ਤੁਲਸੀ ਅਤੇ ਅਦਰਕ ਸਣੇ ਇਹ ਘਰੇਲੂ ਨੁਸਖ਼ੇ ਦਿਵਾਉਣਗੇ ''ਛਾਤੀ ਦੀ ਜਲਨ'' ਤੋਂ ਰਾਹਤ
Wednesday, Oct 27, 2021 - 05:53 PM (IST)
ਨਵੀਂ ਦਿੱਲੀ— ਬਦਲਦੇ ਲਾਈਫ ਸਟਾਈਲ 'ਚ ਸਾਡੇ ਰਹਿਣ-ਸਹਿਣ ਦੇ ਨਾਲ ਖਾਣ-ਪੀਣ ਦੀਆਂ ਆਦਤਾਂ 'ਚ ਵੀ ਕਾਫੀ ਬਦਲਾਅ ਆਇਆ ਹੈ। ਲੋਕ ਪੌਸ਼ਟਿਕ ਖਾਣੇ ਤੋਂ ਜ਼ਿਆਦਾ ਮਸਾਲੇਦਾਰ ਭੋਜਨ ਨੂੰ ਅਹਿਮੀਅਤ ਦੇ ਰਹੇ ਹਨ, ਜਿਸ ਵਜ੍ਹਾ ਨਾਲ ਛਾਤੀ 'ਚ ਜਲਣ ਰਹਿਣਾ ਆਮ ਸਮੱਸਿਆ ਹੋ ਗਈ ਹੈ। ਇਹ ਸਮੱਸਿਆ ਢਿੱਡ 'ਚ ਬਣਨ ਵਾਲੇ ਐਸਿਡ ਦੀ ਵਜ੍ਹਾ ਨਾਲ ਪੈਦਾ ਹੁੰਦੀ ਹੈ। ਛਾਤੀ 'ਚ ਜਲਣ ਦੀ ਸਮੱਸਿਆ ਜ਼ਿਆਦਾਤਰ ਗਰਮੀਆਂ 'ਚ ਦੇਖੀ ਜਾਂਦੀ ਹੈ, ਜੋ ਕਾਫੀ ਪ੍ਰੇਸ਼ਾਨ ਕਰਦੀ ਹੈ। ਜਦੋਂ ਇਹ ਪ੍ਰੇਸ਼ਾਨੀ ਵਧ ਜਾਂਦੀ ਹੈ ਤਾਂ ਛਾਤੀ 'ਚ ਦਰਦ, ਜਕੜਣ ਅਤੇ ਬੇਚੈਨੀ ਹੋਣ ਲੱਗਦੀ ਹੈ। ਕਦੇ-ਕਦੇ ਸਮੱਸਿਆ ਇੰਨੀ ਵਧ ਜਾਂਦੀ ਹੈ ਕਿ ਡਾਕਟਰ ਦੀ ਸਲਾਹ ਲੈਣੀ ਪੈਂਦੀ ਹੈ। ਇਸ ਤੋਂ ਇਲਾਵਾ ਕੁਝ ਘਰੇਲੂ ਨੁਸਖ਼ਿਆਂ ਦੀ ਵਰਤੋਂ ਕਰ ਕੇ ਵੀ ਛਾਤੀ ਦੀ ਜਲਣ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
1. ਪਾਣੀ ਪੀਓ
1 ਗਲਾਸ ਪਾਣੀ 'ਚ 2 ਚਮਚੇ ਸ਼ਹਿਦ ਅਤੇ 2 ਚਮਚੇ ਸੇਬ ਦਾ ਸਿਰਕਾ ਮਿਲਾ ਕੇ ਰੋਜ਼ਾਨਾ ਪੀਓ। ਇਸ ਤੋਂ ਇਲਾਵਾ ਛਾਤੀ ਦੀ ਜਲਣ ਦੌਰਾਨ ਇਕ ਗਲਾਸ ਪਾਣੀ ਪੀ ਲੈਣ ਨਾਲ ਵੀ ਐਸਿਡ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ ਅਤੇ ਜਲਣ ਘੱਟ ਹੁੰਦੀ ਹੈ।
