ਮਾਚੂ-ਪਿਚੂ ; 2 ਟਰੇਨਾਂ ਦੀ ਆਹਮੋ-ਸਾਹਮਣੇ ਹੋਈ ਭਿਆਨਕ ਟੱਕਰ ! 1 ਦੀ ਮੌਤ, ਕਈ ਹੋਰ ਜ਼ਖ਼ਮੀ
Wednesday, Dec 31, 2025 - 09:56 AM (IST)
ਇੰਟਰਨੈਸ਼ਨਲ ਡੈਸਕ- ਦੱਖਣੀ ਅਮਰੀਕੀ ਦੇਸ਼ ਪੇਰੂ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਦੇ ਵਿਸ਼ਵ ਪ੍ਰਸਿੱਧ ਪੁਰਾਤੱਤਵ ਸਥਾਨ ਮਾਚੂ ਪਿੱਚੂ ਜਾ ਰਹੀਆਂ ਦੋ ਟੂਰਿਸਟ ਰੇਲਗੱਡੀਆਂ ਵਿਚਕਾਰ ਮੰਗਲਵਾਰ ਨੂੰ ਆਹਮੋ-ਸਾਹਮਣੇ ਭਿਆਨਕ ਟੱਕਰ ਹੋ ਗਈ। ਇਸ ਦਰਦਨਾਕ ਹਾਦਸੇ ਵਿੱਚ ਘੱਟੋ-ਘੱਟ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 30 ਤੋਂ ਵੱਧ ਯਾਤਰੀ ਜ਼ਖ਼ਮੀ ਹੋਏ ਹਨ। ਪੁਲਸ ਅਧਿਕਾਰੀਆਂ ਅਨੁਸਾਰ, ਜਾਨ ਗੁਆਉਣ ਵਾਲਾ ਵਿਅਕਤੀ ਰੇਲਵੇ ਦਾ ਹੀ ਇੱਕ ਕਰਮਚਾਰੀ ਸੀ।
ਇਹ ਟੱਕਰ ਕੋਰੀਵਾਇਰਾਚਿਨਾ ਦੇ ਨੇੜੇ ਜੰਗਲੀ ਇਲਾਕੇ ਵਿੱਚ ਹੋਈ, ਜੋ ਕਿ ਖੁਦ ਇੱਕ ਇਤਿਹਾਸਕ ਸਥਾਨ ਹੈ। ਰੇਲਵੇ ਕੰਪਨੀ ਮੁਤਾਬਕ ਇੱਕ ਰੇਲਗੱਡੀ ਮਾਚੂ ਪਿੱਚੂ ਤੋਂ ਵਾਪਸ ਆ ਰਹੀ ਸੀ ਅਤੇ ਦੂਜੀ ਉੱਥੇ ਜਾ ਰਹੀ ਸੀ। ਹਾਲਾਂਕਿ ਟੱਕਰ ਦੇ ਅਸਲ ਕਾਰਨਾਂ ਦੀ ਜਾਂਚ ਅਜੇ ਕੀਤੀ ਜਾ ਰਹੀ ਹੈ। ਹਾਦਸੇ ਤੋਂ ਤੁਰੰਤ ਬਾਅਦ ਕੁਜ਼ਕੋ ਅਤੇ ਮਾਚੂ ਪਿੱਚੂ ਵਿਚਕਾਰ ਰੇਲ ਸੇਵਾਵਾਂ ਰੋਕ ਦਿੱਤੀਆਂ ਗਈਆਂ ਹਨ।
ਜ਼ਿਕਰਯੋਗ ਹੈ ਕਿ ਮਾਚੂ ਪਿੱਚੂ 15ਵੀਂ ਸਦੀ ਦੀ ਇੰਕਾ ਸੱਭਿਅਤਾ ਦਾ ਇੱਕ ਬਹੁਤ ਹੀ ਮਸ਼ਹੂਰ ਟੂਰਿਸਟ ਪਲੇਸ ਹੈ, ਜਿੱਥੇ ਹਰ ਸਾਲ ਲਗਭਗ 15 ਲੱਖ ਸੈਲਾਨੀ ਪਹੁੰਚਦੇ ਹਨ। ਜ਼ਿਆਦਾਤਰ ਸੈਲਾਨੀ ਰੇਲ ਰਾਹੀਂ ਹੀ ਇੱਥੇ ਪਹੁੰਚਣਾ ਪਸੰਦ ਕਰਦੇ ਹਨ, ਹਾਲਾਂਕਿ ਕੁਝ ਲੋਕ 4 ਦਿਨ ਦੀ ਟ੍ਰੈਕਿੰਗ ਕਰਕੇ ਪੈਦਲ ਵੀ ਜਾਂਦੇ ਹਨ।
