ਆਪ੍ਰੇਸ਼ਨ ਡੇਵਿਲ ਹੰਟ: ਸ਼ੇਖ ਹਸੀਨਾ ਦੇ ਘਰ ਹਿੰਸਾ ਕਰਨ ਵਾਲੇ 1300 ਲੋਕ ਗ੍ਰਿਫ਼ਤਾਰ
Wednesday, Feb 12, 2025 - 12:21 PM (IST)
![ਆਪ੍ਰੇਸ਼ਨ ਡੇਵਿਲ ਹੰਟ: ਸ਼ੇਖ ਹਸੀਨਾ ਦੇ ਘਰ ਹਿੰਸਾ ਕਰਨ ਵਾਲੇ 1300 ਲੋਕ ਗ੍ਰਿਫ਼ਤਾਰ](https://static.jagbani.com/multimedia/2025_2image_12_20_192868598bangladesh.jpg)
ਢਾਕਾ (ਏਜੰਸੀ)- ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਦੇਸ਼ ਦੇ ਪਹਿਲੇ ਰਾਸ਼ਟਰਪਤੀ ਤੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਪਿਤਾ ਸ਼ੇਖ ਮੁਜੀਬੁਰ ਰਹਿਮਾਨ ਦੇ ਘਰ ’ਚ ਭੰਨ-ਤੋੜ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਖਿਲਾਫ ਆਪ੍ਰੇਸ਼ਨ ਡੇਵਿਲ ਹੰਟ ਸ਼ੁਰੂ ਕੀਤਾ ਹੈ। ਇਸ ਮੁਹਿੰਮ ਤਹਿਤ 1,300 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦਰਅਸਲ ਬੰਗਲਾਦੇਸ਼ ’ਚ ਬੁੱਧਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਬੰਗਲਾਦੇਸ਼ ਦੇ ਸੰਸਥਾਪਕ ਸ਼ੇਖ ਮੁਜੀਬੁਰ ਰਹਿਮਾਨ ਦੇ ਘਰ ’ਚ ਭੰਨ-ਤੋੜ ਕੀਤੀ ਸੀ। ਇਸ ਦੇ ਨਾਲ ਹੀ ਸ਼ੇਖ ਹਸੀਨਾ ਦੇ ਘਰ ‘ਸੁਧਾ ਸਦਨ’ ’ਚ ਵੀ ਅੱਗ ਲਾ ਦਿੱਤੀ ਗਈ ਸੀ। ਇਨ੍ਹਾਂ ਘਟਨਾਵਾਂ ਤੋਂ ਬਾਅਦ ਅੰਤਰਿਮ ਸਰਕਾਰ ਨੂੰ ਹਰ ਪਾਸਿਓਂ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ।
ਇਸ ਤੋਂ ਬਾਅਦ ਅੰਤਰਿਮ ਸਰਕਾਰ ਨੇ ਦੇਸ਼ ਵਿੱਚ ਅਸਥਿਰਤਾ ਪੈਦਾ ਕਰਨ ਵਾਲੇ ਸਾਰੇ ਪ੍ਰਦਰਸ਼ਕਾਰੀਆਂ ਨੂੰ ਫੜਨ ਦਾ ਵਾਅਦਾ ਕੀਤਾ ਸੀ। ਆਪ੍ਰੇਸ਼ਨ ਡੇਵਿਲ ਹੰਟ ਦਾ ਉਦੇਸ਼ ਦੇਸ਼ ਭਰ ਵਿੱਚ ਅਸ਼ਾਂਤੀ ਨੂੰ ਰੋਕਣਾ ਅਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਬੰਗਲਾਦੇਸ਼ ਸਰਕਾਰ ਦੇ ਸਲਾਹਕਾਰ ਮੁਹੰਮਦ ਜਹਾਂਗੀਰ ਆਲਮ ਨੇ ਕਿਹਾ ਕਿ ਇਹ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਨਹੀਂ ਲਿਆਂਦਾ ਜਾਂਦਾ।