ਨਾਈਜੀਰੀਆ ''ਚ ਬੋਕੋ ਹਰਾਮ ਦਾ ਕਹਿਰ, 18 ਲੋਕਾਂ ਦੀ ਮੌਤ ਤੇ 21 ਜ਼ਖਮੀ
Saturday, Apr 17, 2021 - 05:59 PM (IST)
ਅਬੁਜਾ (ਬਿਊਰੋ): ਅੱਤਵਾਦੀ ਸਮੂਹ ਬੋਕੋ ਹਰਾਮ ਦੇ ਮੈਂਬਰਾਂ ਨੇ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਨਾਈਜੀਰੀਆ ਦੇ ਪੂਰਬੀ-ਉੱਤਰੀ ਸ਼ਹਿਰ ਦਮਸਾਕ 'ਤੇ ਹਮਲਾ ਕੀਤਾ, ਜਿਸ ਵਿਚ 18 ਲੋਕ ਮਾਰੇ ਗਏ ਅਤੇ 21 ਹੋਰ ਜ਼ਖਮੀ ਹੋ ਗਏ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ, ਬੋਰਨੋ ਰਾਜ ਦੇ ਗਵਰਨਰ ਬਾਬਾਗਾਨਾ ਉਮਰਾ ਜੁਲੁਮ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਹਮਲੇ ਦੀ ਪੁਸ਼ਟੀ ਕਰਦਿਆਂ ਇਹ ਜਾਣਕਾਰੀ ਦਿੱਤੀ।
ਜੁਲੁਮ ਨੇ ਕਿਹਾ,''ਸੰਯੁਕਤ ਰਾਸ਼ਟਰ ਮਨੁੱਖੀ ਕੇਂਦਰ, ਨਿੱਜੀ ਰਿਹਾਇਸ਼ੀ ਘਰ, ਇਕ ਪੁਲਸ ਸਟੇਸ਼ਨ, ਇਕ ਪ੍ਰਾਇਮਰੀ ਸਿਹਤ ਕੇਂਦਰ ਨੁਕਸਾਨੀਆਂ ਗਈਆਂ ਚੀਜ਼ਾਂ ਵਿਚ ਸ਼ਾਮਲ ਹੈ। ਉਹਨਾਂ ਨੇ ਕਿਹਾ ਕਿ ਨੁਕਸਾਨ ਦਾ ਜਾਇਜਾ ਲੈਣ ਅਤੇ ਸ਼ਹਿਰ ਵਿਚ ਅੱਤਵਾਦ ਵਿਰੋਧੀ ਮੁਹਿੰਮਾਂ ਵਿਚ ਸ਼ਾਮਲ ਸੁਰੱਖਿਆ ਅਧਿਕਾਰੀਆਂ ਨਾਲ ਗੱਲਬਾਤ ਕਰਨ ਲਈ ਉਹਨਾਂ ਨੇ ਦਸਮਾਕ ਦਾ ਦੌਰਾ ਕੀਤਾ। ਬੋਕੋ ਹਰਾਮ 2009 ਤੋਂ ਪੂਰਬੀ-ਉੱਤਰੀ ਨਾਈਜੀਰੀਆ ਵਿਚ ਇਕ ਇਸਲਾਮਵਾਦੀ ਰਾਜ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਪੜ੍ਹੋ ਇਹ ਅਹਿਮ ਖਬਰ - ਇਟਲੀ : ਖੇਤੀਬਾੜੀ ਕਾਮਿਆਂ ਨੇ ਹੱਕਾਂ ਲਈ ਕੀਤੀ ਆਵਾਜ਼ ਕੀਤੀ ਬੁਲੰਦ
ਪਹਿਲਾਂ ਵੀ ਕਰ ਚੁੱਕਾ ਅਜਿਹੇ ਹਮਲੇ
ਬੋਕੋ ਹਰਾਮ ਇਸਲਾਮ ਦੀ ਜਿਹੜੀ ਵਿਚਾਰਧਾਰਾ ਦਾ ਸਮਰਥਕ ਹੈ ਉਸ ਵਿਚ ਮੁਸਲਮਾਨਾਂ ਨੂੰ ਵੋਟਿੰਗ ਅਤੇ ਧਰਮ ਨਿਰਪੱਖ ਹੋਣ ਦੀ ਸਖ਼ਤ ਮਨਾਹੀ ਹੈ। ਇਹ ਪੂਰੇ ਵਿਸ਼ਵ ਵਿਚ ਸ਼ਰੀਆ ਕਾਨੂੰਨ ਲਾਗੂ ਕਰਨ ਦੀ ਗੱਲ ਕਹਿੰਦਾ ਹੈ। ਇਸ ਦੇ ਸੰਸਥਾਪਕ ਮੌਲਵੀ ਮੁਹੰਮਦ ਯੁਸੁਫ ਨੇ ਇਕ ਮਸਜਿਦ ਦਾ ਵੀ ਨਿਰਮਾਣ ਕਰਵਾਇਆ, ਜੋ ਇਹਨੀਂ ਦਿਨੀਂ ਜਿਹਾਦੀ ਭਰਤੀ ਦਾ ਵੱਡਾ ਕੇਂਦਰ ਬਣ ਕੇ ਉਭਰਿਆ ਹੈ। ਇਹ ਸੰਗਠਨ ਬੱਚਿਆਂ ਨੂੰ ਮਨੁੱਖੀ ਬੰਬ ਬਣਾ ਕੇ ਹਮਲਿਆਂ ਨੂੰ ਅੰਜਾਮ ਦਿੰਦਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਨਾਈਜੀਰੀਆ ਵਿਚ ਬੋਕੋ ਹਰਾਮ ਨੇ ਖੇਤਾਂ ਵਿਚ ਕੰਮ ਕਰਨ ਵਾਲੇ 43 ਮਜ਼ਦੂਰਾਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਸੀ ਅਤੇ 6 ਹੋਰਾਂ ਨੂੰ ਜ਼ਖਮੀ ਕਰ ਦਿੱਤਾ ਸੀ। ਨਾਈਜੀਰੀਆ ਦੇ ਮੈਦੁਗੁਰੀ ਵਿਚ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਸਾਲ 2009 ਦੇ ਬਾਅਦ ਤੋਂ ਕਰੀਬ 36 ਹਜ਼ਾਰ ਲੋਕਾਂ ਦੀ ਜਿਹਾਦੀ ਵਿਵਾਦ ਵਿਚ ਜਾਨ ਜਾ ਚੁੱਕੀ ਹੈ ਅਤੇ 20 ਲੱਖ ਤੋਂ ਵੱਧ ਵਿਸਥਾਪਿਤ ਹੋ ਚੁੱਕੇ ਹਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।