ਅਮਰੀਕਾ 'ਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋ ਰਹੇ 100 ਭਾਰਤੀ ਗ੍ਰਿਫਤਾਰ (ਵੀਡੀਓ)

06/23/2018 4:15:42 PM

ਵਾਸ਼ਿੰਗਟਨ—ਅਮਰੀਕਾ ਵਿਚ ਭਾਰਤੀ ਮਿਸ਼ਨ ਨੇ 2 ਇਮੀਗ੍ਰੇਸ਼ਨ ਹਿਰਾਸਤ ਕੇਂਦਰਾਂ ਨਾਲ ਸੰਪਰਕ ਕੀਤਾ ਹੈ, ਜਿੱਥੇ ਕਰੀਬ 100 ਭਾਰਤੀ ਬੰਦ ਹਨ। ਇਨ੍ਹਾਂ ਵਿਚ ਜ਼ਿਆਦਾਤਰ ਪੰਜਾਬ ਤੋਂ ਹਨ, ਜਿਨ੍ਹਾਂ ਨੂੰ ਦੇਸ਼ ਦੀ ਦੱਖਣੀ ਸਰਹੱਦ ਤੋਂ ਗੈਰ-ਕਾਨੂੰਨੀ ਢੰਗ ਨਾਲ ਪ੍ਰਵੇਸ਼ ਕਰਨ ਕਾਰਨ ਹਿਰਾਸਤ ਵਿਚ ਲਿਆ ਗਿਆ ਸੀ। ਅਧਿਕਾਰੀਆਂ ਮੁਤਾਬਕ ਅਮਰੀਕਾ ਦੇ ਨਿਊ ਮੈਕਸੀਕੋ ਸੂਬੇ ਵਿਚ ਸਥਿਤ ਸੰਘੀ ਹਿਰਾਸਤ ਕੇਂਦਰ ਵਿਚ 40 ਤੋਂ 45 ਭਾਰਤੀ ਬੰਦ ਹਨ, ਜਦੋਂ ਕਿ ਓਰੇਗਨ ਦੇ ਹਿਰਾਸਤ ਕੇਂਦਰ ਵਿਚ 52 ਭਾਰਤੀ ਬੰਦ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਸਿੱਖ ਅਤੇ ਈਸਾਈ ਹਨ। ਭਾਰਤੀ ਦੂਤਘਰ ਨੇ ਇਕ ਬਿਆਨ ਵਿਚ ਦੱਸਿਆ ਕਿ ਉਸ ਨੇ ਦੋਵਾਂ ਹਿਰਾਸਤ ਕੇਂਦਰਾਂ ਨਾਲ ਸੰਪਰਕ ਕੀਤਾ ਹੈ। ਬਿਆਨ ਵਿਚ ਕਿਹਾ ਗਿਆ, 'ਵਣਜ ਦੂਤਘਰ ਦੇ ਅਧਿਕਾਰੀ ਓਰੇਗਨ ਦੇ ਹਿਰਾਸਤ ਕੇਂਦਰ ਦੇ ਦੌਰੇ 'ਤੇ ਗਏ ਸਨ, ਜਦੋਂ ਕਿ ਦੂਜੇ ਨਿਊ ਮੈਕਸੀਕੋ ਦੇ ਹਿਰਾਸਤ ਕੇਂਦਰ ਦੇ ਦੌਰੇ 'ਤੇ ਜਾਣਗੇ। ਅਸੀਂ ਹਾਲਾਤ 'ਤੇ ਨਜ਼ਰ ਰੱਖ ਰਹੇ ਹਾਂ।' ਇਨ੍ਹਾਂ ਵਿਚ 12 ਤੋਂ ਵਧ ਲੋਕ ਨਿਊ ਮੈਕਸੀਕੋ ਦੇ ਕੇਂਦਰ ਵਿਚ ਕਈ ਮਹੀਨਿਆਂ ਤੋਂ ਬੰਦ ਹਨ। ਬਾਕੀ ਭਾਰਤੀਆਂ ਨੂੰ ਇੱਥੇ ਲੱਗਭਗ ਇਕ ਹਫਤਾ ਪਹਿਲਾਂ ਲਿਆਇਆ ਗਿਆ ਸੀ। ਇਨ੍ਹਾਂ ਕੇਂਦਰਾਂ ਵਿਚ ਬੰਦ ਜ਼ਿਆਦਾਤਰ ਲੋਕ ਸ਼ਰਨ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਗ੍ਰਹਿ ਦੇਸ਼ ਵਿਚ 'ਹਿੰਸਾ ਜਾਂ ਅੱਤਿਆਚਾਰ' ਦਾ ਸਾਹਮਣਾ ਕਰਨਾ ਪਿਆ ਹੈ।
ਉੱਤਰੀ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਦੇ ਪ੍ਰਧਾਨ ਸਤਨਾਮ ਸਿੰਘ ਚਾਹਲ ਦਾ ਮੰੰਨਣਾ ਹੈ ਕਿ ਹਜ਼ਾਰਾਂ ਭਾਰਤੀ ਅਮਰੀਕਾ ਦੀਆਂ ਜੇਲਾਂ ਵਿਚ ਬੰਦ ਹਨ। ਇਨ੍ਹਾਂ ਵਿਚੋਂ ਹਜ਼ਾਰਾਂ ਲੋਕ ਇਕੱਲੇ ਪੰਜਾਬ ਤੋਂ ਹੀ ਹਨ। ਨਾਪਾ ਨੇ ਸਾਲ 2013, 2014 ਅਤੇ 2015 ਦਰਮਿਆਨ ਫ੍ਰੀਡਮ ਆਫ ਇਨਫਾਰਮੇਸ਼ਨ ਐਕਟ (ਐੱਫ.