ਵਿਆਹ ਸਮਾਗਮ 'ਚ ਸ਼ਾਮਲ ਹੋਣ ਜਾ ਰਹੇ 100 ਬਰਾਤੀਆਂ ਨਾਲ ਭਰੀ ਕਿਸ਼ਤੀ ਪਲਟੀ, 19 ਔਰਤਾਂ ਦੀ ਮੌਤ
Tuesday, Jul 19, 2022 - 09:39 AM (IST)
ਲਾਹੌਰ (ਭਾਸ਼ਾ)- ਪਾਕਿਸਤਾਨ ਵਿਚ ਪੰਜਾਬ ਅਤੇ ਸਿੰਧ ਸਰਹੱਦੀ ਖੇਤਰ ਨੇੜੇ ਸਿੰਧੂ ਨਦੀ ਵਿਚ ਇਕ ਕਿਸ਼ਤੀ ਪਲਟਣ ਨਾਲ 19 ਔਰਤਾਂ ਡੁੱਬ ਗਈਆਂ। ਕਿਸ਼ਤੀ ਵਿਚ ਸਵਾਰ ਲੋਕ ਇਕ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਜਾ ਰਹੇ ਸਨ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਕਿਹਾ ਕਿ ਬਰਾਤ ਵਿਚ ਜਾ ਰਹੇ ਹੋਰ ਲੋਕਾਂ ਦੀ ਭਾਲ ਜਾਰੀ ਹੈ। ਉਨ੍ਹਾਂ ਦੱਸਿਆ ਕਿ ਕਿਸ਼ਤੀ ਵਿਚ ਕਰੀਬ 100 ਲੋਕ ਸਵਾਰ ਸਨ ਇਹ ਲੋਕ ਰਹੀਮ ਯਾਰ ਖਾਨ ਤੋਂ ਕਰੀਬ 65 ਕਿਲੋਮੀਟਰ ਦੂਰ ਮਛੱਕਾ ਦੇ ਇਕ ਕਬੀਲੇ ਦੇ ਰਹਿਣ ਵਾਲੇ ਸਨ। ਰਹੀਮ ਯਾਰ ਖਾਨ ਦੇ ਡਿਪਟੀ ਕਮਿਸ਼ਨਰ ਸਈਅਦ ਮੂਸਾ ਰਜਾ ਨੇ ਮੀਡੀਆ ਨੂੰ ਦੱਸਿਆ ਕਿ ਬਚਾਅ ਮੁਹਿੰਮ ਵਿਚ ਮਾਹਰ ਤੈਰਾਕਾਂ, 5 ਐਂਬੂਲੈਂਸਾਂ ਅਤੇ ਇਕ ਜਲ ਬਚਾਅ ਵੈਨ ਸਮੇਤ ਕਰੀਬ 30 ਬਚਾਅਕਰਮੀ ਮੌਕੇ 'ਤੇ ਮੌਜੂਦ ਰਹੇ ਹਨ। ਉਨ੍ਹਾਂ ਕਿਹਾ, '19 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਇਹ ਸਾਰੀਆਂ ਔਰਤਾਂ ਹਨ। ਘੱਟੋ-ਘੱਟ 35 ਲੋਕਾਂ ਨੂੰ ਸਥਾਨਕ ਲੋਕਾਂ ਨੇ ਬਚਾ ਲਿਆ। ਅਸੀਂ ਬਾਕੀ ਯਾਤਰੀਆਂ ਦੀ ਭਾਲ ਕਰ ਰਹੇ ਹਾਂ।'