ਸ਼੍ਰੀਲੰਕਾ ''ਚ ਮੌਸਮ ਦੀ ਮਾਰ, 12 ਲੋਕਾਂ ਦੀ ਮੌਤ ਤੇ 3 ਲੱਖ ਤੋਂ ਵਧੇਰੇ ਪ੍ਰਭਾਵਿਤ
Thursday, Nov 28, 2024 - 05:35 PM (IST)
ਕੋਲੰਬੋ : ਦੱਖਣ-ਪੱਛਮ ਬੰਗਾਲ ਦੀ ਖਾੜੀ ਵਿਚ ਭਾਰੀ ਮੀਂਹ ਤੋਂ ਬਾਅਦ ਖਰਾਬ ਮੌਸਮ ਦੇ ਕਾਰਨ ਸ਼੍ਰੀਲੰਕਾ ਵਿਚ ਘੱਟ ਤੋਂ ਘੱਟ 12 ਲੋਕਾਂ ਦੀ ਮੌਤ ਹੋ ਗਈ ਤੇ 3 ਲੱਖ ਤੋਂ ਵਧੇਰੇ ਲੋਕ ਪ੍ਰਭਾਵਿਤ ਹੋਏ ਹਨ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਮ੍ਰਿਤਕਾਂ ਵਿਚ ਅੱਠ ਪੂਰਬੀ ਜ਼ਿਲ੍ਹੇ ਅੰਪਰਾ ਦੇ ਦੱਸੇ ਜਾ ਰਹੇ ਹਨ।
ਅਧਿਕਾਰੀਆਂ ਨੇ ਕਿਹਾ ਕਿ ਖਰਾਬ ਮੌਸਮ ਬੰਗਾਲ ਦੀ ਖਾੜੀ ਵਿਚ ਬਣੇ ਗਹਿਰੇ ਦਬਾਅ ਦੇ ਖੇਤਰ ਦਾ ਨਤੀਜਾ ਹੈ, ਜਿਸ ਨੇ ਮੁੱਖ ਰੂਪ ਨਾਲ ਪੂਰਬੀ ਸੂਬੇ ਨੂੰ ਪ੍ਰਭਾਵਿਤ ਕੀਤਾ ਹੈ। ਆਪਦਾ ਪ੍ਰਬੰਧਨ ਕੇਂਦਰ (ਡੀਐੱਮਸੀ) ਦੇ ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਨੂੰ ਸਥਾਨਕ ਸਮੇਂ ਮੁਤਾਬਕ ਅੱਠ ਵਜੇ ਤਕ 21 ਜ਼ਿਲ੍ਹਿਆਂ ਦੇ 98 ਹਜ਼ਾਰ ਤੋਂ ਵਧੇਰੇ ਪਰਿਵਾਰਾਂ ਦੇ 3.3 ਲੱਖ ਤੋਂ ਵਧੇਰੇ ਲੋਕ ਪ੍ਰਭਾਵਿਤ ਹੋਏ ਹਨ। ਮੌਸਮ ਵਿਗਿਆਨ ਕੇਂਦਰ ਨੇ ਸ਼ੁੱਕਰਵਾਰ ਨੂੰ ਹੋਰ ਭਾਰੀ ਬਾਰਿਸ਼ ਦਾ ਅੰਦਾਜਾ ਲਾਇਆ ਹੈ। ਜਦਕਿ ਰਾਸ਼ਟਰੀ ਭਵਨ ਰਿਸਰਚ ਸੈਂਟਰ ਨੇ ਬੁੱਧਵਾਰ ਨੂੰ ਨੌ ਵਿਚੋਂ ਚਾਰ ਸੂਬਿਆਂ ਵਿਚ ਜ਼ਮੀਨ ਖਿਸਕਣ ਦੀ ਚਿਤਾਵਨੀ ਜਾਰੀ ਕੀਤੀ ਸੀ। ਹੜ੍ਹ ਤੇ ਜ਼ਮੀਨ ਖਿਸਕਣ ਕਾਰਨ 80 ਤੋਂ ਵਧੇਰੇ ਘਰ ਪੂਰੀ ਤਰ੍ਹਾਂ ਨੁਕਸਾਨੇ ਗਏ। ਅਧਿਕਾਰੀਆਂ ਨੇ ਦੱਸਿਆ ਕਿ 25 ਹਜ਼ਾਰ ਤੋਂ ਵਧੇਰੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਲਿਜਾਇਆ ਗਿਆ ਹੈ।
ਰਾਸ਼ਟਰੀ ਅਨੁਰਾ ਕੁਮਾਰਾ ਦਿਸਾਨਾਇਕੇ ਨੇ ਪ੍ਰਭਾਵਿਤਾਂ ਨੂੰ ਰਾਹਤ ਪਹੁੰਚਾਉਣ ਦੇ ਲਈ ਫੌਜੀਆਂ ਦੀ ਤਾਇਨਾਤੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਭਾਰੀ ਮੀਂਹ ਦੇ ਕਾਰਨ ਕੋਲੰਬੋ ਜਾਣ ਵਾਲੀਆਂ ਘੱਟ ਤੋਂ ਘੱਟ ਛੇ ਉਡਾਣਾਂ ਨੂੰ ਦੂਜੇ ਹਵਾਈ ਅੱਡਿਆਂ ਉੱਤੇ ਭੇਜਿਆ ਗਿਆ ਸੀ। ਇਸ ਦਿਨ ਸਵੇਰੇ ਅੱਠ ਵਜੇ ਖਤਮ ਹੋਣ ਵਾਲੇ 24 ਘੰਟਿਆਂ ਦੌਰਾਨ 75 ਮਿਲੀਮੀਟਰ ਬਾਰਿਸ਼ ਹੋਈ ਤੇ ਟਾਪੂ ਦੇ ਜ਼ਿਆਦਾਤਰ ਹਿੱਸਿਆਂ ਵਿਚ ਤੇਜ਼ ਹਵਾਵਾਂ ਚੱਲੀਆਂ। ਸਿੰਚਾਈ ਵਿਭਾਗ ਨੇ ਕੇਲਾਨੀ ਨਦੀ ਬੇਸਿਨ ਤੇ ਕਾਲਾ ਓਯਾ ਬੇਸਿਨ ਦੇ ਕਈ ਨਿਚਲੇ ਇਲਾਕਿਆਂ ਦੇ ਲਈ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਸੀ, ਜੋ ਸ਼ੁੱਕਰਵਾਰ ਸਵੇਰ ਤਕ ਜਾਰੀ ਰਹੇਗੀ।