2. ਬੇਕਿੰਗ ਸੋਡਾ
ਬੇਕਿੰਗ ਸੋਡੇ ਦੀ ਮਦਦ ਨਾਲ ਵੀ ਛਾਤੀ ਦੀ ਜਲਣ ਤੋਂ ਰਾਹਤ ਪਾਈ ਜਾ ਸਕਦੀ ਹੈ। ਅੱਧੇ ਗਲਾਸ ਕੋਸੇ ਪਾਣੀ 'ਚ ਅੱਧਾ ਚਮਚਾ ਬੇਕਿੰਗ ਸੋਡਾ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਕਾਫੀ ਫਾਇਦਾ ਮਿਲਦਾ ਹੈ।
3. ਨਿੰਬੂ ਪਾਣੀ
ਨਿੰਬੂ 'ਚ ਐਸਿਟਿਕ ਐਸਿਡ ਹੁੰਦਾ ਹੈ ਜੋ ਛਾਤੀ ਦੀ ਜਲਣ ਤੋਂ ਰਾਹਤ ਦਿਵਾਉਂਦਾ ਹੈ। ਰੋਜ਼ਾਨਾ ਨਿੰਬੂ ਪਾਣੀ ਪੀਓ। ਇਸ ਨਾਲ ਨਾ ਸਿਰਫ ਛਾਤੀ ਦੀ ਜਲਣ ਦੂਰ ਹੁੰਦੀ ਹੈ ਸਗੋਂ ਢਿੱਡ 'ਚ ਬਣਨ ਵਾਲੀ ਗੈਸ ਦੀ ਸਮੱਸਿਆ ਵੀ ਦੂਰ ਹੁੰਦੀ ਹੈ।
4. ਅਦਰਕ
ਅਦਰਕ ਵੀ ਕਾਫੀ ਕਾਰਗਾਰ ਨੁਸਖ਼ਾ ਹੈ। ਇਸ ਲਈ ਛਾਤੀ 'ਚ ਜਲਣ ਹੋਣ 'ਤੇ ਖਾਣਾ ਖਾਣ ਦੇ ਬਾਅਦ ਅਦਰਕ ਨੂੰ ਚਬਾ ਕੇ ਖਾਓ ਜਾਂ ਫਿਰ ਅਦਰਕ ਦੀ ਚਾਹ ਬਣਾ ਕੇ ਪੀਓ। ਇਸ ਨਾਲ ਕਾਫੀ ਰਾਹਤ ਮਿਲੇਗੀ।
5. ਤੁਲਸੀ
ਤੁਲਸੀ 'ਚ ਕਈ ਕੁਦਰਤੀ ਗੁਣ ਹੁੰਦੇ ਹਨ, ਜਿਸ ਦੀ ਵਰਤੋਂ ਕਈ ਬੀਮਾਰੀਆਂ ਨੂੰ ਚੁਟਕੀਆਂ 'ਚ ਦੂਰ ਕਰ ਦਿੰਦੀ ਹੈ। ਉੱਥੇ ਹੀ ਜੇ ਛਾਤੀ 'ਚ ਜਲਣ ਹੋ ਰਹੀ ਹੈ ਤਾਂ ਸਵੇਰੇ ਉਠ ਕੇ ਤੁਲਸੀ ਦੇ ਕੁਝ ਪੱਤਿਆਂ ਨੂੰ ਚਬਾਓ। ਇਸ ਨਾਲ ਢਿੱਡ ਠੰਡਾ ਰਹਿੰਦਾ ਹੈ ਅਤੇ ਜਲਣ ਤੋਂ ਵੀ ਰਾਹਤ ਮਿਲਦੀ ਹੈ।