ਬ੍ਰਿਟੇਨ ਦੇ ਚੋਟੀ ਦੇ ਬੱਸ ਚਾਲਕ ਐਵਾਰਡ ਦੇ ਦਾਅਵੇਦਾਰਾਂ ''ਚੋਂ 2 ਭਾਰਤੀ

Sunday, Nov 17, 2019 - 11:46 PM (IST)

ਬ੍ਰਿਟੇਨ ਦੇ ਚੋਟੀ ਦੇ ਬੱਸ ਚਾਲਕ ਐਵਾਰਡ ਦੇ ਦਾਅਵੇਦਾਰਾਂ ''ਚੋਂ 2 ਭਾਰਤੀ

ਲੰਡਨ (ਭਾਸ਼ਾ)- ਬ੍ਰਿਟੇਨ ਵਿਚ ਅਗਲੇ ਹਫਤੇ ਦਿੱਤੇ ਜਾਣ ਵਾਲੇ ਯੂ.ਕੇ. ਬੱਸ ਐਵਾਰਡ ਲਈ ਅੰਤਿਮ ਰੂਪ ਨਾਲ ਚੁਣੇ ਗਏ 6 ਦਾਅਵੇਦਾਰਾਂ ਵਿਚ ਦੋ ਭਾਰਤੀ ਮੂਲ ਦੇ ਚਾਲਕ ਵੀ ਸ਼ਾਮਲ ਹਨ। ਲੰਡਨ ਵਿਚ ਮੰਗਲਵਾਰ ਨੂੰ ਦਿੱਤੇ ਜਾਣ ਵਾਲੇ ਐਵਾਰਡ ਲਈ ਦੱਖਣੀ ਪੱਛਮ ਇੰਗਲੈਂਡ ਦੇ ਸਵਿਨਡਾਨ ਸ਼ਹਿਰ ਦੇ ਰੂਟ 'ਤੇ ਬੱਸ ਚਲਾਉਣ ਵਾਲੇ ਗੁਰਨਾਮ ਸਿੰਘ ਅਤੇ ਮਿਡਲੈਂਡਸ ਇਲਾਕੇ ਦੇ ਨਾਟਿੰਘਮ ਸ਼ਹਿਰ ਵਿਚ ਬੱਸ ਚਲਾਉਣ ਵਾਲੇ ਜਤਿੰਦਰ ਕੁਮਾਰ ਵੀ ਮਜ਼ਬੂਤ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਕੁਮਾਰ ਨੇ ਸਥਾਨਕ ਅਖਬਾਰ ਨਾਟਿੰਘਮ ਲਾਈਵ ਨੂੰ ਦੱਸਿਆ ਜਦੋਂ ਤੁਸੀਂ ਨਾਮਜ਼ਦ ਹੁੰਦੇ ਹੋ ਤਾਂ ਸਪਨੇ ਦੀ ਸ਼ੁਰੂਆਤ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਕਦੇ ਇਸ ਬਾਰੇ ਸੋਚਿਆ ਨਹੀਂ। ਮੈਂ ਅਸਲ ਵਿਚ ਆਮ ਆਦਮੀ ਹਾਂ ਜੋ ਨੌਕਰੀ ਲਈ ਸੰਘਰਸ਼ ਕਰਦਾ ਰਿਹਾ।

ਇਸ ਬਾਰੇ ਮੈਂ ਕਦੇ ਨਹੀਂ ਸੋਚਿਆ, ਇਹ ਸਪਨਾ ਹੈ। ਕੁਮਾਰ ਮੂਲ ਰੂਪ ਤੋਂ ਪੰਜਾਬ ਦੇ ਹੁਸ਼ਿਆਰਪੁਰ ਜ਼ਿਲੇ ਵਿਚ ਸਥਿਤ ਨੰਦਾ ਚੌਰ ਪਿੰਡ ਦਾ ਰਹਿਣ ਵਾਲਾ ਹੈ ਅਤੇ 2008 ਤੋਂ ਨਾਟਿੰਘਮ ਨਗਰ ਟਰਾਂਸਪੋਰਟ ਵਿਚ ਕੰਮ ਕਰ ਰਿਹਾ ਹੈ। ਭਾਰਤ ਵਿਚ ਉਸ ਦੀਆਂ ਦੋ ਭੈਣਾਂ ਹਨ ਅਤੇ ਬੱਸ ਚਾਲਕ ਦੀ ਨੌਕਰੀ ਨਾਲ ਉਸ ਨੇ ਉਨ੍ਹਾਂ ਦੀ ਸਿੱਖਿਆ ਪੂਰੀ ਕਰਨ ਵਿਚ ਮਦਦ ਕੀਤੀ। ਗੁਰਨਾਮ ਸਿੰਘ ਸਵਿਨਡਾਨ ਦੀ ਸਟੇਜਕੋਚ ਬੱਸ ਕੰਪਨੀ ਵਿਚ ਕੰਮ ਕਰਦਾ ਹੈ। ਕੰਪਨੀ ਨੇ ਵੀ ਗੁਰਨਾਮ ਨੂੰ ਸਾਲ ਦਾ ਬਿਹਤਰ ਬੱਸ ਸੇਵਾ ਦੇਣ ਵਾਲਾ ਚਾਲਕ ਚੁਣਿਆ ਸੀ। ਗਾਹਕ ਪਗੜੀ ਧਾਰੀ ਗੁਰਨਾਮ ਦੀ ਪ੍ਰਸ਼ੰਸਾ ਕਰਦੇ ਹਨ। ਜ਼ਿਕਰਯੋਗ ਹੈ ਕਿ ਸ਼ੁਰੂ ਵਿਚ ਇਸ ਇਨਾਮ ਦਾ ਨਾਂ 'ਬੱਸ ਉਦਯੋਗ ਸਨਮਾਨ' ਰੱਖਿਆ ਗਿਆ ਸੀ ਪਰ 2005 ਵਿਚ ਇਸ ਦਾ ਨਾਂ ਬਦਲ ਕੇ 'ਯੂ.ਕੇ. ਬੱਸ ਐਵਾਰਡ' ਰੱਖਿਆ ਗਿਆ।


author

Sunny Mehra

Content Editor

Related News