ਅਮਰੀਕਾ ''ਚ U Visa ਹਾਸਲ ਕਰਨ ਲਈ ਰਚਿਆ ਝੂਠੀ ਡਕੈਤੀ ਦਾ ਡਰਾਮਾ ! 2 ਭਾਰਤੀ ਹੋਏ ਗ੍ਰਿਫ਼ਤਾਰ
Tuesday, May 20, 2025 - 02:09 PM (IST)

ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਦੇ ਰਾਜ ਦੱਖਣੀ ਕੈਰੋਲੀਨਾ ਵਿੱਚ ਯੂ ਵੀਜ਼ਾ ਲਈ ਡਕੈਤੀ ਦਾ ਜਾਅਲਸਾਜ਼ੀ ਕਰਨ ਵਾਲੇ ਦੋ ਗੁਜਰਾਤੀ-ਭਾਰਤੀ ਫੜੇ ਗਏ ਹਨ। ਫੇਅਰਫੀਲਡ ਕਾਉਂਟੀ ਵਿੱਚ ਹੋਈ ਇਸ ਘਟਨਾ ਵਿੱਚ ਬੀਰੇਨ ਪਟੇਲ ਨਾਂ ਦੇ ਇੱਕ ਗੁਜਰਾਤੀ, ਜੋ ਮੋਂਟੀਸੇਲੋ ਨਾਮਕ ਇੱਕ ਗੈਸ ਸਟੇਸ਼ਨ ਕਮ ਸਟੋਰ ਚਲਾਉਂਦਾ ਹੈ, ਨੇ 9 ਮਾਰਚ ਨੂੰ ਇੱਕ ਪੁਲਸ ਰਿਪੋਰਟ ਦਰਜ ਕਰਵਾਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਉਸ ਨੂੰ ਇੱਕ ਅਣਪਛਾਤੇ ਵਿਅਕਤੀ ਨੇ ਬੰਦੂਕ ਦੀ ਨੋਕ 'ਤੇ ਲੁੱਟ ਲਿਆ ਹੈ ਅਤੇ ਸਟੋਰ ਵਿੱਚੋਂ 379 ਡਾਲਰ ਲੁੱਟ ਲਏ ਹਨ।
ਉਸ ਨੇ ਅੱਗੇ ਦਾਅਵਾ ਕੀਤਾ ਕਿ ਇਹ ਘਟਨਾ ਰਾਤ ਦੇ ਨੌਂ ਵਜੇ ਦੇ ਕਰੀਬ ਵਾਪਰੀ। ਹਾਲਾਂਕਿ ਪੁਲਸ ਨੂੰ ਸ਼ੁਰੂ ਤੋਂ ਹੀ ਇਹ ਮਾਮਲਾ ਸ਼ੱਕੀ ਲੱਗਿਆ ਅਤੇ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕੀਤੀ ਗਈ ਕਿ ਡਕੈਤੀ ਅਸਲ ਵਿੱਚ ਹੋਈ ਸੀ ਜਾਂ ਕੋਈ ਹੋਰ ਗੱਲ ਸੀ। ਇਸ ਦੌਰਾਨ ਪੁਲਸ ਨੂੰ ਕੁਝ ਪੱਕੇ ਸਬੂਤ ਮਿਲੇ ਕਿ ਇਹ ਡਕੈਤੀ ਜਾਅਲੀ ਸੀ।
ਇਹ ਵੀ ਪੜ੍ਹੋ- 50 ਫ਼ੀਸਦੀ ਤੱਕ ਮਹਿੰਗੀ ਹੋ ਜਾਵੇਗੀ ਪ੍ਰਾਪਰਟੀ ! ਭਲਕੇ ਤੋਂ ਜਾਰੀ ਹੋ ਜਾਣਗੇ ਨਵੇਂ ਕੁਲੈਕਟਰ ਰੇਟ
