Woman Health Care: ਕੀ ਹੈ ਸਰਵਾਈਕਲ ਕੈਂਸਰ? ਜਾਣੋ ਕਿੰਝ ਕਰੀਏ ਇਸ ਤੋਂ ਬਚਾਅ
Friday, Apr 16, 2021 - 11:09 AM (IST)
ਜਲੰਧਰ- ਕੈਂਸਰ ਇਕ ਅਜਿਹੀ ਬੀਮਾਰੀ ਹੈ ਜਿਸ ਦਾ ਨਾਂ ਸੁਣਦੇ ਹੀ ਲੋਕ ਡਰ ਜਾਂਦੇ ਹਨ। ਕੈਂਸਰ ਦੇ ਕਈ ਪ੍ਰਕਾਰ ਹਨ। ਇੱਥੇ ਅਸੀਂ ਤੁਹਾਨੂੰ ਸਿਰਫ ਸਰਵਾਈਕਲ ਕੈਂਸਰ ਬਾਰੇ ਦੱਸਾਂਗੇ। ਦਰਅਸਲ, ਭਾਰਤ ’ਚ ਹਾਰਟ ਅਟੈਕ ਤੋਂ ਬਾਅਦ ਔਰਤਾਂ ਦੀਆਂ ਸਭ ਤੋਂ ਵੱਧ ਮੌਤਾਂ ਕੈਂਸਰ ਨਾਲ ਹੋਈਆਂ ਹਨ, ਜਿਸ ’ਚ ਸਭ ਤੋਂ ਪ੍ਰਮੁੱਖ ਸਰਵਾਈਕਲ ਕੈਂਸਰ ਵੀ ਹੈ। ਇਸ ਨੂੰ ਬੱਚੇਦਾਨੀ ਦਾ ਕੈਂਸਰ ਵੀ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ-Beauty Tips : ਇਸ ਕੁਦਰਤੀ ਤਰੀਕੇ ਨਾਲ ਹਟਾਓ ਚਿਹਰੇ ’ਤੋਂ ਅਣਚਾਹੇ ਵਾਲ਼
ਕੈਂਸਰ ਦੇ ਕਾਰਨ
ਸਰਵਾਈਕਲ ਕੈਂਸਰ ਦੇ ਕਈ ਕਾਰਨ ਹੋ ਸਕਦੇ ਹਨ ਜਿਨ੍ਹਾਂ ’ਚੋਂ ਹੇਠਾਂ ਲਿਖੇ ਕਾਰਨ ਪ੍ਰਮੁੱਖ ਮੰਨੇ ਜਾਂਦੇ ਹਨ-
ਸਰੀਰ ’ਚ ਹਿਊਮਨ ਪੈਪਲੋਮਾ ਵਾਇਰਸ (ਐੱਚ. ਪੀ. ਵੀ.) ਦਾ ਪੈਦਾ ਹੋਣਾ ਅਤੇ ਜ਼ਿਆਦਾ ਵਧ ਜਾਣਾ।
ਬੱਚੇਦਾਨੀ ਵਿਚ ਕੋਸ਼ਿਕਾਵਾਂ ਦਾ ਅਨਿਯਮਿਤ ਵਾਧਾ।
ਇਕ ਤੋਂ ਵੱਧ ਪਾਰਟਨਰਸ ਨਾਲ ਅਸੁਰੱਖਿਅਤ ਯੌਨ ਸਬੰਧ।
20 ਸਾਲ ਦੀ ਉਮਰ ਤੋਂ ਪਹਿਲਾਂ ਸੈਕਸੁਅਲੀ ਐਕਟਿਵ ਹੋਣਾ।
ਗਰਭ-ਨਿਰੋਧਕ ਦਵਾਈਆਂ ਦੀ ਵੱਧ ਵਰਤੋਂ।
ਪੀਰੀਅਡਜ਼ ਨਾਲ ਸਬੰਧਤ ਸਵੱਛਤਾ ਦੀ ਘਾਟ।
ਵਾਰ-ਵਾਰ ਪ੍ਰੈਗਨੈਂਟ ਹੋਣਾ।
ਵੱਧ ਸਿਗਰਟ ਪੀਣਾ।
ਭਾਰਤ ਅਤੇ ਚੀਨ ’ਚ ਵੱਧ ਮਾਮਲੇ
