ਖਾਣ ਤੋਂ ਬਾਅਦ 10 ਮਿੰਟ ਸੈਰ ਕਰੋ, ਸ਼ੂਗਰ ’ਤੇ ਲੱਗੇਗੀ ਲਗਾਮ

Monday, Oct 19, 2026 - 04:59 PM (IST)

ਖਾਣ ਤੋਂ ਬਾਅਦ 10 ਮਿੰਟ ਸੈਰ ਕਰੋ, ਸ਼ੂਗਰ ’ਤੇ ਲੱਗੇਗੀ ਲਗਾਮ

ਨਵੀਂ ਦਿੱਲੀ - ਖਾਣਾ ਖਾਣ ਤੋਂ ਬਾਅਦ ਤੁਰੰਤ ਸੋਫੇ ’ਤੇ ਬੈਠਣ ਜਾਂ ਬਿਸਤਰ ’ਚ ਲੇਟਣ ਦੀ ਬਜਾਏ 10-15 ਮਿੰਟ ਸੈਰ ਕਰਨਾ ਬਲੱਡ ਸ਼ੂਗਰ ਨੂੰ ਕੰਟਰੋਲ ਰੱਖਣ ’ਚ ਮਦਦਗਾਰ ਹੋ ਸਕਦਾ ਹੈ। ਮਾਹਿਰਾਂ ਦੇ ਮੁਤਾਬਕ, ਚੱਲਣ ਦੌਰਾਨ ਮਾਸਪੇਸ਼ੀਆਂ ਖੂਨ ’ਚ ਮੌਜੂਦ ਗਲੂਕੋਜ਼ ਦੀ ਵਰਤੋਂ ਊਰਜਾ ਲਈ ਕਰਦੀਆਂ ਹਨ, ਜਿਸ ਨਾਲ ਭੋਜਨ ਤੋਂ ਬਾਅਦ ਸ਼ੂਗਰ ਦਾ ਪੱਧਰ ਤੇਜ਼ੀ ਨਾਲ ਵਧਣ ’ਤੇ ਠੱਲ੍ਹ ਪਾਉਣ ’ਚ ਮਦਦ ਮਿਲਦੀ ਹੈ। ਹਾਲਾਂਕਿ, ਸਿਰਫ ਭੋਜਨ ਤੋਂ ਬਾਅਦ ਥੋੜ੍ਹੀ ਦੇਰ ਸੈਰ ਕਰਨਾ ਕਾਫ਼ੀ ਨਹੀਂ ਹੈ। ਸ਼ੂਗਰ ਤੋਂ ਬਚਾਅ ਅਤੇ ਲੰਬੇ ਸਮੇਂ ਤੱਕ ਬਲੱਡ ਸ਼ੂਗਰ ਕੰਟਰੋਲ ਰੱਖਣ ਲਈ ਨਿਯਮਿਤ ਸਰੀਰਕ ਗਤੀਵਿਧੀ ਬੇਹੱਦ ਜ਼ਰੂਰੀ ਹੈ।

ਏਮਜ਼ ਦਿੱਲੀ ਦੇ ਐਂਡੋਕ੍ਰਾਈਨੋਲੋਜਿਸਟ ਪ੍ਰੋ. ਡਾ. ਰਾਜੇਸ਼ ਖੜਗਾਵਤ ਅਨੁਸਾਰ, ਭੋਜਨ ਤੋਂ ਬਾਅਦ ਲੱਗਭਗ 30 ਤੋਂ 90 ਮਿੰਟ ਦੌਰਾਨ ਬਲੱਡ ਸ਼ੂਗਰ ਵਧ ਸਕਦੀ ਹੈ। ਅਜਿਹੇ ’ਚ ਖਾਣ ਦੇ 10-15 ਮਿੰਟ ਬਾਅਦ ਹਲਕੀ ਸੈਰ ਜਾਂ ਆਰਾਮਦਾਇਕ ਗਤੀ ਨਾਲ ਚੱਲਣਾ ਇਸ ਵਾਧੇ ਨੂੰ ਸੀਮਤ ਕਰਨ ’ਚ ਮਦਦ ਕਰ ਸਕਦਾ ਹੈ। ਇਹ ਖਾਸ ਤੌਰ ’ਤੇ ਉਨ੍ਹਾਂ ਲੋਕਾਂ ਲਈ ਲਾਹੇਵੰਦ ਹੈ, ਜਿਨ੍ਹਾਂ ਦੀ ਸ਼ੂਗਰ ਭੋਜਨ ਤੋਂ ਬਾਅਦ ਵਧ ਜਾਂਦੀ ਹੈ। ਉੱਥੇ ਹੀ, ਨਿਯਮਿਤ ਸੈਰ ਬਲੱਡ ਸ਼ੂਗਰ ਕੰਟਰੋਲ ਦੇ ਨਾਲ ਸ਼ੂਗਰ ਦੀਆਂ ਪੇਚੀਦਗੀਆਂ ਅਤੇ ਦਿਲ ਦੇ ਰੋਗਾਂ ਦਾ ਜੋਖਮ ਘਟਾਉਣ ’ਚ ਵੀ ਮਦਦ ਕਰ ਸਕਦੀ ਹੈ।