ਬੀਤੀ 14 ਮਈ ਨੂੰ ਬੀਰੇਨ ਪਟੇਲ ਤੋਂ ਪੁਲਸ ਨੇ ਇਸ ਮਾਮਲੇ ਵਿੱਚ ਡੂੰਘਾਈ ਨਾਲ ਪੁੱਛਗਿੱਛ ਕੀਤੀ, ਜਿਸ ਵਿੱਚ ਉਸ ਨੇ ਸੱਚਾਈ ਦੱਸੀ ਅਤੇ ਕਬੂਲ ਕੀਤਾ ਕਿ ਉਸ ਨੇ ਲਕਸ਼ਿਤ ਪਟੇਲ, ਜੋ ਉਸ ਦੇ ਸਟੋਰ ਵਿੱਚ ਕੰਮ ਕਰਦਾ ਸੀ, ਲਈ ਯੂ ਵੀਜ਼ਾ ਪ੍ਰਾਪਤ ਕਰਨ ਲਈ ਡਕੈਤੀ ਦਾ ਝੂਠਾ ਡਰਾਮਾ ਕੀਤਾ ਸੀ।
ਜ਼ਿਕਰਯੋਗ ਹੈ ਕਿ ਲਕਸ਼ਿਤ ਪਟੇਲ ਸਤੰਬਰ 2024 ਵਿੱਚ ਗੈਰ-ਕਾਨੂੰਨੀ ਤੌਰ 'ਤੇ ਅਮਰੀਕਾ ਆਇਆ ਸੀ। ਮਾਰਚ 2025 ਵਿੱਚ ਉਸਦੀ ਇਮੀਗ੍ਰੇਸ਼ਨ ਸੁਣਵਾਈ ਹੋਈ ਸੀ ਤੇ ਇਹ ਜਾਅਲੀ ਡਕੈਤੀ ਉਸ ਤੋਂ ਕੁਝ ਦਿਨ ਪਹਿਲਾਂ ਹੀ ਕੀਤੀ ਗਈ ਸੀ। ਇਸ ਮਾਮਲੇ ਵਿੱਚ ਬੀਰੇਨ ਪਟੇਲ ਨੂੰ ਅਪਰਾਧਿਕ ਸਾਜ਼ਿਸ਼ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਕਿ ਲਕਸ਼ਿਤ ਪਟੇਲ ਨੂੰ ਝੂਠੀ ਪੁਲਸ ਰਿਪੋਰਟ ਦਰਜ ਕਰਨ ਅਤੇ ਅਪਰਾਧਿਕ ਸਾਜ਼ਿਸ਼ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਲਕਸ਼ਿਤ ਪਟੇਲ ਇਸ ਸਮੇਂ ਆਪਣੀ ਇਮੀਗ੍ਰੇਸ਼ਨ ਸਥਿਤੀ ਦੇ ਕਾਰਨ ਸੰਘੀ ਸਰਕਾਰ ਦੇ ਹੁਕਮ 'ਤੇ ਹਿਰਾਸਤ ਵਿੱਚ ਹੈ, ਜਿਸ ਦਾ ਅਰਥ ਹੈ ਕਿ ਉਸ ਨੂੰ ਹੁਣ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ। ਫੇਅਰਫੀਲਡ ਕਾਉਂਟੀ ਸ਼ੈਰਿਫ਼ ਦੇ ਦਫ਼ਤਰ ਵੱਲੋਂ ਇਹ ਮਾਮਲਾ ਹੋਮਲੈਂਡ ਸਿਕਿਓਰਿਟੀ ਵਿਭਾਗ ਨੂੰ ਸੌਂਪ ਦਿੱਤਾ ਗਿਆ।
ਇਹ ਵੀ ਪੜ੍ਹੋ- 1000 ਡਾਲਰ ਲੈ ਕੇ 68 ਗ਼ੈਰ-ਕਾਨੂੰਨੀ ਪ੍ਰਵਾਸੀ ਅਮਰੀਕਾ ਤੋਂ ਹੋਏ Self Deport
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e