋਂ ਵਧੇਰੇ ਜ਼ਖ਼ਮੀ (ਵੀਡੀਓ)

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News