ਤੁਹਾਡੀ ਰਸੋਈ ''ਚ ਲੁਕਿਆ ਹੈ ਕੈਂਸਰ ਨਾਲ ਲੜਨ ਦਾ ਰਾਜ਼, ਅਪਣਾਓ ਇਹ ''ਐਂਟੀ-ਕੈਂਸਰ ਡਾਈਟ''
Thursday, Feb 05, 2026 - 10:15 AM (IST)
ਹੈਲਥ ਡੈਸਕ - ਦੁਨੀਆ ਭਰ 'ਚ 4 ਫਰਵਰੀ ਨੂੰ 'ਵਿਸ਼ਵ ਕੈਂਸਰ ਦਿਵਸ' ਵਜੋਂ ਮਨਾਇਆ ਜਾਂਦਾ ਹੈ, ਜਿਸ ਦਾ ਮੁੱਖ ਉਦੇਸ਼ ਲੋਕਾਂ ਨੂੰ ਇਸ ਜਾਨਲੇਵਾ ਬਿਮਾਰੀ ਪ੍ਰਤੀ ਜਾਗਰੂਕ ਕਰਨਾ ਹੈ। ਮੈਡੀਕਲ ਖੋਜਾਂ ਮੁਤਾਬਕ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦਾ ਇਕ ਵੱਡਾ ਹਿੱਸਾ ਸਾਡੀ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਗਲਤ ਆਦਤਾਂ ਨਾਲ ਜੁੜਿਆ ਹੋਇਆ ਹੈ। ਜੇਕਰ ਅਸੀਂ ਆਪਣੀ ਖੁਰਾਕ 'ਚ ਕੁਝ ਖਾਸ ਬਦਲਾਅ ਕਰੀਏ, ਤਾਂ ਇਸ ਬਿਮਾਰੀ ਦੇ ਖਤਰੇ ਨੂੰ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ।
ਪਲਾਂਟ-ਬੇਸਡ ਖੁਰਾਕ ਹੈ ਸਭ ਤੋਂ ਵੱਡਾ ਹਥਿਆਰ
ਮਾਹਿਰਾਂ ਦੀ ਮੰਨੀਏ ਤਾਂ ਪੌਦਿਆਂ ਤੋਂ ਮਿਲਣ ਵਾਲਾ ਭੋਜਨ ਕੈਂਸਰ ਵਿਰੁੱਧ ਲੜਨ 'ਚ ਬਹੁਤ ਸਹਾਇਕ ਹੁੰਦਾ ਹੈ। ਅਜਿਹੀ ਖੁਰਾਕ 'ਚ ਫਾਈਬਰ ਦੀ ਮਾਤਰਾ ਜ਼ਿਆਦਾ ਅਤੇ ਫੈਟ ਘੱਟ ਹੁੰਦੀ ਹੈ, ਜੋ ਸਰੀਰ ਦੇ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦੀ ਹੈ। ਕੋਸ਼ਿਸ਼ ਕਰੋ ਕਿ ਤੁਹਾਡੀ ਥਾਲੀ ਦਾ ਦੋ-ਤਿਹਾਈ ਹਿੱਸਾ ਸਾਬਤ ਅਨਾਜ, ਸਬਜ਼ੀਆਂ, ਫਲੀਆਂ ਅਤੇ ਫਲਾਂ ਨਾਲ ਭਰਿਆ ਹੋਵੇ।
ਫਾਈਬਰ ਦੀ ਮਾਤਰਾ ਵਧਾਓ
ਫਾਈਬਰ ਸਾਡੇ ਪਾਚਨ ਤੰਤਰ ਨੂੰ ਸਾਫ਼ ਰੱਖਦਾ ਹੈ ਅਤੇ ਸਰੀਰ 'ਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ 'ਚ ਮਦਦ ਕਰਦਾ ਹੈ। ਚਿੱਟੇ ਚੌਲਾਂ ਦੀ ਜਗ੍ਹਾ ਬ੍ਰਾਊਨ ਰਾਈਸ ਅਤੇ ਸਫੇਦ ਬਰੈੱਡ ਦੀ ਜਗ੍ਹਾ ਹੋਲ-ਗ੍ਰੇਨ ਬਰੈੱਡ ਦੀ ਵਰਤੋਂ ਕਰਨਾ ਫਾਇਦੇਮੰਦ ਹੈ। ਇਸ ਤੋਂ ਇਲਾਵਾ ਫਲ ਅਤੇ ਸਬਜ਼ੀਆਂ ਨੂੰ ਛਿਲਕੇ ਸਮੇਤ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।
