ਕੋਵਿਡ-19 : ਯਾਤਰਾ ਤੇ ਸੈਰ-ਸਪਾਟਾ ਖੇਤਰ ’ਚ ਗਲੋਬਲ ਪੱਧਰ ’ਤੇ 17.4 ਕਰੋੜ ਨੌਕਰੀਆਂ ਜਾਣ ਦਾ ਅਨੁਮਾਨ
Saturday, Oct 31, 2020 - 01:04 AM (IST)
ਲੰਡਨ-ਕੋਵਿਡ-19 ਸੰਕਟ ਦੇ ਚੱਲਦੇ ਲਗਾਈਆਂ ਗਈਆਂ ਪਾਬੰਦੀਆਂ ਜੇਕਰ ਜਾਰੀ ਰਹਿੰਦੀਆਂ ਹਨ ਤਾਂ ਇਸ ਸਾਲ ਗਲੋਬਲੀ ਪੱਧਰ ’ਤੇ ਯਾਤਰਾ ਅਤੇ ਸੈਰ-ਸਪਾਟਾ ਉਦਯੋਗ ’ਚ 17.4 ਕਰੋੜ ਰੋਜ਼ਗਾਰ ਜਾਣ ਦਾ ਅਨੁਮਾਨ ਹੈ। ਵਰਲਡ ਟਰੈਵਲ ਐਂਡ ਟੂਰਿਜ਼ਮ ਕੌਂਸਲ (ਡਬਲਿਊ.ਟੀ.ਟੀ.ਸੀ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਉਸ ਦੇ ਪਹਿਲੇ ਦੇ ਅਨੁਮਾਨਾਂ ਤੋਂ ਘੱਟ ਹੈ।
ਇਸ ਦਾ ਵੱਡਾ ਕਾਰਣ ਚੀਨ ਅਤੇ ਹੋਰ ਦੇਸ਼ਾਂ ’ਚ ਘਰੇਲੂ ਸੈਰ-ਸਪਾਟਾ ’ਚ ਸੁਧਾਰ ਹੋਣਾ ਹੈ। ਕੌਂਸਲ ਨੇ ਜੂਨ ’ਚ ਸੈਰ-ਸਪਾਟਾ ਖੇਤਰ ’ਚ 19.7 ਕਰੋੜ ਰੋਜ਼ਗਾਰ ਜਾਣ ਦਾ ਅਨੁਮਾਨ ਜਤਾਇਆ ਸੀ। ਕੌਂਸਲ ਨੇ ਕਿਹਾ ਕਿ ਯਾਤਰਾ ਪਾਬੰਦੀਆਂ ਦੇ ਜਾਰੀ ਰਹਿਣ ਕਾਰਣ ਇਸ ਸਾਲ ਖੇਤਰ ਦਾ ਗਲੋਬਲੀ ਜੀ.ਡੀ.ਪੀ. ’ਚ ਯੋਗਦਾਨ 4700 ਅਰਬ ਡਾਲਰ ਘੱਟ ਹੋ ਸਕਦਾ ਹੈ।
ਇਸ ਤਰ੍ਹਾਂ ਪਿਛਲੇ ਸਾਲ ਦੇ ਯੋਗਦਾਨ ਦੀ ਤੁਲਨਾ ’ਚ ਇਹ 53 ਫੀਸਦੀ ਘੱਟ ਸਕਦਾ ਹੈ। ਕੌਂਸਲ ਦੀ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਗਲੋਰੀਆ ਗੁਏਵਰਾ ਨੇ ਕਿਹਾ ਕਿ ਖੇਤਰ ਦੀ ਹਾਲਤ ਸੁਧਰਨ ’ਚ ਦੇਰੀ ਹੋਵੇਗੀ। ਕਈ ਹੋਰ ਨੌਕਰੀਆਂ ਜਾਂ ਸਕਦੀਆਂ ਹਨ। ਇਹ ਨਿਰਭਰ ਕਰਦਾ ਹੈ ਕਿ ਲੋਕਾਂ ਦੇ ਯਾਤਰਾ ਤੋਂ ਬਾਅਦ ਇਕਾਂਤਵਾਸ ਰਹਿਣ ਦੀ ਹਾਲਤ ’ਚ ਕਿੰਨੀ ਤੇਜ਼ੀ ਨਾਲ ਬਦਲਾਅ ਆਉਂਦਾ ਹੈ ਅਤੇ ਉੱਥੇ ਯਾਤਰਾ ਤੋਂ ਪਹਿਲਾਂ ਅਤੇ ਬਾਅਦ ਕੋਵਿਡ-19 ਦੀ ਹਵਾਈ ਅੱਡਿਆਂ ’ਤੇ ਜਾਂਚ ਕਿੰਨੀ ਸਸਤੀ ਹੁੰਦੀ ਹੈ।