ਚੰਗੀ ਨੀਂਦ ਲੈਣ ਲਈ ਇਨ੍ਹਾਂ ਘਰੇਲੂ ਨੁਸਖਿਆਂ ਦੀ ਕਰੋ ਵਰਤੋਂ

08/19/2019 5:56:00 PM

ਜਲੰਧਰ - ਰਾਤ ਦੇ ਸਮੇਂ ਚੰਗੀ ਨੀਂਦ ਲੈਣਾ ਸਾਡੇ ਸਾਰਿਆਂ ਦੇ ਲਈ ਬਹੁਤ ਜਰੂਰੀ ਹੈ ਤਾਂਕਿ ਸਾਡੀ ਸਿਹਤ ਦਿਮਾਗੀ ਤੌਰ 'ਤੇ ਤੰਦਰੁਸਤ ਰਹਿ ਸਕੇ। ਲੋੜੀਦੀ ਨੀਂਦ ਨਾ ਲੈਣ ਕਾਰਨ ਅਗਲੀ ਸਵੇਰ ਵੀ ਸੁਸਤੀ, ਥਕਾਵਟ ਅਤੇ ਚਿੜਚਿੜੇਪਨ 'ਚੋਂ ਲੰਘਦੀ ਹੈ, ਜਿਸ ਕਾਰਨ ਤੁਹਾਡੇ ਚਿਹਰੇ ਦਾ ਨੂਰ ਕਿਤੇ ਗੁਆਚ ਜਾਂਦਾ ਹੈ। ਜੇਕਰ ਤੁਸੀਂ ਵੀ ਲਗਾਤਾਰ ਨੀਂਦ ਨਾ ਆਉਣ ਦੀ ਕਿਸੇ ਸਮੱਸਿਆ 'ਚੋਂ ਲੰਘ ਰਹੇ ਹੋ ਤਾਂ ਆਪਣੀ ਰੋਜ਼ਾਨਾਂ ਰੁਟੀਨ 'ਚ ਕੁਝ ਬਦਲਾਅ ਜਰੂਰ ਲਿਆਓ। ਚੰਗੀ ਨੀਂਦ ਦੇ ਸਬੰਧ 'ਚ ਅੱਜ ਅਸੀਂ ਕੁਝ ਜਰੂਰੀ ਨੁਸਖੇ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ, ਜਿੰਨਾ ਨੂੰ ਅਪਨਾਉਣ ਨਾਲ ਤੁਸੀ ਚੰਗੀ ਨੀਂਦ ਲੈ ਸਕਦੇ ਹੋ ਅਤੇ ਦਿਨ ਭਰ ਦੇ ਕੰਮਾ ਨੂੰ ਪੂਰੀ ਤੰਦਰੁਸਤੀ ਦੇ ਨਾਲ ਨਿਪਟਾ ਸਕਦੇ ਹੋ।

1. ਸੌਣ ਦਾ ਸਮਾਂ ਨਿਸ਼ਚਿਤ ਕਰੋਂ
ਸਾਨੂੰ ਸੌਣ ਦੇ ਲਈ ਪੱਕਾ ਸਮਾਂ ਨਿਸ਼ਚਿਤ ਕਰਨਾ ਚਾਹੀਦਾ ਹੈ। ਹਰ ਰੋਜ਼ ਸੌਣ ਅਤੇ ਉਠਣ ਦਾ ਇਕ ਹੀ ਸਮਾਂ ਹੋਣਾ ਚਾਹੀਦਾ ਹੈ, ਕਿਉਂਕਿ ਅਜਿਹਾ ਕਰਨ ਨਾਲ ਕੁਝ ਕੁ ਦਿਨਾਂ 'ਚ ਹੀ ਸਰੀਰ ਨੂੰ ਨਿਸ਼ਚਿਤ ਸਮੇਂ 'ਤੇ ਉਠਣ ਅਤੇ ਸੌਣ ਦੀ ਆਦਤ ਪੈ ਜਾਵੇਗੀ।

