ਯੂਗਾਂਡਾ ''ਚ ਖੜ੍ਹੇ ਟਰੱਕ ''ਚ ਵੱਜੀ ਬੱਸ, ਮੌਕੇ ''ਤੇ ਪਿਆ ਚੀਕ-ਚਿਹਾੜਾ, 16 ਲੋਕਾਂ ਦੀ ਮੌਤ
Friday, Jan 06, 2023 - 03:46 PM (IST)
ਕੰਪਾਲਾ (ਵਾਰਤਾ)- ਉੱਤਰੀ ਯੂਗਾਂਡਾ ਦੇ ਓਯਾਮ ਜ਼ਿਲ੍ਹੇ ਵਿਚ ਵੀਰਵਾਰ ਰਾਤ ਨੂੰ ਇਕ ਬੱਸ ਦੇ ਖੜ੍ਹੇ ਟਰੱਕ ਨਾਲ ਟਕਰਾਉਣ ਕਾਰਨ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਪੀੜਤ ਲੋਕ ਰਾਜਧਾਨੀ ਕੰਪਾਲਾ ਤੋਂ ਗੁਲੂ ਲਈ ਇੱਕ ਯਾਤਰੀ ਬੱਸ ਵਿੱਚ ਸਫ਼ਰ ਕਰ ਰਹੇ ਸਨ। ਬੱਸ ਅਦੇਬੇ ਟਰੇਡਿੰਗ ਸੈਂਟਰ ਵਿੱਚ ਮਾਲ ਨਾਲ ਲੱਦੇ ਟਰੱਕ ਨਾਲ ਟਕਰਾ ਗਈ।
ਇਹ ਵੀ ਪੜ੍ਹੋ: ਅਮਰੀਕਾ 'ਚ ਗ਼ੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਵਾਲੇ ਸਾਵਧਾਨ, ਲੱਗ ਸਕਦੀ ਹੈ 5 ਸਾਲ ਦੀ ਪਾਬੰਦੀ
ਬਿਆਨ 'ਚ ਕਿਹਾ ਗਿਆ ਹੈ, ''ਪੁਲਸ ਟਰੈਫਿਕ ਅਤੇ ਜਨਰਲ ਡਿਊਟੀ ਰਿਪੋਰਟ ਮਿਲਣ ਤੋਂ ਤੁਰੰਤ ਬਾਅਦ ਮੌਕੇ 'ਤੇ ਪਹੁੰਚ ਗਏ ਅਤੇ ਪੁਸ਼ਟੀ ਕੀਤੀ ਕਿ 11 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਚਾਰ ਹੋਰਾਂ ਨੇ ਗੰਭੀਰ ਹਾਲਤ 'ਚ ਹਸਪਤਾਲ 'ਚ ਦਮ ਤੋੜ ਦਿੱਤਾ।''
ਯੂਗਾਂਡਾ ਰੈੱਡ ਕਰਾਸ ਸੁਸਾਇਟੀ ਦੇ ਅਨੁਸਾਰ, ਬਾਅਦ ਵਿੱਚ ਬੱਸ ਦੇ ਮਲਬੇ ਵਿੱਚੋਂ ਇੱਕ ਹੋਰ ਲਾਸ਼ ਮਿਲੀ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 16 ਹੋ ਗਈ। ਪੁਲਸ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ, ਪਰ ਮੁਢਲੀ ਜਾਂਚ ਵਿੱਚ ਟ੍ਰੇਲਰ ਦੇ ਡਰਾਈਵਰ ਵੱਲੋਂ ਕੀਤੀ ਗਈ ਗਲਤ ਪਾਰਕਿੰਗ ਨੂੰ ਹਾਦਸੇ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ, ਜੋ ਕੋਈ ਚੇਤਾਵਨੀ ਚਿੰਨ੍ਹ ਲਗਾਉਣ ਵਿੱਚ ਅਸਫ਼ਲ ਰਿਹਾ।