ਲੋਕਾਂ ਨੰ ਬਿਹਤਰੀਨ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵਚਨਬੱਧ : ਬ੍ਰਹਮ ਸ਼ੰਕਰ ਜਿੰਪਾ
Thursday, Sep 15, 2022 - 02:15 PM (IST)
ਹੁਸ਼ਿਆਰਪੁਰ (ਘੁੰਮਣ) : ਕੈਬਨਿਟ ਮੰਤਰੀ ਪੰਜਾਬ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿਚ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਨੂੰ ਹਸਪਤਾਲਾਂ 'ਚ ਮੁਫ਼ਤ ਦਵਾਈਆਂ ਤੋਂ ਇਲਾਵਾ ਹੋਰ ਸਾਰੀਆਂ ਬੁਨਿਆਦੀ ਸੁਵਿਧਾਵਾਂ ਸਹੀ ਤਰੀਕੇ ਨਾਲ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੁਸ਼ਿਆਰਪੁਰ ਵਾਸੀਆਂ ਨੂੰ ਬਿਹਤਰ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਇਸੇ ਲੜੀ ਵਿਚ ਸਿਹਤ ਖੇਤਰ ਵਿਚ ਵੱਡੇ ਪੱਧਰ ’ਤੇ ਸੁਧਾਰ ਕੀਤੇ ਗਏ ਹਨ।
ਇਹ ਵੀ ਪੜ੍ਹੋ : ਸਿਲਵਰ ਹਾਈਟ ਅਪਾਰਟਮੈਂਟ ਦੀਆਂ ਲਿਫ਼ਟਾਂ ਦੇ ਬਿਜਲੀ ਕੁਨੈਕਸ਼ਨ ਕੱਟਣ ’ਤੇ ਹੋਇਆ ਹੰਗਾਮਾ
ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਸਥਾਪਤ ਕੀਤੀ ਗਈ ਸੀ.ਟੀ. ਸਕੈਨ ਮਸ਼ੀਨ ਅਤੇ ਲੈਬਾਰਟਰੀ 'ਚ ਆਮ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ, ਕਿਉਂਕਿ ਇਥੇ ਮਹਿੰਗੇ ਤੋਂ ਮਹਿੰਗੇ ਟੈਸਟ 70 ਤੋਂ 80 ਫੀਸਦੀ ਘੱਟ ਰੇਟਾਂ ’ਤੇ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਲੋਕਾਂ ਨੂੰ ਘਰਾਂ ਦੇ ਨਜ਼ਦੀਕ ਸਿਹਤ ਸੇਵਾਵਾਂ ਪਹੁੰਚਾਉਣ ਦੇ ਮਕਸਦ ਨਾਲ ਸ਼ਹਿਰ 'ਚ ਖੋਲ੍ਹੇ ਗਏ 4 ਆਮ ਆਦਮੀ ਕਲੀਨਿਕ ਵੀ ਲੋਕਾਂ ਤੱਕ ਬਿਹਤਰ ਸਿਹਤ ਸੇਵਾਵਾਂ ਪਹੁੰਚਾਉਣ ਵਿਚ ਸਹਾਇਕ ਸਾਬਤ ਹੋ ਰਹੇ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਜ਼ਿਲ੍ਹੇ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਵਿੱਚ ਵਾਧਾ ਕਰਦੇ ਹੋਏ ਸਿਵਲ ਹਸਪਤਾਲ 'ਚ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਤਹਿਤ ਕ੍ਰਿਸ਼ਨਾ ਡਾਇਗੋਨਾਸਟਿਕ ਸੈਂਟਰ ਵੱਲੋਂ ਸੀ.ਟੀ. ਸਕੈਨ ਮਸ਼ੀਨ ਅਤੇ ਲੈਬਾਰਟਰੀ ਸਥਾਪਤ ਕੀਤੀ ਗਈ ਹੈ, ਜਿਥੇ 24 ਤਰ੍ਹਾਂ ਦੇ ਸੀ.