ਜ਼ੇਲੇਂਸਕੀ ਦਾ ਵੱਡਾ ਬਿਆਨ, ਰੂਸ ਲਿਜਾਏ ਗਏ ਯੂਕ੍ਰੇਨ ਦੇ ਲੋਕਾਂ 'ਚ 2 ਲੱਖ ਬੱਚੇ ਸ਼ਾਮਲ
Thursday, Jun 02, 2022 - 02:58 PM (IST)
ਕੀਵ (ਭਾਸ਼ਾ)- ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਬੁੱਧਵਾਰ ਨੂੰ ਕਿਹਾ ਕਿ ਜ਼ਬਰਦਸਤੀ ਰੂਸ ਲਿਜਾਏ ਗਏ ਦੇਸ਼ ਦੇ ਲੋਕਾਂ ਵਿੱਚ 200,000 ਬੱਚੇ ਸ਼ਾਮਲ ਹਨ। ਇਨ੍ਹਾਂ ਵਿੱਚ ਅਨਾਥ ਆਸ਼ਰਮਾਂ ਤੋਂ ਲਿਜਾਏ ਗਏ, ਮਾਪਿਆਂ ਨਾਲ ਲਿਜਾਏ ਗਏ ਅਤੇ ਆਪਣੇ ਪਰਿਵਾਰਾਂ ਤੋਂ ਵੱਖ ਹੋਏ ਬੱਚੇ ਸ਼ਾਮਲ ਹਨ। ਰਾਸ਼ਟਰਪਤੀ ਨੇ ਬੁੱਧਵਾਰ ਰਾਤ ਨੂੰ ਦੇਸ਼ ਦੇ ਨਾਮ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਇਸ ਅਪਰਾਧਿਕ ਨੀਤੀ ਦਾ ਮਕਸਦ ਸਿਰਫ਼ ਲੋਕਾਂ ਨੂੰ ਚੋਰੀ ਕਰਨਾ ਨਹੀਂ ਹੈ, ਸਗੋਂ ਲੋਕਾਂ ਦੀਆਂ ਯੂਕ੍ਰੇਨ ਦੀਆਂ ਯਾਦਾਂ ਨੂੰ ਮਿਟਾਉਣਾ ਅਤੇ ਉਨ੍ਹਾਂ ਨੂੰ ਵਾਪਸ ਪਰਤਣ ਦੇ ਅਯੋਗ ਛੱਡਣਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਭਾਰਤ ਅਤੇ ਅਮਰੀਕਾ ਵਿਚਾਲੇ ਇਕਜੁਟਤਾ ਗਲੋਬਲ ਹਿੱਤ ਲਈ ਮਹੱਤਵਪੂਰਨ : ਅਮਰੀਕੀ ਸਾਂਸਦ
ਉਨ੍ਹਾਂ ਕਿਹਾ ਕਿ ਯੂਕ੍ਰੇਨ ਦੋਸ਼ੀਆਂ ਨੂੰ ਸਜ਼ਾ ਦੇਵੇਗਾ ਪਰ ਪਹਿਲਾਂ ਇਹ ਰੂਸ ਨੂੰ ਜੰਗ ਦੇ ਮੈਦਾਨ ਵਿੱਚ ਦਿਖਾਏਗਾ ਕਿ "ਯੂਕ੍ਰੇਨ ਨੂੰ ਜਿੱਤਿਆ ਨਹੀਂ ਜਾ ਸਕਦਾ, ਸਾਡੇ ਲੋਕ ਆਤਮ ਸਮਰਪਣ ਨਹੀਂ ਕਰਨਗੇ ਅਤੇ ਸਾਡੇ ਬੱਚੇ ਹਮਲਾਵਰਾਂ ਦੀ ਜਾਇਦਾਦ ਨਹੀਂ ਬਣਨਗੇ।" ਜ਼ੇਲੇਂਸਕੀ ਨੇ ਕਿਹਾ ਕਿ ਰੂਸ ਦੇ ਕਬਜ਼ੇ ਵਾਲੇ ਖੇਤਰਾਂ ਵਿੱਚ ਜੰਗ ਵਿਚ ਹੁਣ ਤੱਕ 243 ਬੱਚੇ ਮਾਰੇ ਗਏ ਹਨ, 446 ਜ਼ਖਮੀ ਹੋਏ ਹਨ ਅਤੇ 139 ਲਾਪਤਾ ਹਨ। ਉਨ੍ਹਾਂ ਨੇ ਕਿਹਾ ਕਿ ਇਹ ਗਿਣਤੀ ਇਸ ਤੋਂ ਵੀ ਵੱਧ ਹੋ ਸਕਦੀ ਹੈ ਕਿਉਂਕਿ ਉਨ੍ਹਾਂ ਦੀ ਸਰਕਾਰ ਨੂੰ ਰੂਸੀ ਫ਼ੌਜਾਂ ਦੇ ਕਬਜ਼ੇ ਵਾਲੇ ਖੇਤਰਾਂ ਦੀ ਸਪੱਸ਼ਟ ਸਥਿਤੀ ਬਾਰੇ ਪਤਾ ਨਹੀਂ ਸੀ। ਉਨ੍ਹਾਂ 11 ਬੱਚਿਆਂ ਦੇ ਨਾਂ ਦੱਸਦਿਆਂ ਉਨ੍ਹਾਂ ਦੀ ਮੌਤ ਬਾਰੇ ਜਾਣਕਾਰੀ ਦਿੱਤੀ।