ਮਾਨਸਿਕ ਤੌਰ ''ਤੇ ਪ੍ਰੇਸ਼ਾਨ ਕੈਂਟਰ ਡਰਾਈਵਰ ਨੇ ਕੀਤੀ ਖੁਦਕੁਸ਼ੀ

09/23/2019 7:34:13 PM

ਭੂੰਗਾ/ਗੜ੍ਹਦੀਵਾਲਾ, (ਭਟੋਆ)— ਸੋਮਵਾਰ ਸਵੇਰੇ ਭੂੰਗਾ ਵਿਖੇ ਇਕ ਕੈਂਟਰ ਡਰਾਈਵਰ ਵਲੋਂ ਫਾਹ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਸੰਦੀਪ ਕੁਮਾਰ (35) ਉਰਫ ਵਿੱਕੀ ਪੁੱਤਰ ਨੱਥੂ ਰਾਮ ਵਾਸੀ ਪਦਰਾਣਾ, ਥਾਣਾ ਗੜ੍ਹਸੰਕਰ, ਹੁਸ਼ਿਆਰਪੁਰ, ਜੋ ਕਿ ਅਵਤਾਰ ਸਿੰਘ ਪੁੱਤਰ ਸਵਰਨਜੀਤ ਸਿੰਘ ਵਾਸੀ ਭੂੰਗਾ ਦਾ ਕੈਂਟਰ ਚਲਾਉਂਦਾ ਸੀ, 3 ਸਤੰਬਰ ਨੂੰ ਲੁਧਿਆਣਾ ਤੋਂ ਬੀਅਰ ਲੱਦ ਕੇ ਸ੍ਰੀਨਗਰ ਗਿਆ ਸੀ ਤੇ ਅੱਜ 19-20 ਦਿਨਾਂ ਬਾਅਦ ਵਾਪਸ ਭੂੰਗਾ ਵਿਖੇ ਕੈਂਟਰ ਦੇ ਪਿਛਲੇ ਪਾਸੇ ਬੱਤੇ ਨਾਲ ਰੱਸੀ ਪਾ ਕੇ ਖੁਦਕੁਸ਼ੀ ਕਰ ਲਈ। ਕੁਲਵਿੰਦਰ ਸਿੰਘ ਨੇ ਸਵੇਰੇ ਸਵਾ 7 ਵਜੇ ਦੇ ਕਰੀਬ ਆਪਣੀ ਦੁਕਾਨ ਅੱਗੇ ਖੜ੍ਹਾ ਕੈਂਟਰ ਦੇਖਿਆ, ਜਿਸ ਦੇ ਪਿਛਲੇ ਪਾਸੇ ਡਰਾਈਵਰ ਦੀ ਲਾਸ਼ ਲਟਕ ਰਹੀ ਸੀ। ਉਸ ਨੇ ਤੁਰੰਤ ਭੂੰਗਾ ਪੁਲਸ ਨੂੰ ਸੂਚਿਤ ਕੀਤਾ। ਪੁਲਸ ਚੌਕੀ ਭੂੰਗਾ ਦੇ ਇੰਚਾਰਜ ਸਬ-ਇੰਸਪੈਕਟਰ ਅਜੀਤ ਸਿੰਘ ਅਤੇ ਡੀ. ਐੱਸ. ਪੀ. ਸਤਿੰਦਰ ਕੁਮਾਰ ਚੱਢਾ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਦਾ ਨਿਰੀਖਣ ਕੀਤਾ।
ਮ੍ਰਿਤਕ ਦੇ ਭਰਾ ਸਤਨਾਮ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਸੰਦੀਪ ਕੁਮਾਰ ਦਸੂਹਾ ਵਿਖੇ ਵਾਪਰੇ ਇਕ ਸੜਕ ਹਾਦਸੇ ਤੋਂ ਬਾਅਦ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਪ੍ਰੇਸ਼ਾਨੀ ਕਾਰਨ ਹੀ ਉਸ ਨੇ ਖੁਦਕੁਸ਼ੀ ਕੀਤੀ ਹੈ। ਭੂੰਗਾ ਪੁਲਸ ਵੱਲੋਂ ਮ੍ਰਿਤਕ ਦੇ ਭਰਾ ਸਤਨਾਮ ਸਿੰਘ ਬਿਆਨਾਂ 'ਤੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਨ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਭੇਜ ਦਿੱਤੀ ਹੈ।


 


KamalJeet Singh

Content Editor

Related News