2. ਜ਼ਿਆਦਾ ਸਮਾਂ ਬਿਸਤਰ 'ਤੇ ਨਾ ਬਿਤਾਓ
ਜਦੋਂ ਅਸੀਂ ਜ਼ਿਆਦਾ ਸਮਾਂ ਬਿਸਤਰ 'ਤੇ ਲੇਟ ਕੇ ਬਿਤਾਉਂਦੇ ਹਾਂ ਇਹ ਸਾਡੀ ਨੀਂਦ ਦੇ ਦਬਾਓ ਨੂੰ ਘੱਟ ਕਰਦਾ ਹੈ। ਇਸ ਨਾਲ ਸਾਨੂੰ ਗੂੜੀ ਨੀਂਦ ਆਉਣ 'ਚ ਪ੍ਰੇਸ਼ਾਨੀ ਆਉਂਦੀ ਹੈ, ਸੋ ਕੋਸ਼ਿਸ਼ ਕਰੋ ਕਿ ਬਿਸਤਰ 'ਤੇ ਨਿਸ਼ਚਿਤ ਸਮੇਂ 'ਤੇ ਹੀ ਸੌਣ ਲਈ ਲੇਟਿਆ ਜਾਵੇ।

3. ਨੀਂਦ ਨਾ ਆਉਣ 'ਤੇ ਬਿਸਤਰ ਤੋਂ ਉੱਠ ਜਾਵੋਂ
ਜਦੋਂ ਕਿਤੇ ਸੌਣ ਵਾਸਤੇ ਤੁਸੀ ਲੇਟੇ ਹੋਵੋ ਤਾਂ ਕਿਸੇ ਪ੍ਰੇਸ਼ਾਨੀ ਕਾਰਨ ਜਾਂ ਕਿਸੇ ਮਾਨਸਿਕ ਤਣਾਓ ਕਾਰਨ ਤੁਹਾਨੂੰ ਨੀਂਦ ਨਹੀਂ ਆ ਰਹੀ ਤਾਂ ਆਪਣੇ ਆਪ ਨੂੰ ਕਿਸੇ ਦੂਜੇ ਕੰਮ 'ਚ ਲਗਾ ਲਓ-ਜਿਵੇਂ ਕਿਤਾਬ ਪੜ੍ਹਨਾ, ਕੋਈ ਚੰਗਾ ਲੇਖ ਪੜ੍ਹਨਾ ਜਾਂ ਕੁਝ ਲਿਖਣਾ। ਇਸ ਦੌਰਾਨ ਜਦੋਂ ਤੁਹਾਨੂੰ ਗੂੜੀ ਨੀਂਦ ਆਉਣ ਲੱਗ ਜਾਵੇ ਤਾਂ ਫਿਰ ਬਿਸਤਰ 'ਤੇ ਲੇਟ ਜਾਵੋ। ਬਿਸਤਰ 'ਤੇ ਨੀਂਦ ਅਤੇ ਸੰਭੋਗ ਤੋਂ ਇਲਾਵਾ ਕੁਝ ਨਾ ਕਰੋ। ਅਸੀਂ ਆਮ ਤੌਰ 'ਤੇ ਬਿਸਤਰ ਦੇ ਉੱਪਰ ਬੈਠ ਕੇ ਟੈਲੀਵੀਜ਼ਨ ਦੇਖਦੇ ਹਾਂ, ਵੀਡੀਓ ਗੇਮ ਖੇਡਦੇ ਹਾਂ ਜਾਂ ਫਿਰ ਖਾਂਦੇ-ਪੀਂਦੇ ਵੀ ਬਿਸਤਰ 'ਤੇ ਹੀ ਹਾਂ। ਕੁਝ ਲੋਕ ਬਿਸਤਰ 'ਤੇ ਬੈਠ ਕੇ ਪੜ੍ਹਨਾ ਵੀ ਪਸੰਦ ਕਰਦੇ ਹਨ। ਸਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ, ਕਿਉਂਕਿ ਅਜਿਹਾ ਕਰਨ ਨਾਲ ਸਾਡੇ ਦਿਮਾਗ ਨੂੰ ਸੌਣ ਵੇਲੇ ਅਤੇ ਬਿਸਤਰ 'ਤੇ ਬੈਠ ਕੇ ਕੰਮ ਕਰਨ ਦੇ ਸਮੇਂ ਫਰਕ ਕਰਨਾ ਮੁਸ਼ਕਲ ਹੋ ਜਾਂਦਾ ਹੈ। ਇਸ ਕਾਰਨ ਸਾਨੂੰ ਚੰਗੀ ਨੀਂਦ ਨਹੀਂ ਆਉਂਦੀ।

