ਡਾਇਮੰਡ ਪ੍ਰਿੰਸਸ 'ਚ ਸਵਾਰ 2 ਹੋਰ ਭਾਰਤੀ ਕਰੋਨਾ ਵਾਇਰਸ ਨਾਲ ਇਨਫੈਕਟਿਡ

02/16/2020 8:57:26 PM

ਟੋਕੀਓ (ਭਾਸ਼ਾ)- ਜਪਾਨੀ ਸਮੁੰਦਰੀ ਕੰਢੇ 'ਤੇ ਖੜ੍ਹੇ ਕੀਤੇ ਗਏ ਇਕ ਕਰੂਜ਼ ਜਹਾਜ਼ ਵਿਚ ਮੌਜੂਦ ਦੋ ਹੋਰ ਭਾਰਤੀਆਂ ਦੇ ਕਰੋਨਾ ਵਾਇਰਸ ਨਾਲ ਇਨਫੈਕਟਿਡ ਹੋਣ ਦੀ ਪੁਸ਼ਟੀ ਹੋਈ ਹੈ। ਉਥੇ ਹੀ ਭਾਰਤ ਨੇ ਭਰੋਸਾ ਦਿੱਤਾ ਹੈ ਕਿ ਉਹ ਜਹਾਜ਼ 'ਤੇ ਮੌਜੂਦ ਆਪਣੇ ਨਾਗਰਿਕਾਂ ਦੀ ਸੋਮਵਾਰ ਤੋਂ ਸ਼ੁਰੂ ਹੋਣ ਵਾਲੀ ਅੰਤਿਮ ਜਾਂਚ ਵਿਚ ਕਰੋਨਾ ਵਾਇਰਸ ਦੇ ਇਨਫੈਕਸ਼ਨ ਦੀ ਪੁਸ਼ਟੀ ਨਹੀਂ ਹੋਣ 'ਤੇ ਉਨ੍ਹਾਂ ਦੀ ਵਤਨ ਵਾਪਸੀ ਲਈ ਹਰ ਸੰਭਵ ਸਹਾਇਤਾ ਮੁਹੱਈਆ ਕਰੇਗਾ। ਜਾਪਾਨ ਦੇ ਸਮੁੰਦਰੀ ਕੰਢੇ 'ਤੇ ਇਸ ਮਹੀਨੇ ਦੀ ਸ਼ੁਰੂਆਤ ਤੋਂ ਖੜ੍ਹੇ ਡਾਇਮੰਡ ਪ੍ਰਿੰਸੇਸ ਨਾਮਕ ਜਹਾਜ਼ 'ਤੇ ਕੁਲ 3711 ਲੋਕ ਸਵਾਰ ਹਨ। ਇਨ੍ਹਾਂ ਵਿਚ ਚਾਲਕ ਦਸਤੇ ਦੇ 132 ਮੈਂਬਰਾਂ ਅਤੇ 6 ਯਾਤਰੀਆਂ ਸਣੇ ਕੁਲ 138 ਭਾਰਤੀ ਹਨ।

ਜਹਾਜ਼ 'ਤੇ ਐਤਵਾਰ ਨੂੰ ਕਰੋਨਾ ਵਾਇਰਸ ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ 355 ਪਹੁੰਚ ਗਈ। ਭਾਰਤੀ ਸਫਾਰਤਖਾਨੇ ਨੇ ਟਵੀਟ ਕੀਤਾ, 'ਪਿਛਲੇ ਦੋ ਦਿਨਾਂ ਵਿਚ ਡਾਇਮੰਡ ਪ੍ਰਿੰਸਸ 'ਤੇ ਕਰੋਨਾ ਵਾਇਰਸ ਨਾਲ ਇਨਫੈਕਸ਼ਨ ਦੇ 137 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਦੋ ਭਾਰਤੀ ਵੀ ਸ਼ਾਮਲ ਹਨ ਅਤੇ ਉਨ੍ਹਾਂ ਨੂੰ ਇਲਾਜ ਲਈ ਸਮੁੰਦਰੀ ਕੰਢੇ 'ਤੇ ਮੌਜੂਦ ਡਾਕਟਰੀ ਕੇਂਦਰ ਲਿਜਾਇਆ ਗਿਆ ਹੈ। ਪਹਿਲਾਂ ਤੋਂ ਇਨਫੈਕਟਿਡ ਚਾਲਕ ਦਸਤੇ ਦੇ ਤਿੰਨ ਭਾਰਤੀ ਮੈਂਬਰਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਹੈ। ਹੁਣ ਉਨ੍ਹਾਂ ਨੂੰ ਬੁਖਾਰ ਜਾਂ ਦਰਦ ਨਹੀਂ ਹੈ। ਭਾਰਤੀ ਸਫਾਰਤਖਾਨੇ ਨੇ ਟਵੀਟ ਕਰਕੇ ਕਿਹਾ ਕਿ ਜਹਾਜ਼ 'ਤੇ 17 ਫਰਵਰੀ ਤੋਂ ਕਰੋਨਾ ਵਾਇਰਸ ਦੇ ਇਨਫੈਕਸ਼ਨ ਦੀ ਅੰਤਿਮ ਜਾਂਚ ਕੀਤੀ ਜਾਵੇਗੀ ਅਤੇ ਇਹ ਅਗਲੇ ਕਈ ਦਿਨਾਂ ਤੱਕ ਜਾਰੀ ਰਹੇਗਾ। ਸਫਾਰਤਖਾਨੇ ਨੇ ਕਿਹਾ ਕਿ ਉਮੀਦ ਹੈ ਕਿ ਬਹਾਦੁਰੀ ਨਾਲ ਸਥਿਤੀ ਦਾ ਸਾਹਣਣਾ ਕਰ ਰਹੇ ਭਾਰਤੀ ਨਾਗਰਿਕ ਪ੍ਰੀਖਣ ਵਿਚ ਇਨਫੈਕਸ਼ਨ ਮੁਕਤ ਪਾਏ ਜਾਣਗੇ ਅਤੇ ਉਨ੍ਹਾਂ ਨੂੰ ਵਾਤਨ ਵਾਪਸ ਜਾਣ ਦੀ ਇਜਾਜ਼ਤ ਮਿਲੇਗੀ।

