ਚੀਨ : ਕਾਰਬਨ ਮੋਨੋਆਕਸਾਈਡ ਦਾ ਪੱਧਰ ਵਧਣ ਕਾਰਨ 18 ਮਜ਼ਦੂਰਾਂ ਦੀ ਮੌਤ

Saturday, Dec 05, 2020 - 12:52 PM (IST)

ਚੀਨ : ਕਾਰਬਨ ਮੋਨੋਆਕਸਾਈਡ ਦਾ ਪੱਧਰ ਵਧਣ ਕਾਰਨ 18 ਮਜ਼ਦੂਰਾਂ ਦੀ ਮੌਤ

ਬੀਜਿੰਗ- ਚੀਨ ਦੀ ਇਕ ਕੋਲਾ ਖਾਨ ਵਿਚ ਕਾਰਬਨ ਮੋਨੋਆਕਸਾਈਡ ਦਾ ਪੱਧਰ ਵਧਣ ਕਾਰਨ 18 ਮਜ਼ਦੂਰਾਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸਰਕਾਰੀ ਖ਼ਬਰ ਏਜੰਸੀ ਸ਼ਿਨਹੁਆਮੁਤਾਬਕ ਇਹ ਘਟਨਾ ਚੋਂਗਕਿੰਗ ਨਗਰ ਨਿਗਮ ਦੇ ਯੋਗਚੁਆਨ ਜ਼ਿਲ੍ਹੇ ਸਥਿਤ ਦਿਆਓਸ਼ੁਇਦੋਂਗ ਕੋਲਾ ਖਾਨ ਵਿਚ ਸ਼ੁੱਕਰਵਾਰ ਸ਼ਾਮ 5 ਵਜੇ ਵਾਪਰੀ। 

ਸ਼ਿਨਹੁਆ ਮੁਤਾਬਕ ਕਾਰਬਨ ਮੋਨੋਆਕਸਾਈਡ ਦਾ ਪੱਧਰ ਵਧਣ ਕਾਰਨ 18 ਮਜ਼ਦੂਰਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ। ਖ਼ਬਰ ਮੁਤਾਬਕ ਪੁਲਸ ਅਤੇ ਫਾਇਰ ਫਾਈਟਰਜ਼ ਵਿਭਾਗ ਦੇ ਅਧਿਕਾਰੀਆਂ ਸਣੇ ਬਚਾਅ ਕਰਮਚਾਰੀ ਖਾਨ ਦੇ ਉਸ ਹਿੱਸੇ ਵਿਚ ਪੁੱਜਣ ਦੀ ਕੋਸ਼ਿਸ਼ ਕਰ ਰਹੇ ਹਨ, ਜਿੱਥੇ ਮਜ਼ਦੂਰ ਫਸੇ ਹੋਏ ਹਨ। ਹਾਦਸੇ ਦੇ ਕਾਰਨਾਂ ਦੀ ਅਜੇ ਜਾਂਚ ਚੱਲ ਰਹੀ ਹੈ। 

ਸਥਾਨਕ ਐਮਰਜੈਂਸੀ ਪ੍ਰਬੰਧਨ ਵਿਭਾਗ ਨੇ ਦੱਸਿਆ ਕਿ ਦਿਆਓਸ਼ੁਇਦੋਂਗ ਕੋਲਾ ਖਾਨ ਵਿਚ ਸਾਲ 1975 ਵਿਚ ਕੰਮ ਸ਼ੁਰੂ ਹੋਇਆ ਸੀ ਅਤੇ 1998 ਵਿਚ ਇਹ ਨਿੱਜੀ ਹੱਥਾਂ ਵਿਚ ਦੇ ਦਿੱਤੀ ਗਈ ਸੀ। ਇਸ ਦੀ ਸਲਾਨਾ ਉਤਪਾਦਨ ਸਮਰੱਥਾ 1,20,000 ਟਨ ਕੋਲਾ ਹੈ। ਸ਼ਿਨਹੁਆ ਏਜੰਸੀ ਮੁਤਾਬਕ ਸਾਲ 2013 ਵਿਚ ਵੀ ਇਸੇ ਖਾਨ ਵਿਚ ਜ਼ਹਿਰੀਲੀ ਹਾਈਡ੍ਰੋਜਨ ਸਲਫਾਈਡ ਲੀਕ ਹੋ ਗਈ ਸੀ, ਜਿਸ ਕਾਰਨ 3 ਮਜ਼ਦੂਰਾਂ ਦੀ ਮੌਤ ਹੋ ਗਈ ਸੀ ਜਦਕਿ ਦੋ ਹੋਰ ਜ਼ਖ਼ਮੀ ਹੋ ਗਏ ਸਨ।  
 


author

Lalita Mam

Content Editor

Related News