4. ਦਿਨ 'ਚ ਨੀਂਦ ਨਾ ਲਵੋਂ
ਦਿਨ 'ਚ ਕੁਝ ਸਮਾਂ ਸੌ ਲੈਣ ਨਾਲ ਰਾਤ ਦੀ ਨੀਂਦ 'ਤੇ ਫਰਕ ਪੈਂਦਾ ਹੈ। 20 ਮਿੰਟ ਤੋਂ ਉੱਪਰ ਲਈ ਗਈ ਦਿਨ ਦੀ ਨੀਂਦ ਨਾਲ ਰਾਤ ਨੂੰ ਗੂੜੀ ਨੀਂਦ ਜਾਂ ਟਾਇਮ ਨਾਲ ਨੀਂਦ ਨਹੀਂ ਆਉਂਦੀ।

5. ਸਰੀਰਕ ਕਸਰਤ ਜਰੂਰ ਕਰੋਂ
ਕੁਝ ਲੋਕਾਂ ਦਾ ਰੋਜ਼ਾਨਾ ਦਾ ਕੰਮ-ਕਾਰ ਬਹੁਤ ਸਰੀਰਕ ਮਿਹਨਤ ਵਾਲਾ ਹੁੰਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਰਾਤ ਵੇਲੇ ਚੰਗੀ ਨੀਂਦ ਆਉਂਦੀ ਹੈ। ਜੇਕਰ ਸਾਡਾ ਕੰਮ ਦਫਤਰ 'ਚ ਬੈਠਣ ਜਾਂ ਵਧੇਰੇ ਸਖਤ ਸਰੀਰਕ ਮਿਹਨਤ ਵਾਲਾ ਨਹੀਂ ਤਾਂ ਸਾਨੂੰ ਸਰੀਰਕ ਮਿਹਨਤ ਕਰਨੀ ਚਾਹੀਦੀ ਹੈ, ਇਸ ਨਾਲ ਚੰਗੀ ਨੀਂਦ ਆਉਂਦੀ ਹੈ।

6. ਆਪਣੀਆ ਚਿੰਤਾਵਾਂ ਆਪਣੇ ਬਿਸਤਰ ਤੋਂ ਦੂਰ ਰੱਖੋਂ
ਸਾਨੂੰ ਇਹ ਸੋਚ ਅਪਣਾਉਣੀ ਚਾਹੀਦੀ ਹੈ ਕਿ ਅਸੀ ਆਪਣੇ ਬਿਸਤਰ 'ਤੇ ਸਿਰਫ ਸਰੀਰ ਨੂੰ ਆਰਾਮ ਦੇਣ ਲਈ ਗੂੜੀ ਨੀਂਦ ਲਈਏ। ਸੌਣ ਤੋਂ ਪਹਿਲਾ ਤੁਸੀਂ ਆਪਣੀਆਂ ਚਿੰਤਾਵਾਂ, ਪ੍ਰੇਸ਼ਾਨੀਆਂ ਦੇ ਹਲ ਬਾਰੇ ਸੋਚ ਕੇ, ਰੱਬ ਦਾ ਨਾਂ ਲੈ ਕੇ ਬਿਸਤਰ 'ਤੇ ਜਾਓ।

