ਪਾਕਿਸਤਾਨ ''ਚ ਐੱਚ. ਆਈ. ਵੀ./ਏਡਜ਼ ਪੀੜਤਾਂ ਦੀ ਗਿਣਤੀ 1,65,000 ਤਕ ਪੁੱਜੀ
Tuesday, Dec 10, 2019 - 01:43 PM (IST)

ਸਿੰਧ— ਪਾਕਿਸਤਾਨ 'ਚ ਇਸ ਸਾਲ ਐੱਚ. ਆਈ. ਵੀ./ਏਡਜ਼ ਦੇ ਮਰੀਜ਼ਾਂ ਦੀ ਗਿਣਤੀ 1,65,000 ਤਕ ਪੁੱਜ ਗਈ ਹੈ । ਹਾਲਾਂਕਿ ਨੈਸ਼ਨਲ ਏਡਜ਼ ਕੰਟਰੋਲ ਪ੍ਰੋਗਰਾਮ (ਐੱਨ. ਏ. ਸੀ. ਪੀ.) ਕੋਲ ਸਿਰਫ 36,902 ਮਰੀਜ਼ ਹੀ ਰਜਿਸਟਰਡ ਹਨ ਜਦਕਿ 20,994 ਮਰੀਜ਼ ਇਲਾਜ ਕਰਵਾ ਰਹੇ ਹਨ। ਐਕਸਪ੍ਰੈੱਸ ਟ੍ਰਿਬਿਊਨ ਵਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਬਹੁਤੇ ਲੋਕਾਂ 'ਚ ਇਹ ਬੀਮਾਰੀ ਫੈਲਣ ਦਾ ਕਾਰਨ ਏਡਜ਼ ਵਾਲੇ ਮਰੀਜ਼ਾਂ ਨੂੰ ਲਗਾਈਆਂ ਸੂਈਆਂ ਹੋਰਾਂ ਨੂੰ ਲਗਾਉਣਾ ਹੈ।
ਐੱਨ. ਏ. ਸੀ. ਪੀ. ਡਾਟੇ ਮੁਤਾਬਕ 18,220 ਪੁਰਸ਼, 4,170 ਔਰਤਾਂ, 546 ਛੋਟੀ ਉਮਰ ਦੇ ਲੜਕੇ ਅਤੇ 426 ਛੋਟੀਆਂ ਬੱਚੀਆਂ ਦਾ ਨਾਂ ਉਨ੍ਹਾਂ ਕੋਲ ਰਜਿਸਟਰਡ ਹਨ। ਇਸ ਸਾਲ ਸਿੰਧ ਦੇ ਰੈਟੋ ਡੇਰੋ ਨਾਂ ਦੇ ਛੋਟੇ ਜਿਹੇ ਇਲਾਕੇ 'ਚ ਹੀ ਏਡਜ਼ ਦੇ 895 ਕੇਸ ਦਰਜ ਕੀਤੇ ਗਏ ਹਨ। ਇਨ੍ਹਾਂ 'ਚੋਂ 754 ਬੱਚੇ ਤੇ 141 ਬਾਲਗ ਸ਼ਾਮਲ ਹਨ।
ਅਪ੍ਰੈਲ ਤੋਂ ਨਵੰਬਰ ਤਕ ਲਾਰਕਾਨਾ ਸ਼ਹਿਰ 'ਚ 37,558 ਲੋਕ ਐੱਚ. ਆਈ. ਵੀ. ਪੀੜਤ ਪਾਏ ਗਏ ਹਨ। ਐੱਨ. ਏ. ਸੀ. ਪੀ. ਮੁਤਾਬਕ 2018 ਦੇ ਅਖੀਰ 'ਚ ਏਡਜ਼ ਪੀੜਤਾਂ ਦੀ ਗਿਣਤੀ 23,757 ਸੀ, ਜਿਨ੍ਹਾਂ 'ਚੋਂ 15,821 ਹੀ ਇਲਾਜ ਕਰਵਾ ਰਹੇ ਸਨ। ਯੂ. ਐੱਨ. ਏਡਜ਼ ਕੰਟਰੋਲ ਪ੍ਰੋਗਰਾਮ ਵਲੋਂ ਪਿਛਲੇ ਸਾਲ ਦੱਸਿਆ ਗਿਆ ਸੀ ਕਿ ਪਿਛਲੇ ਦੋ ਦਹਾਕਿਆਂ 'ਚ ਪਾਕਿਸਤਾਨ 'ਚ ਏਡਜ਼ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।