ਇਕ ਰਿਪੋਰਟ ਮੁਤਾਬਕ ਦੇਸ਼ ’ਚ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ’ਚ 11.1 ਫੀਸਦੀ ਦਾ ਕਾਰਨ ਸਰਵਾਈਕਲ ਕੈਂਸਰ ਹੈ। 2018 ਦੀ ਇਕ ਰਿਪੋਰਟ ਅਨੁਸਾਰ ਪੂਰੀ ਦੁਨੀਆ ’ਚ ਜਿੰਨੇ ਸਰਵਾਈਕਲ ਕੈਂਸਰ ਦੇ ਮਾਮਲੇ ਸਾਹਮਣੇ ਆਏ, ਉਨ੍ਹਾਂ ’ਚ ਇਕ ਤਿਹਾਈ ਸਿਰਫ ਭਾਰਤ ਅਤੇ ਚੀਨ ਤੋਂ ਮਿਲੇ ਹਨ।
ਇਹ ਵੀ ਪੜ੍ਹੋ-ਭਾਰ ਘਟਾਉਣ ਅਤੇ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਦੈ ਚੁਕੰਦਰ ਦਾ ਜੂਸ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ
ਸਰਵਾਈਕਲ ਕੈਂਸਰ ਦੇ ਲੱਛਣ
ਹਾਲਾਂਕਿ ਸ਼ੁਰੂਆਤੀ ਪੱਧਰ ’ਤੇ ਸਰਵਾਈਕਲ ਕੈਂਸਰ ਦਾ ਪਤਾ ਨਹੀਂ ਲੱਗਦਾ ਪਰ ਕੁਝ ਖਾਸ ਸਰੀਰਕ ਸੰਕੇਤਾਂ ਰਾਹੀਂ ਇਸ ਨੂੰ ਪਛਾਣਿਆ ਜਾ ਸਕਦਾ ਹੈ।
ਪੀਰੀਅਡਜ਼ ਦੌਰਾਨ ਵੱਧ ਬਲੀਡਿੰਗ ਅਤੇ ਦਰਦ। ਪੀਰੀਅਡਜ਼ ਦਾ ਵੱਧ ਸਮੇਂ ਤਕ ਰਹਿਣਾ।
ਵੇਜਾਇਨਾ ’ਚ ਵ੍ਹਾਈਟ ਡਿਸਚਾਰਜ ਹੋਣਾ ਅਤੇ ਬਦਬੂ ਆਉਣਾ।
ਯੌਨ ਸਬੰਧ ਬਣਾਉਣ ਦੌਰਾਨ ਵੱਧ ਦਰਦ ਹੋਣੀ।
ਪੇਸ਼ਾਬ ਦੌਰਾਨ ਦਰਦ ਤੇ ਜਲਨ।
ਕੀ ਹੈ ਇਲਾਜ ਅਤੇ ਸਾਵਧਾਨੀਆਂ
ਇਲਾਜ ਦੀਆਂ ਕਈ ਕਿਸਮਾਂ ਹਨ। ਤੁਹਾਨੂੰ ਕੋਈ ਲੱਛਣ ਦਿਖੇ ਤਾਂ ਸਭ ਤੋਂ ਪਹਿਲਾਂ ਸਕ੍ਰੀਨਿੰਗ ਕਰਵਾਓ। ਬਾਇਓਪਸੀ, ਸੀਟੀ ਸਕੈਨ ਅਤੇ ਪੇਟ ਸਕੈਨ ਕਰਵਾ ਸਕਦੇ ਹੋ। ਫਿਰ ਡਾਕਟਰ ਦੀ ਸਲਾਹ ਨਾਲ ਅੱਗੇ ਦਾ ਇਲਾਜ ਕਰਵਾ ਸਕਦੇ ਹੋ। ਇਲਾਜ ਇਸ ਦੀ ਸਟੇਜ ’ਤੇ ਨਿਰਭਰ ਕਰੇਗਾ। ਇਲਾਜ ਰੇਡੀਓਥੈਰੇਪੀ, ਸਰਜਰੀ ਅਤੇ ਕੀਮੋਥੈਰੇਪੀ ਨਾਲ ਹੋ ਸਕਦਾ ਹੈ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।