ਸਵੇਰੇ-ਸ਼ਾਮ ਦੀ ਸੈਰ ਵੀ ਜ਼ਰੂਰੀ

ਪ੍ਰੋ. ਖੜਗਾਵਤ ਦੇ ਮੁਤਾਬਕ, ਸ਼ੂਗਰ ਨੂੰ ਰੋਕਣ ਅਤੇ ਬਲੱਡ ਸ਼ੂਗਰ ਨੂੰ ਲੰਬੇ ਸਮੇਂ ਤੱਕ ਕੰਟਰੋਲ ਰੱਖਣ ਲਈ ਰੋਜ਼ਾਨਾ 30-45 ਮਿੰਟ ਸਵੇਰੇ ਅਤੇ 30-45 ਮਿੰਟ ਸ਼ਾਮ ਦੀ ਸੈਰ ਲਾਹੇਵੰਦ ਹੋ ਸਕਦੀ ਹੈ। ਨਿਯਮਿਤ ਸਰੀਰਕ ਗਤੀਵਿਧੀ ਸਰੀਰ ਦੀ ਇੰਸੁਲਿਨ ਸੰਵੇਦਨਸ਼ੀਲਤਾ ਬਿਹਤਰ ਕਰਦੀ ਹੈ ਅਤੇ ਬਲੱਡ ਗਲੂਕੋਜ਼ ਕੰਟਰੋਲ ’ਚ ਮਦਦ ਕਰਦੀ ਹੈ। ਇਸ ਨਾਲ ਸ਼ੂਗਰ ਦੀਆਂ ਪੇਚੀਦਗੀਆਂ ਦੇ ਨਾਲ-ਨਾਲ ਦਿਲ ਦੇ ਰੋਗ ਵਰਗੀਆਂ ਹੋਰ ਬੀਮਾਰੀਆਂ ਦੇ ਜੋਖਮ ਨੂੰ ਘੱਟ ਕਰਨ ’ਚ ਵੀ ਮਦਦ ਮਿਲ ਸਕਦੀ ਹੈ।

ਭੋਜਨ ਤੋਂ ਪਹਿਲਾਂ ਵੀ ਸੈਰ ਲਾਹੇਵੰਦ

ਸੈਰ ਕਰਨ ਦਾ ਸਮਾਂ ਵਿਅਕਤੀ ਦੀ ਸਥਿਤੀ ’ਤੇ ਨਿਰਭਰ ਕਰਦਾ ਹੈ। ਭੋਜਨ ਤੋਂ ਪਹਿਲਾਂ ਕੀਤੀ ਗਈ ਸੈਰ ਵੀ ਲਾਹੇਵੰਦ ਹੈ। ਹਾਲਾਂਕਿ, ਜੇਕਰ ਵਿਅਕਤੀ ਨੂੰ ਦਿਲ ਨਾਲ ਸਬੰਧਤ ਕੋਈ ਖਤਰਾ ਨਹੀਂ ਹੈ ਤਾਂ ਭੋਜਨ ਤੋਂ ਬਾਅਦ ਵੀ ਸੈਰ ਕੀਤੀ ਜਾ ਸਕਦੀ ਹੈ। ਖਾਣ ਤੋਂ ਤੁਰੰਤ ਬਾਅਦ ਬਹੁਤ ਭਾਰੀ ਕਸਰਤ ਕਰਨ ਤੋਂ ਬਚਣਾ ਚਾਹੀਦਾ ਹੈ।


author

cherry

Content Editor

Related News