100 ਸਾਲਾ ਬੇਬੇ ਦੀ ਆਖਰੀ ਇੱਛਾ ਹੋਈ ਪੂਰੀ, ਜੇਲ ''ਚ ਕੀਤੀ ਬਰਥ-ਡੇਅ ਪਾਰਟੀ
Friday, Mar 06, 2020 - 10:48 PM (IST)
ਕੈਰੋਲੀਨਾ (ਏਜੰਸੀ)- ਜੇਲ ਜਾਣ ਦੇ ਨਾਂ 'ਤੇ ਵੱਡਿਆਂ-ਵੱਡਿਆਂ ਦੇ ਪਸੀਨੇ ਛੁੱਟ ਜਾਂਦੇ ਹਨ ਅਤੇ ਨਾ ਹੀ ਕੋਈ ਜੇਲ ਜਾਣਾ ਹੀ ਚਾਹੁੰਦਾ ਹੈ ਪਰ ਕੁਝ ਲੋਕ ਅਜਿਹੇ ਵੀ ਹਨ, ਜਿਹੜੇ ਜੇਲ ਜਾਣਾ ਵੀ ਪਸੰਦ ਕਰਦੇ ਹਨ ਅਤੇ ਉਥੇ ਜਾਕੇ ਕੁਝ ਖਾਸ ਵੀ ਕਰਨਾ ਚਾਹੁੰਦੇ ਹਨ। ਇਸੇ ਤਰ੍ਹਾਂ ਦੀ ਇਕ 100 ਸਾਲਾ ਬੇਬੇ ਹੈ, ਜਿਸ ਦੀ ਇੱਛਾ ਹੈ ਕਿ ਉਹ ਜੇਲ ਵਿਚ ਆਪਣਾ 100ਵਾਂ ਜਨਮ ਦਿਨ ਮਨਾਵੇ ਅਤੇ ਆਪਣੀ ਬਰਥ-ਡੇਅ ਪਾਰਟੀ ਜੇਲ ਵਿਚ ਕਰੇ।
ਪੁਲਸ ਨੇ ਬੇਬੇ ਦੀ ਇੱਛਾ ਪੂਰੀ ਕਰਨ 'ਚ ਕੀਤੀ ਮਦਦ
ਉੱਤਰੀ ਕੈਰੋਲੀਨਾ ਵਿਚ ਪੁਲਸ ਵਲੋਂ ਇਕ 100 ਸਾਲਾ ਬੇਬੇ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਗ੍ਰਿਫਤਾਰੀ ਸਿਰਫ ਇਸ ਲਈ ਕੀਤੀ ਗਈ ਕਿਉਂਕਿ ਬੇਬੇ ਰੂਥ ਬ੍ਰਾਇੰਟ ਦੀ ਇਹ ਇੱਛਾ ਸੀ ਕਿ ਉਹ ਆਪਣਾ 100ਵਾਂ ਜਨਮ ਦਿਨ ਜੇਲ ਵਿਚ ਮਨਾਵੇ। ਪਰਸਨ ਕਾਉਂਟੀ ਸ਼ੇਰਿਫ ਦੇ ਦਫਤਰ ਨੇ ਰੂਥ ਦੀ ਇਹ ਅਨੋਖੀ ਇੱਛਾ ਪੂਰੀ ਕਰਨ ਵਿਚ ਮਦਦ ਕੀਤੀ।
ਪੁਲਸ ਵਲੋਂ 100 ਸਾਲਾ ਰੂਥ ਨੂੰ ਉਸ ਦੇ ਘਰੋਂ ਕੀਤਾ ਗਿਆ ਗ੍ਰਿਫਤਾਰ
ਪੁਲਸ ਜਵਾਨਾਂ ਵਲੋਂ ਰੂਥ ਨੂੰ ਉਨ੍ਹਾਂ ਦੇ ਘਰੋਂ ਗ੍ਰਿਫਤਾਰ ਕੀਤਾ ਗਿਆ। ਪੁਲਸ ਦੀਆਂ ਸਾਇਰਨ ਵੱਜਦੀਆਂ ਗੱਡੀਆਂ ਉਨ੍ਹਾਂ ਦੇ ਘਰ ਅੱਗੇ ਰੁਕੀਆਂ ਅਤੇ ਪੁਲਸ ਮੁਲਾਜ਼ਮ ਉਨ੍ਹਾਂ ਦੇ ਘਰ ਦਾਖਲ ਹੋਏ ਜਿਵੇਂ ਮੁਲਜ਼ਮਾਂ ਨੂੰ ਹੱਥਕੜੀਆਂ ਲਗਾਈਆਂ ਜਾਂਦੀਆਂ ਹਨ ਉਸੇ ਤਰ੍ਹਾਂ ਉਨ੍ਹਾਂ ਨੂੰ ਵੀ ਹਥਕੜੀਆਂ ਲਗਾਈਆਂ ਗਈਆਂ, ਜਿਸ ਦੌਰਾਨ ਕੁਝ ਲੋਕ ਉਨ੍ਹਾਂ ਦੀ ਵੀਡੀਓ ਵੀ ਬਣਾ ਰਹੇ ਸਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਬੜੀ ਤੇਜੀ ਨਾਲ ਵਾਇਰਲ ਹੋ ਰਹੀ ਹੈ, ਅਸਲੀ ਮੁਲਜ਼ਮਾਂ ਵਾਂਗ ਹੀ ਬੇਬੇ ਰੂਥ ਨੂੰ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਉਨ੍ਹਾਂ ਨੂੰ ਬਿਲਕੁਲ ਉਸੇ ਤਰ੍ਹਾਂ ਦਾ ਤਜ਼ਰਬਾ ਕਰਵਾਇਆ ਜਾਣਾ ਸੀ।
ਜੇਲ 'ਚ ਰੂਥ ਨਾਲ ਕੀਤਾ ਗਿਆ ਕੈਦੀਆਂ ਵਰਗਾ ਵਰਤਾਓ
ਜੇਲ ਵਿਚ ਰੂਥ ਨਾਲ ਕੈਦੀਆਂ ਵਰਗਾ ਵਰਤਾਓ ਕੀਤਾ ਗਿਆ। ਰੂਥ ਨੂੰ ਮੁਲਜ਼ਮਾਂ ਵਾਂਗ ਇਕ ਥਾਂ ਖੜ੍ਹੇ ਹੋਣ ਲਈ ਕਿਹਾ ਗਿਆ ਅਤੇ ਉਨ੍ਹਾਂ ਦੀ ਤਸਵੀਰ ਵੀ ਲਈ ਗਈ। ਰੂਥ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਨੂੰ ਬਹੁਤ ਵਧੀਆ ਲੱਗਾ ਕਿ ਉਹ ਜੇਲ ਵਿਚ ਆਪਣਾ ਜਨਮ ਦਿਨ ਮਨਾ ਸਕੀ। ਇਹ ਉਸ ਦੀ ਆਖਰੀ ਖਾਹਿਸ਼ ਸੀ ਕਿ ਉਹ ਜੇਲ ਵਿਚ ਆਪਣਾ 100ਵਾਂ ਜਨਮ ਦਿਨ ਮਨਾਵੇ ਜੋ ਅੱਜ ਪੂਰੀ ਹੋਈ ਹੈ। ਕੂਰੀਅਰ ਟਾਈਮਜ਼ ਦੀ ਖਬਰ ਮੁਤਾਬਕ ਰੂਥ ਵਲੋਂ ਪੁਲਸ ਦੀ ਹਿਰਾਸਤ ਵਿਚੋਂ ਭੱਜਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਪੁਲਸ ਨੇ ਅਜਿਹਾ ਹੋਣ ਨਹੀਂ ਦਿੱਤਾ। ਥੋੜ੍ਹੀ ਦੇਰ ਜੇਲ ਵਿਚ ਬਿਤਾਉਣ ਤੋਂ ਬਾਅਦ ਰੂਥ ਇਕ ਨਾਰੰਗੀ (ਸੰਤਰੀ) ਰੰਗ ਦੀ ਕਮੀਜ਼ ਵਿਚ ਬਾਹਰ ਆਈ ਜਿਸ 'ਤੇ ਲਿਖਿਆ ਸੀ 'ਪਰਸਨ ਕਾਊਂਟੀ ਜੇਲ'