ਟੀ. ਸਕੈਨ ਅਤੇ 23 ਤਰ੍ਹਾਂ ਦੇ ਲੈਬ ਟੈਸਟ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਸੀ.ਟੀ. ਸਕੈਨ ਮਸ਼ੀਨ ਨਾਲ 18 ਜੁਲਾਈ ਤੋਂ ਲੈ ਕੇ ਹੁਣ ਤੱਕ 754 ਮਰੀਜ਼ਾਂ ਦੇ ਟੈਸਟ ਅਤੇ 1 ਜੁਲਾਈ ਤੋਂ ਹੁਣ ਤੱਕ 5832 ਮਰੀਜ਼ਾਂ ਦੇ ਲੈਬ ਟੈਸਟ ਘੱਟ ਰੇਟਾਂ ’ਤੇ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸੀ.ਟੀ. ਸਕੈਨ ਬਰੇਨ, ਜੋ ਕਿ ਮਾਰਕੀਟ ਵਿਚ 3000 ਤੋਂ 3500 ਰੁਪਏ ਦੇ ਕਰੀਬ ਹੈ, ਉਹ ਸਕੈਨ ਇਥੇ 485 ਰੁਪਏ ਵਿਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੀ ਪਹਿਲਕਦਮੀ, ਹੁਣ ਪਰਿਵਾਰ ਨਾਲ ਬੈਠ ਕੇ ਦਿਲ ਦੀਆਂ ਗੱਲਾਂ ਸਾਂਝੀਆਂ ਕਰ ਸਕਣਗੇ ਕੈਦੀ
ਵਿਟਾਮਿਨ-ਡੀ ਦਾ ਟੈਸਟ, ਜੋ ਕਿ ਮਾਰਕੀਟ ਵਿਚ 1200-1300 ਰੁਪਏ ਵਿਚ ਕੀਤਾ ਜਾਂਦਾ ਹੈ, ਉਹ ਟੈਸਟ ਇਥੇ ਸਿਰਫ 290 ਰੁਪਏ ਵਿਚ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਬਾਕੀ ਸਕੈਨ ਅਤੇ ਲੈਬ ਟੈਸਟ ਵੀ ਇਥੇ ਬਹੁਤ ਘੱਟ ਰੇਟਾਂ ਵਿਚ ਮੁਹੱਈਆ ਕਰਵਾਏ ਜਾਂਦੇ ਹਨ। ਇਸ ਸਬੰਧੀ ਰੇਟ ਲਿਸਟ ਨੂੰ ਡਾਇਗੋਨਾਸਟਿਕ ਸੈਂਟਰ ਦੇ ਬਾਹਰ ਡਿਸਪਲੇਅ ਕਰ ਦਿੱਤਾ ਗਿਆ ਹੈ। ਜਿੰਪਾ ਨੇ ਕਿਹਾ ਕਿ ਇਸੇ ਤਰ੍ਹਾਂ ਸ਼ਹਿਰ ਵਿਚ ਅੰਤਰ-ਰਾਸ਼ਟਰੀ ਪੱਧਰ ’ਤੇ ਬਣਾਈਆਂ ਗਈਆਂ ਆਮ ਆਦਮੀ ਕਲੀਨਿਕਾਂ ਵੀ ਆਮ ਜਨਤਾ ਲਈ ਕਾਫੀ ਉਪਯੋਗੀ ਸਾਬਤ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਸ਼ਹਿਰ ਵਿਚ ਖੋਲ੍ਹੀਆਂ ਗਈਆਂ 4 ਆਮ ਆਦਮੀ ਕਲੀਨਿਕਾਂ ਵਿਚ 15 ਅਗਸਤ ਤੋਂ ਲੈ ਕੇ ਹੁਣ ਤੱਕ 6778 ਮਰੀਜ਼ਾਂ ਦੀ ਓ.ਪੀ.ਡੀ. ਕੀਤੀ ਗਈ ਹੈ ਅਤੇ 630 ਮਰੀਜ਼ਾਂ ਦੇ ਲੈਬ ਟੈਸਟ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਲੋਕਾਂ ਨੂੰ ਹੋਰ ਬਿਹਤਰ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਉਹ ਖੁਦ ਸਮੇਂ-ਸਮੇਂ ’ਤੇ ਸਿਹਤ ਕੇਂਦਰਾਂ ਦਾ ਅਚਨਚੇਤੀ ਨਿਰੀਖਣ ਕਰਦੇ ਰਹਿਣਗੇ ਅਤੇ ਜੋ ਵੀ ਕਮੀਆਂ ਹੋਣਗੀਆਂ, ਉਨ੍ਹਾਂ ਨੂੰ ਦੂਰ ਕੀਤਾ ਜਾਵੇਗਾ।