7. ਤੁਹਾਡਾ ਬਿਸਤਰ ਅਰਾਮਦਾਇਕ ਹੋਣਾ ਚਾਹੀਦਾ ਹੈ
ਅਸੀ ਆਪਣੇ ਐਸ਼ੋ-ਅਰਾਮ ਅਤੇ ਵਧੀਆ ਜੀਵਨਸ਼ੈਲੀ ਨੂੰ ਅਪਣਾਉਣ ਵਾਸਤੇ ਬਹੁਤ ਸਾਰਾ ਖਰਚਾ ਕਰਦੇ ਹਾਂ। ਇਸੇ ਲਈ ਸਾਨੂੰ ਚਾਹੀਦਾ ਹੈ ਕਿ ਸਾਡਾ ਸੌਣ ਵਾਲਾ ਕਮਰਾ ਵੀ ਅਰਾਮਦਾਇਕ ਹੋਵੇ।

8. ਸੌਣ ਤੋਂ ਪਹਿਲਾ ਤਰਲ ਪਦਾਰਥ ਦਾ ਸੇਵਨ ਘੱਟ ਕਰੋਂ
ਰਾਤ ਨੂੰ ਸੌਣ ਤੋਂ ਪਹਿਲਾ ਸਾਨੂੰ ਤਰਲ ਪਦਾਰਥਾਂ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ। ਜਿਵੇਂ ਰਾਤ ਨੂੰ ਪਿਆਸ ਲੱਗਣ 'ਤੇ ਇਕ ਕੱਪ ਪਾਣੀ ਪੀਓ। ਸੌਣ ਤੋਂ ਪਹਿਲਾਂ ਤੁਸੀਂ ਜੇਕਰ ਜੂਸ ਜਾਂ ਕਿਸੇ ਹੋਰ ਤਰਲ ਪਦਾਰਥ ਦਾ ਸੇਵਨ ਕੀਤਾ ਹੈ ਤਾਂ ਕੋਸ਼ਿਸ਼ ਕਰੋ ਕਿ ਕੁਝ ਦੇਰ ਸੈਰ ਕਰੋਂ ਅਤੇ ਪਿਸ਼ਾਬ ਕਰਕੇ ਸੋਵੋ।

9. ਸੌਣ ਵੇਲੇ ਚਾਹ, ਕੌਫੀ, ਸ਼ਰਾਬ, ਤਬਾਕੂ ਦਾ ਸੇਵਨ ਨਾ ਕਰੋਂ
ਸਾਨੂੰ ਸੌਣ ਵੇਲੇ ਕਿਸੇ ਵੀ ਅਜਿਹੇ ਪਦਾਰਥ ਦਾ ਸੇਵਨ ਨਹੀਂ ਕਰਨਾ ਚਾਹੀਦਾ, ਜਿਸ 'ਚ ਕੈਫੀਨ, ਅਲਕੋਹਲ, ਨਿਕੋਟੀਨ ਪਾਇਆ ਜਾਵੇ। ਅਜਿਹੇ ਪਦਾਰਥ ਦਾ ਸੇਵਨ ਕਰਨ ਨਾਲ ਸਾਡੀ ਨੀਂਦ ਖਰਾਬ ਹੁੰਦੀ ਹੈ। ਪੇਟ ਅਤੇ ਛਾਤੀ 'ਚ ਜਲਣ ਪੈਦਾ ਹੁੰਦੀ ਹੈ, ਜਿਸ ਨਾਲ ਚੰਗੀ ਅਤੇ ਗੂੜੀ ਨੀਂਦ ਨਹੀਂ ਆਉਂਦੀ।


rajwinder kaur

Content Editor

Related News