ਓ.ਆਈ.ਏ.) ਦੇ ਤਹਿਤ ਪ੍ਰਾਪਤ ਸੂਚਨਾ ਦੇ ਆਧਾਰ 'ਤੇ ਦੱਸਿਆ ਕਿ ਅਮਰੀਕੀ ਸਰਹੱਦ 'ਤੇ 27,000 ਤੋਂ ਵਧ ਭਾਰਤੀਆਂ ਨੂੰ ਫੜਿਆ ਗਿਆ ਹੈ। ਇਨ੍ਹਾਂ ਵਿਚ 4000 ਔਰਤਾਂ ਅਤੇ 350 ਬੱਚੇ ਹਨ। ਇਸ ਕਾਨੂੰਨ ਤਹਿਤ ਸਾਲ 2015 ਵਿਚ ਪ੍ਰਾਪਤ ਸੂਚਨਾ ਮੁਤਾਬਕ ਦੇਸ਼ ਵਿਚ ਗੈਰ-ਕਾਨੂੰਨੀ ਰੂਪ ਨਾਲ ਰਹਿਣ ਦੇ ਦੋਸ਼ ਵਿਚ 900 ਤੋਂ ਵਧ ਭਾਰਤੀ ਵੱਖ-ਵੱਖ ਸੰਘੀ ਅਦਾਲਤਾਂ ਵਿਚ ਬੰਦ ਹਨ। ਚਾਹਲ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਵਿਚ ਮਨੁੱਖੀ ਤਸਕਰਾਂ, ਅਧਿਕਾਰੀਆਂ ਅਤੇ ਰਾਜਨੇਤਾਵਾਂ ਦਾ ਗਠਜੋੜ ਹੈ, ਜੋ ਨੌਜਵਾਨ ਪੰਜਾਬੀਆਂ ਨੂੰ ਉਕਸਾਉਂਦੇ ਹਨ ਕਿ ਉਹ ਆਪਣਾ ਘਰ-ਬਾਰ ਛੱਡ ਕੇ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਜਾਣ। ਇਸ ਲਈ ਉਹ ਪ੍ਰਤੀ ਵਿਅਕਤੀ 35 ਤੋਂ 50 ਲੱਖ ਰੁਪਏ ਵਸੂਲਦੇ ਹਨ। ਉਨ੍ਹਾਂ ਨੇ ਪੰਜਾਬ ਸਕਰਾਰ ਨੂੰ ਬੇਨਤੀ ਕੀਤੀ ਹੈ ਕਿ ਉਹ ਮਨੁੱਖੀ ਤਸਕਰੀ ਕਾਨੂੰਨ ਨੂੰ ਸਖਤਾਈ ਨਾਲ ਲਾਗੂ ਕਰਨ। ਇਮੀਗ੍ਰੇਸ਼ਨ ਦੇ ਮਾਮਲੇ ਦੇਖਣ ਵਾਲੀ ਵਕੀਲ ਅਕਾਂਕਸ਼ਾ ਕਾਲਰਾ ਮੁਤਾਬਕ ਅਮਰੀਕਾ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਪ੍ਰਵੇਸ਼ ਕਰਨ ਵਾਲੇ ਭਾਰਤੀਆਂ ਵਿਚ ਸਭ ਤੋਂ ਵਧ ਪੰਜਾਬ ਅਤੇ ਗੁਜਰਾਤ ਤੋਂ ਹੁੰਦੇ ਹਨ।
ਉਥੇ ਹੀ ਇਸ ਮਾਮਲੇ ਦੇ ਧਿਆਨ ਵਿਚ ਆਉਂਦੇ ਹੀ ਹਰਸਿਮਰਤ ਬਾਦਲ ਨੇ ਇਸ ਘਟਨਾ ਬਾਰੇ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ 52 ਭਾਰਤੀ ਪੋਰਟਲੈਂਡ, ਓਰੇਗਨ (ਅਮਰੀਕਾ) ਦੀ ਫੈਡਰਲ ਜੇਲ ਵਿਚ ਬੰਦ ਹਨ। ਮੈਂ ਜਨਰਲ ਵੀ.ਕੇ. ਸਿੰਘ ਨਾਲ ਗੱਲਬਾਤ ਕੀਤੀ ਹੈ ਅਤੇ ਉਨ੍ਹਾਂ ਨੇ ਮੈਨੂੰ ਭਰੋਸਾ ਦਿੱਤਾ ਹੈ ਕਿ ਸਾਨ ਫਰਾਂਸਿਸਕੋ ਵਿਚ ਭਾਰਤ ਦੇ ਵਣਜ ਦੂਤ ਅਮਰੀਕਾ ਵਿਚ ਹਿਰਾਸਤ ਵਿਚ ਰੱਖੇ ਭਾਰਤੀਆਂ ਤੱਕ ਪਹੁੰਚ ਕਰਨ ਲਈ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ਹਰਸਿਮਰਤ ਬਾਦਲ ਨੇ ਵਿਦੇਸ਼ ਮੰਤਰੀ ਨੂੰ ਕੀਤੀ ਮਦਦ ਦੀ ਅਪੀਲ ਕੀਤੀ ਹੈ।


Related News