ਟੋਕੀਓ ਸਥਿਤ ਭਾਰਤੀ ਸਫਾਰਤਖਾਨਾ ਹਰ ਸੰਭਵ ਮਦਦ ਮੁਹੱਈਆ ਕਰਵਾਉਣ ਲਈ ਤਿਆਰ ਹੈ। ਸਫਾਰਤਖਾਨੇ ਨੇ ਸ਼ਨੀਵਾਰ ਨੂੰ ਦੱਸਿਆ ਸੀ ਕਿ ਕਰੋਨਾ ਵਾਇਰਸ ਨਾਲ ਇਨਫੈਕਟਿਡ ਤਿੰਨ ਲੋਕਾਂ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ। ਸਫਾਰਤਖਾਨੇ ਨੇ ਦੱਸਿਆ ਕਿ ਆਈਸੋਲੇਟਿਡ ਕੇਂਦਰ ਵਿਚ ਰਹਿਣ ਦੀ ਮਿਆਦ ਖਤਮ ਹੋਣ 'ਤੇ ਭਾਰਤੀਆਂ ਨੂੰ ਜਹਾਜ਼ ਤੋਂ ਛੇਤੀ ਉਤਾਰਣ ਅਤੇ ਉਨ੍ਹਾਂ ਦੇ ਕਲਿਆਣ ਲਈ ਜਾਪਾਨ ਸਰਕਾਰ ਅਤੇ ਜਹਾਜ਼ ਮੈਨੇਜਮੈਂਟ ਤੋਂ ਚਰਚਾ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਜਹਾਜ਼ ਤੋਂ ਹਾਂਗਕਾਂਗ ਉਤਰੇ ਇਕ ਵਿਅਕਤੀ ਦੇ ਕਰੋਨਾ ਵਾਇਰਸ ਨਾਲ ਇਨਫੈਕਟਿਡ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਕਰੂਜ਼ ਜਹਾਜ਼ ਨੂੰ ਰੋਕਿਆ ਗਿਆ ਹੈ। ਭਾਰਤੀ ਸਫਾਰਤਖਾਨੇ ਨੇ ਜਹਾਜ਼ 'ਤੇ ਮੌਜੂਦ ਭਾਰਤੀਆਂ ਨੂੰ ਈ-ਮੇਲ ਰਾਹੀਂ ਭਰੋਸਾ ਦਿਵਾਇਆ ਹੈ ਕਿ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਵੀਰਵਾਰ ਨੂੰ ਐਲਾਨ ਦਿੱਤਾ ਸੀ ਕਿ ਜਹਾਜ਼ 'ਤੇ ਮੌਜੂਦ 80 ਸਾਲ ਤੋਂ ਜ਼ਿਆਦਾ ਉਮਰ ਦੇ ਯਾਤਰੀ, ਜੋ ਕਰੋਨਾ ਵਾਇਰਸ ਨਾਲ ਇਨਫੈਕਟਿਡ ਨਹੀਂ ਹਨ, ਉਨ੍ਹਾਂ ਨੂੰ ਉਥੋਂ ਕੱਢਣ ਦੀ ਇਜਾਜ਼ਤ ਦਿੱਤੀ ਜਾਵੇਗੀ। ਹਾਲਾਂਕਿ, ਸ਼ੁੱਕਰਵਾਰ ਨੂੰ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਇਸ ਸ਼੍ਰੇਣੀ ਵਿਚ ਕੋਈ ਵੀ ਭਾਰਤੀ ਨਹੀਂ ਹੈ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਹੁਣ ਤੱਕ ਕਰੋਨਾ ਵਾਇਰਸ ਤੋਂ 1665 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ 68,500 ਲੋਕ ਇਨਫੈਕਟਿਡ ਹਨ।


Sunny Mehra

Content Editor

Related News