ਮਾਸਾਹਾਰੀ ਅਤੇ ਫੈਟ ਵਾਲੇ ਭੋਜਨ ਤੋਂ ਪਰਹੇਜ਼
ਖੋਜ ਦੱਸਦੀ ਹੈ ਕਿ ਜੋ ਲੋਕ ਮਾਸਾਹਾਰੀ ਭੋਜਨ ਦਾ ਸੇਵਨ ਨਹੀਂ ਕਰਦੇ, ਉਨ੍ਹਾਂ 'ਚ ਕੈਂਸਰ ਦਾ ਖਤਰਾ 50 ਫੀਸਦੀ ਤੱਕ ਘੱਟ ਹੁੰਦਾ ਹੈ। ਮਾਸ 'ਚ ਫਾਈਬਰ ਦੀ ਕਮੀ ਅਤੇ ਸੈਚੁਰੇਟਿਡ ਫੈਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਖਤਰਨਾਕ ਹੋ ਸਕਦੀ ਹੈ। ਮੱਖਣ ਜਾਂ ਡਾਲਡਾ ਵਰਗੇ ਟ੍ਰਾਂਸ ਫੈਟ ਦੀ ਬਜਾਏ ਜੈਤੂਨ ਦੇ ਤੇਲ ਦੀ ਵਰਤੋਂ ਕਰੋ ਅਤੇ ਓਮੇਗਾ-3 ਲਈ ਅਖਰੋਟ ਅਤੇ ਅਲਸੀ ਦੇ ਬੀਜਾਂ ਨੂੰ ਖੁਰਾਕ 'ਚ ਸ਼ਾਮਲ ਕਰੋ।
ਰਸੋਈ ਦੇ ਮਸਾਲੇ ਅਤੇ ਰੰਗੀਨ ਸਬਜ਼ੀਆਂ
ਤੁਹਾਡੀ ਪਲੇਟ ਜਿੰਨੀ ਰੰਗੀਨ ਹੋਵੇਗੀ, ਤੁਸੀਂ ਉਨੇ ਹੀ ਸੁਰੱਖਿਅਤ ਰਹੋਗੇ। ਰੰਗੀਨ ਫਲਾਂ ਅਤੇ ਸਬਜ਼ੀਆਂ 'ਚ ਐਂਟੀ-ਆਕਸੀਡੈਂਟਸ ਹੁੰਦੇ ਹਨ ਜੋ ਸੈੱਲਾਂ ਨੂੰ ਨੁਕਸਾਨ ਤੋਂ ਬਚਾਉਂਦੇ ਹਨ। ਸਾਡੀ ਰਸੋਈ 'ਚ ਮੌਜੂਦ ਹਲਦੀ, ਅਦਰਕ, ਲਸਣ ਅਤੇ ਕੜੀ ਪਾਊਡਰ ਵਰਗੇ ਮਸਾਲੇ ਨਾ ਸਿਰਫ ਸਵਾਦ ਵਧਾਉਂਦੇ ਹਨ, ਸਗੋਂ ਕੈਂਸਰ ਸੈੱਲਾਂ ਨਾਲ ਲੜਨ ਦੀ ਸ਼ਕਤੀ ਵੀ ਰੱਖਦੇ ਹਨ।
ਖਾਣਾ ਪਕਾਉਣ ਦਾ ਸਹੀ ਤਰੀਕਾ
ਸਿਰਫ ਸਹੀ ਭੋਜਨ ਹੀ ਨਹੀਂ, ਸਗੋਂ ਉਸ ਨੂੰ ਪਕਾਉਣ ਦਾ ਤਰੀਕਾ ਵੀ ਅਹਿਮ ਹੈ। ਸਬਜ਼ੀਆਂ ਨੂੰ ਜ਼ਿਆਦਾ ਉਬਾਲਣ ਨਾਲ ਉਨ੍ਹਾਂ ਦੇ ਵਿਟਾਮਿਨ ਖਤਮ ਹੋ ਜਾਂਦੇ ਹਨ, ਇਸ ਲਈ ਉਨ੍ਹਾਂ ਨੂੰ ਹਲਕਾ 'ਸਟੀਮ' (ਭਾਫ਼) ਕਰਨਾ ਸਭ ਤੋਂ ਵਧੀਆ ਹੈ। ਮਾਸਾਹਾਰੀ ਭੋਜਨ ਨੂੰ ਸਿੱਧੀ ਅੱਗ 'ਤੇ ਭੁੰਨਣ ਜਾਂ ਤਲਣ ਦੀ ਬਜਾਏ ਬੇਕਿੰਗ ਜਾਂ ਬੋਆਇਲਿੰਗ (ਉਬਾਲਣਾ) ਵਰਗੇ ਤਰੀਕਿਆਂ ਨਾਲ ਪਕਾਉਣਾ ਸਿਹਤਮੰਦ ਹੁੰਦਾ ਹੈ।
